ਫ਼ਰੀਦਕੋਟ, (ਰਾਜਨ)- ਪਿੰਡ ਮੱਲੇਵਾਲਾ ਵਿਚ ਇਕ ਟਾਵਰ ਤੋਂ ਬੈਟਰੀ ਚੋਰੀ ਕਰਨ ਦੇ ਦੋਸ਼ 'ਚ ਅਤੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਤਿੰਨ ਮੁਲਜ਼ਮਾਂ ਨੂੰ ਸਹਾਇਕ ਥਾਣੇਦਾਰ ਹਰਦੇਵ ਸਿੰਘ ਥਾਣਾ ਸਦਰ ਫਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਕਾਬੂ ਕਰ ਲਿਆ ਗਿਆ, ਜਦਕਿ ਉਨ੍ਹਾਂ ਦਾ ਚੌਥਾ ਸਾਥੀ ਕਬਾੜੀਆ ਫਰਾਰ ਹੈ।
ਜ਼ਿਕਰਯੋਗ ਹੈ ਕਿ ਬੀਤੀ 7 ਫ਼ਰਵਰੀ ਨੂੰ ਸੁਰਿੰਦਰ ਸਿੰਘ ਵਾਸੀ ਪਿੰਡ ਕਲੇਰ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਇਸ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਹ ਇਕ ਕੰਪਨੀ 'ਚ ਬਤੌਰ ਸੁਪਵਾਈਜ਼ਰ ਹੈ ਅਤੇ ਉਸ ਦੀ ਡਿਊਟੀ ਫਰੀਦਕੋਟ ਜ਼ਿਲੇ 'ਚ ਪੈਂਦੇ ਟਾਵਰਾਂ ਦੀ ਚੈਕਿੰਗ ਦੀ ਹੈ। ਉਹ ਚੈਕਿੰਗ ਲਈ ਮੱਲੇਵਾਲਾ ਵਿਚ ਪੁੱਜਾ ਤਾਂ ਟਾਵਰ 'ਤੇ ਤੇਲ ਪਾਉਣ ਦਾ ਕੰਮ ਕਰਦੇ ਨਿਰਮਲ ਸਿੰਘ ਅਤੇ ਸੁੱਚਾ ਸਿੰਘ ਵਾਸੀ ਮੱਲਾ ਬੈਟਰੀ ਚੋਰੀ ਕਰ ਕੇ ਇਕ ਵਾਹਨ ਵਿਚ ਰੱਖ ਲਿਜਾ ਰਹੇ ਸਨ। ਸਹਾਇਕ ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਕਥਿਤ ਦੋਸ਼ੀ, ਜੋ ਟਾਵਰਾਂ ਵਿਚ ਤੇਲ ਪਾਉਣ ਦਾ ਕੰਮ ਕਰਦੇ ਹਨ, ਭੇਤੀ ਸਨ ਅਤੇ ਇਹ ਟਾਵਰਾਂ ਦੀਆਂ ਬੈਟਰੀਆਂ ਚੋਰੀ ਕਰ ਕੇ ਕਬਾੜੀਆਂ ਨੂੰ ਵੇਚ ਦਿੰਦੇ ਸਨ। ਪੁੱਛਗਿੱਛ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਬੈਟਰੀਆਂ ਚੋਰੀ ਕਰ ਕੇ ਉਹ ਕੋਟਕਪੂਰਾ 'ਚ ਅਸ਼ੋਕ ਕੁਮਾਰ ਅਤੇ ਸੁਰਿੰਦਰ ਪਾਲ ਬੰਟੀ, ਜੋ ਕਬਾੜ ਦਾ ਕੰਮ ਕਰਦੇ ਹਨ, ਨੂੰ ਵੇਚਦੇ ਆ ਰਹੇ ਹਨ।
ਪੁਲਸ ਪਾਰਟੀ ਵੱਲੋਂ ਦੱਸੀ ਗਈ ਜਗ੍ਹਾ 'ਤੇ ਰੇਡ ਮਾਰੀ ਗਈ ਤਾਂ ਤੀਜਾ ਮੁਲਜ਼ਮ ਅਸ਼ੋਕ ਕੁਮਾਰ ਵਾਸੀ ਕੋਟਕਪੂਰਾ ਕੋਲੋਂ 7 ਬੈਟਰੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਬਰਾਮਦ ਬੈਟਰੀਆਂ ਸਮੇਤ 18 ਬੈਟਰੀਆਂ ਅਤੇ ਨਕਦੀ ਬਰਾਮਦ ਕੀਤੀ ਗਈ ਹੈ।
ਚੋਰੀ ਦਾ ਸਾਮਾਨ ਖਰੀਦਣ ਵਾਲਾ ਚੌਥਾ ਮੁਲਜ਼ਮ ਸੁਰਿੰਦਰਪਾਲ ਬੰਟੀ ਬਾਜਾਖਾਨਾ ਰੋਡ ਕੋਟਕਪੂਰਾ ਫਰਾਰ ਹੋ ਗਿਆ। ਮੁਲਜ਼ਮਾਂ ਨੂੰ ਮਾਣਯੋਗ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪਲਵਿੰਦਰਜੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ।
ਆਲ ਇੰਡੀਆ ਐੱਫ.ਸੀ.ਆਈ. ਵਰਕਰਜ਼ ਯੂਨੀਅਨ ਵੱਲੋਂ ਨਾਅਰੇਬਾਜ਼ੀ
NEXT STORY