ਰੂਪਨਗਰ (ਵਿਜੇ ਸ਼ਰਮਾ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਅਦਿੱਤਿਆ ਡੇਚਲਵਾਲ ਵੱਲੋਂ ਆਗਾਮੀ ਤਿਉਹਾਰਾਂ ਦੀਆਂ ਖ਼ੁਸ਼ੀਆਂ ਨੂੰ ਸੁਰੱਖਿਅਤ ਅਤੇ ਵਾਤਾਵਰਣ-ਅਨੁਕੂਲ ਢੰਗ ਨਾਲ ਮਨਾਉਣ, ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹਵਾ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪਟਾਕਿਆਂ ਦੀ ਵਿਕਰੀ, ਖ਼ਰੀਦ, ਭੰਡਾਰਨ ਅਤੇ ਵਰਤੋਂ ਸਬੰਧੀ ਵਿਸਥਾਰਪੂਰਵਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਦੀਵਾਲੀ, ਨਵਾਂਸ਼ਹਿਰ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਸਮਾਂ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ 'ਚ CM ਮਾਨ ਨੇ ਪੇਸ਼ ਕੀਤੇ ਅੰਕੜੇ, ਕਿਹਾ ਅਸੀਂ ਪੰਜਾਬ ਨੂੰ 'ਡਾਰਕ ਜ਼ੋਨ' 'ਚੋਂ ਬਾਹਰ ਕੱਢਿਆ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਣਯੋਗ ਅਦਾਲਤਾਂ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਤਿਉਹਾਰਾਂ ਮੌਕੇ ਆਮ ਲੋਕਾਂ ਵੱਲੋਂ ਸਿਰਫ਼ ਗ੍ਰੀਨ ਪਟਾਕਿਆਂ ਦੀ ਹੀ ਵਰਤੋਂ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਬੰਬਾਂ, ਹਵਾਈ ਪਟਾਕਿਆਂ ਅਤੇ ਚਾਈਨੀਜ਼ ਪਟਾਕਿਆਂ ਵਰਗੀਆਂ ਆਤਿਸ਼ਬਾਜ਼ੀਆਂ ਦੀ ਵਰਤੋਂ ਨਾਲ ਬਹੁਤ ਜ਼ਿਆਦਾ ਸ਼ੋਰ ਪੈਦਾ ਹੁੰਦਾ ਹੈ ਅਤੇ ਵੱਡੇ ਧਮਾਕਿਆਂ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਸ ਤੋਂ ਇਲਾਵਾ ਇਨ੍ਹਾਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਆਮ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ। ਖ਼ਤਰਨਾਕ ਪਟਾਕਿਆਂ ਵਿਚ ਵਰਤੇ ਜਾਣ ਵਾਲੇ ਰਸਾਇਣਕ ਪਦਾਰਥ ਮਨੁੱਖਾਂ ਅਤੇ ਜੀਵ-ਜੰਤੂਆਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ ਗੈਰ-ਕਾਨੂੰਨੀ ਧਮਾਕਾਖੇਜ਼ ਸਮੱਗਰੀ ਦੀ ਤਿਆਰੀ, ਭੰਡਾਰਨ, ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਸਰਕਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਅਦਿੱਤਿਆ ਡੇਚਲਵਾਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਲੜੀਵਾਰ ਪਟਾਕਿਆਂ, ਜਿਨ੍ਹਾਂ ਨੂੰ ਸੀਰੀਜ਼ ਪਟਾਕੇ ਜਾਂ ਲੜੀਆਂ ਵੀ ਕਿਹਾ ਜਾਂਦਾ ਹੈ, ਦੀ ਤਿਆਰੀ, ਭੰਡਾਰਨ, ਵੰਡ, ਵਿਕਰੀ ਅਤੇ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਮਨਜ਼ੂਰਸ਼ੁਦਾ ਗ੍ਰੀਨ ਪਟਾਕਿਆਂ ਤੋਂ ਇਲਾਵਾ ਖਤਰਨਾਕ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਟਾਕਿਆਂ ਦੀ ਵਿਕਰੀ, ਖ਼ਰੀਦ, ਭੰਡਾਰਨ ਅਤੇ ਵਰਤੋਂ ’ਤੇ ਵੀ ਪਾਬੰਦੀ ਲਾਗੂ ਹੋਵੇਗੀ।
ਇਹ ਵੀ ਪੜ੍ਹੋ: ਵਾਲਮੀਕਿ ਜਯੰਤੀ ਮੌਕੇ ਜਲੰਧਰ 'ਚ ਰੂਟ ਡਾਇਵਰਸ਼ਨ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ
ਉਨ੍ਹਾਂ ਦੱਸਿਆ ਕਿ ਸਿਰਫ਼ ਅਜਿਹੇ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਆਗਿਆ ਹੋਵੇਗੀ, ਜਿਨ੍ਹਾਂ ਵਿਚ ਬੇਰੀਅਮ ਲੂਣ ਜਾਂ ਐਂਟੀਮਨੀ, ਲਿਥੀਅਮ, ਪਾਰਾ, ਆਰਸੈਨਿਕ, ਸੀਸਾ ਜਾਂ ਸਟ੍ਰੋਂਸ਼ੀਅਮ ਕ੍ਰੋਮੇਟ ਦੇ ਮਿਸ਼ਰਣਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ। ਮਨਜ਼ੂਰਸ਼ੁਦਾ ਪਟਾਕਿਆਂ ਦੀ ਵਿਕਰੀ ਕੇਵਲ ਲਾਇਸੈਂਸਧਾਰਕ ਵਿਕਰੇਤਾਵਾਂ ਰਾਹੀਂ ਹੀ ਕੀਤੀ ਜਾ ਸਕੇਗੀ। ਕਿਸੇ ਵੀ ਲਾਇਸੈਂਸਧਾਰਕ ਨੂੰ ਨਿਰਧਾਰਤ ਧੁਨੀ ਪੱਧਰ ਦੀ ਉਲੰਘਣਾ ਕਰਨ ਵਾਲੇ ਪਟਾਕਿਆਂ ਦਾ ਭੰਡਾਰਨ ਕਰਨ, ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਜਾਂ ਵੇਚਣ ਦੀ ਆਗਿਆ ਨਹੀਂ ਹੋਵੇਗੀ।
ਦੀਵਾਲੀ ਮੌਕੇ ਰਾਤ 8 ਤੋਂ ਰਾਤ 10 ਵਜੇ ਤੱਕ ਹੀ ਚੱਲ ਸਕਣਗੇ ਸਿਰਫ਼ ਗ੍ਰੀਨ ਪਟਾਕੇ
ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਦੀਵਾਲੀ ਮੌਕੇ 8 ਨਵੰਬਰ 2026 ਨੂੰ ਰਾਤ 8 ਤੋਂ ਰਾਤ 10 ਵਜੇ ਤੱਕ, ਗੁਰਪੁਰਬ ਮੌਕੇ 24 ਨਵੰਬਰ 2026 ਨੂੰ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਹੀ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ ਕ੍ਰਿਸਮਿਸ ਮੌਕੇ 25-26 ਦਸੰਬਰ 2026 ਨੂੰ ਰਾਤ 11:55 ਵਜੇ ਤੋਂ ਅੱਧੀ ਰਾਤ ਤੋਂ ਬਾਅਦ 12:30 ਵਜੇ ਤੱਕ ਅਤੇ ਨਵੇਂ ਸਾਲ ਮੌਕੇ 31 ਦਸੰਬਰ 2026 ਤੋਂ 1 ਜਨਵਰੀ 2027 ਦੀ ਦਰਮਿਆਨੀ ਰਾਤ ਨੂੰ ਰਾਤ 11:55 ਵਜੇ ਤੋਂ ਅਗਲੇ ਦਿਨ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਇਨ੍ਹਾਂ ਨਿਰਧਾਰਤ ਸਮਿਆਂ ਤੋਂ ਇਲਾਵਾ ਪਟਾਕੇ ਚਲਾਉਣ ਦੀ ਆਗਿਆ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਖ਼ਰੀਦ ਲਈ ਨਿਰਧਾਰਤ ਥਾਵਾਂ ਸਬੰਧੀ ਹੁਕਮਾਂ ਵਿਚ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਲਈ ਸਥਾਨ ਨਿਰਧਾਰਤ ਕੀਤੇ ਗਏ ਹਨ। ਰੂਪਨਗਰ ਵਿਚ ਨਹਿਰੂ ਸਟੇਡੀਅਮ ਅਤੇ ਰਾਮ ਲੀਲਾ ਗਰਾਊਂਡ, ਲਹਿਰੀ ਸ਼ਾਹ ਮੰਦਰ ਦੇ ਨੇੜੇ, ਗ੍ਰੀਨ ਪਟਾਕਿਆਂ ਦੀ ਵਿੱਕਰੀ ਅਤੇ ਖ਼ਰੀਦ ਲਈ ਨਿਰਧਾਰਤ ਕੀਤੇ ਗਏ ਹਨ।
