ਜਲੰਧਰ, (ਬੁਲੰਦ)— ਪੰਜਾਬ ਜੋ ਕਦੀ ਸੂਰਮਿਆਂ ਦੀ ਧਰਤੀ ਕਹਾਉਂਦਾ ਸੀ ਤੇ ਘਰ-ਘਰ ਦੁੱਧ, ਦਹੀਂ, ਲੱਸੀ ਦੀਆਂ ਨਦੀਆਂ ਵਗਦੀਆਂ ਸਨ । ਫੌਜ 'ਚ ਸਭ ਤੋਂ ਵੱਧ ਹਿੱਸਾ ਪੰਜਾਬੀਆਂ ਦਾ ਰਹਿੰਦਾ ਸੀ। ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਪੁਲਸ ਦੇ ਲੱਖ ਯਤਨਾਂ ਦੇ ਬਾਵਜੂਦ ਸੂਬੇ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਪੈਰ ਪਸਾਰਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਸੂਬੇ 'ਚ ਲਗਾਤਾਰ ਵੱਧਦੀ ਹੋਈ ਬੇਰੋਜ਼ਗਾਰੀ ਤੇ ਨੌਜਵਾਨਾਂ 'ਚ ਘੱਟ ਹੁੰਦਾ ਸਿੱਖਿਆ ਪ੍ਰੇਮ ਉਨ੍ਹਾਂ ਨੂੰ ਅਜਿਹੇ ਅਪਰਾਧਿਕ ਕੰਮਾਂ ਵਲ ਤੋਰ ਰਿਹਾ ਹੈ। ਜੇਕਰ ਗੱਲ ਜ਼ਿਲ੍ਹਾ ਜਲੰਧਰ ਦੀ ਕਰੀਏ ਤਾਂ ਹਜ਼ਾਰਾਂ ਨੌਜਵਾਨ ਨਸ਼ੇ ਦੇ ਕਾਰੋਬਾਰ ਤੋਂ ਇਲਾਵਾ ਅਪਰਾਧ ਦੀ ਦਲਦਲ 'ਚ ਫਸਦੇ ਜਾ ਰਹੇ ਹਨ। ਜਿਸ ਕਾਰਨ ਨੌਜਵਾਨ ਬੱਚਿਆਂ ਦੀਆਂ ਮੌਤਾਂ ਕਾਰਨ ਬਰਬਾਦ ਹੋ ਰਹੇ ਸੂਬੇ ਦੇ ਲੱਖਾਂ ਪਰਿਵਾਰਾਂ 'ਚ ਚਿੰਤਾ ਪਾਈ ਜਾ ਰਹੀ ਹੈ।
ਮਾਮਲੇ ਬਾਰੇ ਜੇਕਰ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਸੈਂਕੜੇ ਕੇਸ ਅਜਿਹੇ ਅਪਰਾਧਾਂ ਦੇ ਦਰਜ ਕੀਤੇ ਗਏ ਹਨ ਜਿਨ੍ਹਾਂ 'ਚ ਘੱਟ ਉਮਰ ਦੇ ਨੌਜਵਾਨ ਸ਼ਾਮਲ ਸਨ। ਨੌਜਵਾਨਾਂ 'ਚ ਵੱਧਦੇ ਅਪਰਾਧ ਦੀ ਚਿੰਤਾ ਸਮਾਜ ਦੇ ਪੜ੍ਹੇ-ਲਿਖੇ ਵਰਗ ਨੂੰ ਜ਼ਿਆਦਾ ਹੈ ਪਰ ਸਿਰਫ ਪੁਲਸ ਕੇਸ ਦਰਜ ਕਰਵਾ ਕੇ ਮਾਮਲਾ ਅੱਗੇ ਵਧਾਉਣ 'ਚ ਤੇ ਸਰਕਾਰਾਂ ਸਿਰਫ ਇਕ ਦੂਜੀ ਪਾਰਟੀ 'ਤੇ ਦੂਸ਼ਣਬਾਜੀ ਕਰਨ ਤੱਕ ਹੀ ਸੀਮਿਤ ਹਨ।
ਕੈਪਟਨ ਸਰਕਾਰ ਕਿਉਂ ਸੌਂ ਰਹੀ ਕੁੰਭਕਰਨੀ ਨੀਂਦ- ਕਿਸ਼ਨ ਲਾਲ ਸ਼ਰਮਾ
ਮਾਮਲੇ ਬਾਰੇ ਨੌਜਵਾਨ ਆਗੂ ਕਿਸ਼ਨ ਲਾਲ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੇ ਮੁਖੀਆ ਕੈ. ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਇਕ ਮਹੀਨੇ 'ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਹੀ ਸੀ ਪਰ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਸੈਂਕੜੇ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮਾਰੇ ਗਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਾ ਜਲੰਧਰ ਤੋਂ ਸ਼ੁਰੂ ਹੋਇਆ ਤੇ ਇਸ 'ਚ ਇਕ ਨੇਤਾ ਸ਼ਾਮਿਲ ਸੀ। ਜਿਸਦੇ ਆਕਾ ਤੇ ਪੀ. ਏ. ਨੇ ਵੀ ਕਰੋੜਾਂ ਰੁਪਏ ਬਣਾਏ ਇਸ ਨਸ਼ੇ ਦੇ ਕਾਰੋਬਾਰ ਤੋਂ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਈ ਵਿਧਾਇਕ, ਕੌਂਸਲਰ, ਸਰਪੰਚ ਖੁਦ ਇਸ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਹਨ ਪਰ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਅੱਖਾਂ ਮੀਟ ਕੇ ਨੌਜਵਾਨਾਂ ਦੀ ਮੌਤ ਦਾ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ 'ਚ ਇਕ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜੋ ਪੰਜਾਬ ਸਰਕਾਰ ਦੀ ਨਾਲਾਇਕੀ ਨੂੰ ਸਭ ਦੇ ਸਾਹਮਣੇ ਲਿਆਵੇਗਾ। ਉਨ੍ਹਾਂ ਕਿਹਾ ਕਿ ਇਸ ਅੰਦੋਲਨ 'ਚ ਸਮਾਜਿਕ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਇਸ 'ਚ ਉਨ੍ਹਾਂ ਸਾਰੇ ਆਗੂਆਂ ਦੀ ਪੋਲ ਖੋਲ੍ਹੀ ਜਾਵੇਗੀ ਜੋ ਆਪਣੀਆਂ ਗੱਡੀਆਂ 'ਚ ਨਸ਼ਾ ਸਮੱਗਲਰਾਂ ਨੂੰ ਲੈ ਕੇ ਘੁੰਮਦੇ ਹਨ ਤੇ ਨਸ਼ੇ ਦੇ ਕਾਰੋਬਾਰ ਨਾਲ ਆਪਣਾ ਘਰ ਭਰਦੇ ਹਨ।
ਕਿਸ਼ਨ ਲਾਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਕੋਲ ਅਪੀਲ ਕਰਨਗੇ ਕਿ ਕੇਂਦਰੀ ਏਜੰਸੀਆਂ ਦੀਆਂ ਡਿਊਟੀਆਂ ਲਾ ਕੇ ਪੰਾਬ ਵਿਚ ਅਜਿਹੇ ਆਗੂਆਂ ਦੇ ਘਰਾਂ, ਦਫਤਰਾਂ ਤੇ ਬੈਂਕ ਬੈਲੈਂਸਾਂ ਦੀ ਜਾਂਚ ਕਰਵਾਈ ਜਾਵੇ ਜੋ ਪਿਛਲੇ ਕੁਝ ਸਮੇਂ ਵਿਚ ਅਰਬਾਂ ਰੁਪਏ ਦੇ ਮਾਲਕ ਬਣੇ ਹਨ। ਉਨ੍ਹਾਂ ਕਿਹਾ ਕਿ ਲੋਕ ਇਕਜੁੱਟ ਹੋ ਕੇ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਸਮੱਗਲਰਾਂ ਦਾ ਸਾਥ ਦੇਣ ਵਾਲਿਆਂ ਖਿਲਾਫ ਸੰਘਰਸ਼ ਸ਼ੁਰੂ ਕਰਨ।
ਨਸ਼ਾ ਸਮੱਗਲਰਾਂ ਖਿਲਾਫ ਪੁਲਸ ਨੂੰ ਸਖਤ ਐਕਸ਼ਨ ਲੈਣ ਦੀ ਲੋੜ -ਐਡ. ਸਚਦੇਵਾ
ਮਾਮਲੇ ਬਾਰੇ ਸੀ. ਐਡਵੋਕੇਟ ਮਨਦੀਪ ਸਿੰਘ ਸਚਦੇਵਾ ਦਾ ਕਹਿਣਾ ਹੈ ਕਿ ਪੰਜਾਬ 'ਚ ਲਗਾਤਾਰ ਨਸ਼ੇ ਦੇ ਧੰਦੇ 'ਚ ਨੌਜਵਾਨਾਂ ਦਾ ਸ਼ਾਮਲ ਹੋਣਾ ਅਸਲ 'ਚ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਅਪਰਾਧੀਆਂ 'ਚ ਪੁਲਸ ਤੇ ਕਾਨੂੰਨ ਦਾ ਡਰ ਖਤਮ ਹੋ ਗਿਆ ਹੈ। ਅਕਸਰ ਅਜਿਹਾ ਦੇਖਣ 'ਚ ਆਉਂਦਾ ਹੈ ਕਿ ਅਪਰਾਧੀਆਂ ਦੀ ਪੁਲਸ ਨਾਲ ਗੰਢਤੁੱਪ ਰਹਿੰਦੀ ਹੈ, ਜਿਸ ਨਾਲ ਉਹ ਨਸ਼ੇ ਤੇ ਹੋਰ ਅਪਰਾਧਾਂ ਦੇ ਕੰਮ ਨੂੰ ਖੁੱਲ੍ਹ ਕੇ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸੀ. ਪੁਲਸ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਹੇਠਲੇ ਪੱਧਰ 'ਤੇ ਸਖਤੀ ਨਾਲ ਕੰਮ ਲੈਣ ਤੇ ਜੇਕਰ ਕਿਸੇ ਪੁਲਸ ਅਧਿਕਾਰੀ ਦੀ ਅਪਰਾਧੀਆਂ ਨਾਲ ਮਿਲੀਭੁਗਤ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਤਾਂ ਹੀ ਪੰਜਾਬ 'ਚ ਅਪਰਾਧੀਆਂ ਤੇ ਕਰੱਪਟ ਪੁਲਸ ਅਧਿਕਾਰੀਆਂ ਦਾ ਨੈਕਸੇੱਸ ਟੁੱਟ ਸਕਦਾ ਹੈ ਅਤੇ ਪੰਜਾਬ ਨਸ਼ਿਆਂ ਤੋਂ ਮੁਕਤ ਹੋ ਸਕਦਾ ਹੈ।
ਜ਼ਿਆਦਾ ਸ਼ਰਾਬ ਪਿਲਾਉਣ ਨਾਲ ਵਿਅਕਤੀ ਦੀ ਹੋਈ ਮੌਤ, 2 ਖਿਲਾਫ ਮਾਮਲਾ ਦਰਜ
NEXT STORY