ਤਰਨਤਾਰਨ/ਖੇਮਕਰਨ, (ਰਾਜੂ, ਰਮਨ, ਬਲਵਿੰਦਰ ਕੌਰ)- 12ਵੀਂ ਜਮਾਤ ਦੀ ਪ੍ਰੀਖਿਆ ਦੇ ਪਹਿਲੇ ਦਿਨ ਨਕਲ ਨਾ ਹੋਣ ਕਾਰਨ ਸੈਂਟਰ ਅੰਦਰ ਦਾਖਲ ਹੋਏ ਨਕਲਬਾਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਗੇਟ ਦੀ ਭੰਨ-ਤੋੜ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਟੀਮ ਨੂੰ ਬੰਧਕ ਬਣਾਉਣ ਦੇ ਮਾਮਲੇ 'ਚ ਅੱਜ ਜ਼ਿਲਾ ਪ੍ਰਸ਼ਾਸਨ ਨੇ ਜ਼ਿਲੇ ਦੇ ਸੈਂਟਰਾਂ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ। ਇਸ ਦੌਰਾਨ ਪ੍ਰਸ਼ਾਸਨ ਨੇ ਨਕਲ ਨੂੰ ਰੋਕਣ ਲਈ 5 ਸੈਂਟਰਾਂ ਨੂੰ ਤਰਨਤਾਰਨ ਜ਼ਿਲੇ 'ਚ ਸ਼ਿਫਟ ਕਰ ਦਿੱਤਾ ਹੈ।
ਅੱਜ ਵੀਰਵਾਰ ਨੂੰ ਜ਼ਿਲਾ ਪ੍ਰਸ਼ਾਸਨ ਨੇ 12ਵੀਂ ਦੀ ਹੋਈ ਈ. ਵੀ. ਐੱਸ. ਦੀ ਪ੍ਰੀਖਿਆ 'ਚ ਨਕਲ ਨਾ ਹੋਣ 'ਤੇ ਸ਼ਿਕੰਜੇ ਕੱਸਣ ਲਈ 100 ਫੀਸਦੀ ਕੋਸ਼ਿਸ਼ ਕੀਤੀ। ਪੁਲਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੇਪਰ ਕਰਵਾਏ ਅਤੇ 200 ਗਜ਼ ਦੀ ਦੂਰੀ ਤੱਕ ਚਿੜੀ ਨਹੀਂ ਫੜਕਣ ਨਹੀਂ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ (ਸ਼ਿਕਾਇਤ) ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਪੱਟੀ ਸੁਰਿੰਦਰ ਸਿੰਘ ਤੇ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਜ਼ਰੇ ਕੱਲ ਖੇਮਕਰਨ ਪ੍ਰੀਖਿਆ ਕੇਂਦਰ 'ਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਗੁੱਸੇ 'ਚ ਆ ਕੇ ਕੀਤੀ ਗਈ ਭੰਨ-ਤੋੜ ਅਤੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਬੰਧਕ ਬਣਾਉਣ ਦੇ ਮਾਮਲੇ 'ਚ ਸਾਰੀ ਰਿਪੋਰਟ ਤਿਆਰ ਕਰ ਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਭੇਜ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਕਿ ਪ੍ਰੀਖਿਆ ਕੇਂਦਰਾਂ 'ਚ ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਬੱਚੇ ਦੂਰ-ਦਰਾਜ ਦੇ ਜ਼ਿਲਿਆਂ ਨਾਲ ਸਬੰਧ ਰਖਦੇ ਹਨ। ਉਨ੍ਹਾਂ ਪ੍ਰਿੰਸੀਪਲ ਅਤੇ ਸਟਾਫ ਨੂੰ ਹਜ਼ਾਰਾਂ ਰੁਪਏ ਨਕਲ ਕਰਵਾਉਣ ਲਈ ਦਿੱਤੇ ਹੋਏ ਸਨ। ਜਦੋਂ ਬੁੱਧਵਾਰ ਨੂੰ ਪ੍ਰਸ਼ਾਸਨ ਦੁਆਰਾ ਨਕਲ ਨੂੰ ਰੋਕਣ ਲਈ ਕੀਤੀ ਗਈ ਸਖਤੀ ਨੂੰ ਵੇਖਦੇ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅੱਗ ਬਬੂਲਾ ਹੋ ਗਏ ਸਨ ਜਿਨ੍ਹਾਂ ਨੇ ਗੁੱਸੇ 'ਚ ਆ ਕੇ ਭੰਨ-ਤੋੜ ਸ਼ੁਰੂ ਕਰ ਦਿੱਤੀ। ਸ੍ਰੀ ਅਰੋੜਾ ਨੇ ਦੱਸਿਆ ਕਿ ਅੱਜ ਕਿਸੇ ਵੀ ਵਿਦਿਆਰਥੀ ਜਾਂ ਉਨ੍ਹਾਂ ਦੇ ਪਰਿਵਾਰ ਨੇ ਨਕਲ ਮਰਵਾਉਣ ਵਾਲੇ ਵਿਅਕਤੀ ਖਿਲਾਫ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ। ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ 'ਚ ਆ ਗਿਆ ਹੈ।
ਇਸ ਸਬੰਧੀ ਡੀ. ਈ. ਓ. (ਸੈਕੰਡਰੀ) ਨਿਰਮਲ ਸਿੰਘ ਨੇ ਦੱਸਿਆ ਕਿ ਖੇਮਕਰਨ ਪ੍ਰੀਖਿਆ ਕੇਂਦਰ 'ਚ ਨਕਲ ਦੇ ਕੇਸ ਸਾਹਮਣੇ ਆਉਣ 'ਤੇ ਸਿੱਖਿਆ ਵਿਭਾਗ ਦੇ ਸਕੱਤਰ ਦੇ ਨਿਰਦੇਸ਼ਾਂ 'ਤੇ 5 ਪ੍ਰੀਖਿਆ ਕੇਂਦਰਾਂ ਖੇਮਕਰਨ ਦੇ 2, ਕੱਚਾ ਪੱਕਾ ਪਿੰਡ ਦਾ 1, ਮਸਤਗੜ੍ਹ 1 ਅਤੇ ਵਲਟੋਹਾ ਦੇ 1 ਕੇਂਦਰ ਨੂੰ ਤਬਦੀਲ ਕਰ ਕੇ ਤਰਨਤਾਰਨ ਸ਼ਹਿਰ 'ਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਨਕਲ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਇਕਜੁੱਟਤਾ ਕਾਰਨ ਭਾਜਪਾ ਨੂੰ ਹਰਾਇਆ
NEXT STORY