ਇਹ ਵੀ ਪੜ੍ਹੋ: ਸ਼ਨੀਵਾਰ ਨੂੰ ਅੱਧੇ ਦਿਨ ਦੀ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ ਤੇ ਦਫ਼ਤਰ
ਸ੍ਰੀ ਚਮਕੌਰ ਸਾਹਿਬ ਵਿਖੇ ਮੋਰਿੰਡਾ-ਬੇਲਾ ਰੋਡ ’ਤੇ ਸਥਿਤ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਖੇਡ ਸਟੇਡੀਅਮ ਅਤੇ ਸਿਟੀ ਸੈਂਟਰ ਸ੍ਰੀ ਚਮਕੌਰ ਸਾਹਿਬ ਨੂੰ ਨਿਰਧਾਰਤ ਸਥਾਨਾਂ ਵਿਚ ਸ਼ਾਮਲ ਕੀਤਾ ਗਿਆ ਹੈ। ਮੋਰਿੰਡਾ ਵਿਚ ਬੱਸ ਸਟੈਂਡ ਦੇ ਨੇੜੇ ਰਾਮ ਲੀਲਾ ਗਰਾਊਂਡ ਵਿਖੇ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਖਰੀਦ ਕੀਤੀ ਜਾ ਸਕੇਗੀ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਲਈ ਨੂਰਪੁਰਬੇਦੀ (ਨੇੜੇ ਡਾਕਖਾਨਾ/ਰੂਪਨਗਰ ਰੋਡ), ਸ੍ਰੀ ਅਨੰਦਪੁਰ ਸਾਹਿਬ ਵਿਖੇ ਚਰਨ ਗੰਗਾ ਸਟੇਡੀਅਮ ਦੇ ਨੇੜੇ ਪਾਰਕਿੰਗ ਸਥਾਨ ਅਤੇ ਕੀਰਤਪੁਰ ਸਾਹਿਬ ਵਿਖੇ ਸੇਵਾ ਕੇਂਦਰ ਦੇ ਨੇੜੇ ਵਾਲੀ ਥਾਂ ਨਿਰਧਾਰਤ ਕੀਤੀ ਗਈ ਹੈ। ਨੰਗਲ ਵਿਖੇ ਮਾਰਕੀਟ ਸੈਕਟਰ-2, ਨਵਾਂ ਨੰਗਲ, ਬੀ. ਐੱਸ. ਐੱਨ. ਐੱਲ. ਐਕਸਚੇਂਜ ਦੇ ਨੇੜੇ, ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਮਾਰਕੀਟ ਦੇ ਨੇੜੇ ਅਤੇ ਡੀ. ਐੱਸ. ਬਲਾਕ ਦੀ ਟੈਂਕੀ ਦੇ ਨੇੜੇ ਵਾਲੀਆਂ ਥਾਵਾਂ ਗ੍ਰੀਨ ਪਟਾਕਿਆਂ ਦੀ ਵਿਕਰੀ ਅਤੇ ਖਰੀਦ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਥਾਵਾਂ ’ਤੇ ਲੋੜੀਂਦੇ ਪ੍ਰਬੰਧ ਕਰਨ ਅਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਫਲਿੱਪਕਾਰਟ, ਐਮਾਜ਼ੋਨ ਸਮੇਤ ਕਿਸੇ ਵੀ ਈ-ਕਾਮਰਸ ਵੈੱਬਸਾਈਟ ਵੱਲੋਂ ਜ਼ਿਲਾ ਰੂਪਨਗਰ ਅੰਦਰ ਪਟਾਕਿਆਂ ਦੇ ਆਨਲਾਈਨ ਆਰਡਰ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਆਨਲਾਈਨ ਵਿੱਕਰੀ ਕੀਤੀ ਜਾ ਸਕੇਗੀ। ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਕੇਵਲ ਮਨਜ਼ੂਰਸ਼ੁਦਾ ਗ੍ਰੀਨ ਪਟਾਕਿਆਂ ਦੀ ਵਰਤੋਂ ਕਰਨ ਅਤੇ ਨਿਰਧਾਰਤ ਸਮੇਂ ’ਤੇ ਥਾਵਾਂ ਦੀ ਪਾਬੰਦੀ ਦਾ ਸਖ਼ਤੀ ਨਾਲ ਪਾਲਣ ਕਰਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀਆਂ ਖੁਸ਼ੀਆਂ ਮਨਾਉਂਦੇ ਸਮੇਂ ਬੱਚਿਆਂ, ਬਜ਼ੁਰਗਾਂ, ਬਿਮਾਰ ਵਿਅਕਤੀਆਂ ਅਤੇ ਪਸ਼ੂ-ਪੰਛੀਆਂ ਦੀ ਸੁਰੱਖਿਆ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਜੋ ਸਾਰੇ ਤਿਉਹਾਰ ਸੁਰੱਖਿਅਤ, ਸ਼ਾਂਤਮਈ ਅਤੇ ਵਾਤਾਵਰਣ-ਅਨੁਕੂਲ ਢੰਗ ਨਾਲ ਮਨਾਏ ਜਾ ਸਕਣ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੱਖਾਂ ਰੁਪਏ ਦੀ ਹੈਰੋਇਨ ਸਣੇ 3 ਮੁਲਜ਼ਮ ਗ੍ਰਿਫ਼ਤਾਰ
NEXT STORY