ਪੱਟੀ, (ਪਾਠਕ)- ਬੀਤੀ ਰਾਤ ਪੁਲ ਤਾਰਾਂ ਵਾਲਾ ਅੰਮ੍ਰਿਤਸਰ ਵਿਖੇ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਨੂੰ ਬਲੈਕਮੇਲ ਕਰਨ, ਡਿਊਟੀ ਵਿਚ ਵਿਘਨ ਪਾਉਣ, ਕੁੱਟਮਾਰ ਕਰਨ ਤੇ ਬੇਇਜ਼ਤੀ ਕਰਨ 'ਤੇ ਤਿੰਨ ਅਖੌਤੀ ਪੱਤਰਕਾਰਾਂ 'ਤੇ ਪੁਲਸ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਐੱਫ. ਆਈ. ਆਰ. ਨੰਬਰ 168 ਦਫਾ 384/353/184/34 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ ਜਦਕਿ ਪੁਲਸ ਨੇ ਇਕ ਨੂੰ ਮੌਕੇ 'ਤੇ ਕਾਬੂ ਕਰ ਲਿਆ ਤੇ ਦੋ ਪੁਲਸ ਪਾਰਟੀ ਨੂੰ ਆਉਂਦੇ ਦੇਖ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਏ।
ਇਸ ਸਬੰਧੀ ਪੁਲਸ ਥਾਣਾ ਸੁਲਤਾਨਵਿੰਡ ਦੇ ਮੁਖੀ ਨੀਰਜ ਕੁਮਾਰ ਨੇ ਦੱਸਿਆ ਕਿ ਤਾਰਾਂ ਵਾਲਾ ਪੁਲ 'ਤੇ ਅੰਮ੍ਰਿਤਸਰ ਟ੍ਰੈਫਿਕ ਸਰਕਲ 1 ਦੇ ਮੁਲਾਜ਼ਮ ਮੇਵਾ ਸਿੰਘ ਨੰ. 3017 ਨੇ ਫੋਨ 'ਤੇ ਸੂਚਨਾ ਦਿੱਤੀ ਕਿ ਤਿੰਨ ਅਖੌਤੀ ਪੱਤਰਕਾਰ ਉਸ ਦੇ ਗਲ ਪੈ ਰਹੇ ਹਨ। ਸੂਚਨਾ ਮਿਲਣ 'ਤੇ ਪੁਲਸ ਪਾਰਟੀ ਮੌਕੇ 'ਤੇ ਪੁੱਜੀ, ਜਿਸ ਨੂੰ ਦੇਖ ਕੇ ਦੋ ਆਦਮੀ ਮੌਕੇ ਤੋਂ ਭੱਜ ਗਏ। ਆਪਣੇ ਬਿਆਨ ਵਿਚ ਮੇਵਾ ਸਿੰਘ ਨੇ ਦੱਸਿਆ ਕਿ ਮੇਰੀ ਡਿਊਟੀ ਤਾਰਾਂ ਵਾਲਾ ਪੁਲ 'ਤੇ ਲੱਗੀ ਸੀ ਕਿਉਂਕਿ ਤਰਨਤਾਰਨ ਫਾਟਕ 'ਤੇ ਪੁਲ ਬਣਨ ਕਰ ਕੇ ਇਕ ਪਾਸੇ ਦੀ ਸੜਕ ਧਸ ਗਈ ਹੈ। ਇਸ ਕਰ ਕੇ ਮੈਂ ਟ੍ਰੈਫਿਕ ਜੰਡਿਆਲਾ ਬਾਈਪਾਸ ਰਾਹੀਂ ਭੇਜ ਰਿਹਾ ਸੀ।
ਇਸ ਦੌਰਾਨ ਇਕ ਆਦਮੀ ਮੇਰੇ ਕੋਲ ਆਇਆ ਜਿਸ ਨੇ ਸ਼ਰਾਬ ਪੀਤੀ ਸੀ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਪੱਤਰਕਾਰ ਹਾਂ ਤੇ ਮੈਨੂੰ ਸ਼ਰਾਬ ਦੀ ਬੋਤਲ ਲੈ ਕੇ ਦੇ, ਜਦ ਮੈਂ ਮਨ੍ਹਾ ਕੀਤਾ ਤਾਂ ਉਸ ਨੇ ਦੋ ਹੋਰ ਬੰਦਿਆਂ ਨੂੰ ਸੱਦ ਲਿਆ। ਇਹ ਲੋਕ ਮੇਰੀ ਵੀਡੀਓ ਬਣਾਉਣ ਦਾ ਨਾਟਕ ਕਰਨ ਲੱਗੇ। ਮੇਰੇ ਗਲ ਪੈ ਗਏ ਤੇ ਮੇਰੀ ਬੇਇਜ਼ਤੀ ਕਰਨ ਲੱਗੇ। ਪੁਲਸ ਪਾਰਟੀ ਨੂੰ ਆਉਂਦੇ ਦੇਖ ਦੋ ਅਖੌਤੀ ਪੱਤਰਕਾਰ ਮੌਕੇ ਤੋਂ ਭੱਜ ਗਏ ਤੇ ਇਕ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਲਿਆ, ਜਿਸ ਦੀ ਪਛਾਣ ਨਵਦੀਪ ਸਿੰਘ ਪੁੱਤਰ ਮੇਜਰ ਸਿੰਘ ਨਿਵਾਸੀ ਵਾਰਡ ਨੰ. 10 ਨਜ਼ਦੀਕ ਕੁਤਲੂਈ ਮੰਦਰ ਹਾਲ ਨਿਵਾਸੀ ਫਲੈਟ ਨੰ. 3 ਐੱਮ. ਆਈ. ਜੀ. ਫਲੈਟਸ ਨਿਊ ਅੰਮ੍ਰਿਤਸਰ ਵਜੋਂ ਹੋਈ। ਭੱਜਣ ਵਾਲਿਆਂ ਵਿਚ ਇਕ ਹਰਪ੍ਰੀਤ ਸਿੰਘ ਵਾਸੀ ਨਿਊ ਅੰਮ੍ਰਿਤਸਰ ਤੇ ਇਕ ਅਣਪਛਾਤੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਆਜ਼ਾਦੀ ਦਿਹਾੜੇ ਸੰਬੰਧੀ ਭੁਲੱਥ ਪੁਲਸ ਨੇ ਚਲਾਈ ਸਰਚ ਮੁਹਿੰਮ
NEXT STORY