ਮੋਰਿੰਡਾ (ਸੋਹੀ) : ਪੰਜਾਬ ਸਰਕਾਰ ਵੱਲੋਂ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਦੇ ਬਾਵਜੂਦ ਮੋਰਿੰਡਾ ਇਲਾਕੇ ਦੇ ਨਾਲ ਲੱਗਦੇ ਪਿੰਡਾਂ 'ਚ ਬਣੀਆਂ ਦੁਕਾਨਾ 'ਤੇ ਤੰਬਾਕੂ, ਬੀੜੀ, ਸਿਗਰਟ ਅਤੇ ਪਾਨ ਮਸਾਲਾ ਧੜੱਲੇ ਨਾਲ ਵਿੱਕ ਰਿਹਾ ਹੈ। ਦੁਕਾਨਦਾਰਾਂ ਵੱਲੋਂ ਕੀਤੀ ਜਾਂਦੀ ਤੰਬਾਕੂ ਦੀ ਵਿਕਰੀ ਨੂੰ ਠੱਲ ਪਾਉਣ 'ਚ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਾਕਾਮਯਾਬ ਸਾਬਿਤ ਹੋ ਰਹੇ ਹਨ, ਜਦੋਂਕਿ ਸ਼ਹਿਰ ਅਤੇ ਪਿੰਡਾਂ ਦੀਆਂ ਦੁਕਾਨਾਂ 'ਤੇ ਤੰਬਾਕੂ, ਗੁਟਕਾ, ਸਿਗਰਟ, ਲੈਂਟਰ ਅਤੇ ਸਿਲਵਰ ਪੇਪਰ ਸ਼ਰੇਆਮ ਵਿੱਕ ਰਿਹਾ ਹੈ। ਇਸ ਸਬੰਧੀ ਸਮਾਜ ਸੇਵੀ ਆਗੂ ਰਾਜਵੀਰ ਸਿੰਘ ਰਾਜੀ, ਅਮਨਿੰਦਰ ਸਿੰਘ ਅਮਨਾ, ਹਰਬੰਸ ਸਿੰਘ, ਮਨਿੰਦਰ ਸਿੰਘ, ਗੁਰਦੇਵ ਸਿੰਘ, ਸੋਹਣ ਸਿੰਘ ਕਾਲੀ ਅਤੇ ਸੇਵਾ ਸਿੰਘ ਨੇ ਦੱਸਿਆ ਕਿ ਸ਼ਹਿਰ ਅਤੇ ਪਿੰਡਾਂ ਦੀਆਂ ਦੁਕਾਨਾ 'ਤੇ ਸਿਗਰਟ, ਤੰਬਾਕੂ, ਪਾਨ ਅਤੇ ਗੁਟਕੇ ਦੀ ਸ਼ਰੇਆਮ ਵਿਕਰੀ ਹੋਣ ਕਾਰਨ ਨੌਜਵਾਨਾ 'ਚ ਇਨ੍ਹਾਂ ਦੀ ਵਰਤੋਂ ਦਾ ਰੁਝਾਨ ਵੱਧ ਰਿਹਾ ਹੈ। ਸ਼ਹਿਰ ਅਤੇ ਪਿੰਡਾਂ ਦੀਆਂ ਵੱਖ-ਵੱਖ ਦੁਕਾਨਾਂ ਤੋਂ ਛੋਟੇ-ਛੋਟੇ ਬੱਚੇ, ਨੌਜਵਾਨ ਅਤੇ ਬਜ਼ੁਰਗ ਸ਼ਰੇਆਮ ਸਿਗਰਟਾਂ, ਤੰਬਾਕੂ, ਗੁੱਟਕਾ ਖਰੀਦ ਕੇ ਦੁਕਾਨਾਂ ਅੱਗੇ ਪੀਂਦੇ ਅਤੇ ਖਾਂਦੇ ਵੇਖੇ ਜਾ ਸਕਦੇ ਹਨ ਪਰਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਦੁਕਾਨਦਾਰਾਂ ਵਿਰੁੱਧ ਕੋਈ ਵੀ ਕਾਰਵਾਈ ਕਰਨ 'ਚ ਨਾਕਾਮਯਾਬ ਸਾਬਤ ਹੋ ਰਹੇ ਹਨ। ਅਖ਼ਬਾਰਾਂ ਵਿਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਅਪਣੀ ਚਮੜੀ ਨੂੰ ਬਚਾਉਣ ਲਈ ਸ਼ਹਿਰ ਅਤੇ ਪਿੰਡਾਂ ਦੀਆਂ ਦੁਕਾਨਾ 'ਤੇ ਜਾ ਕੇ ਕਈ ਦੁਕਾਨਦਾਰਾਂ ਦੇ ਚਲਾਨ ਕਰ ਸਿਰਫ਼ 'ਤੇ ਸਿਰਫ਼ ਖਾਨਾਪੂਰਤੀ ਹੀ ਕਰਦੇ ਹਨ। ਕਈ ਨੌਜਵਾਨ ਦੁਕਾਨਦਾਰਾਂ ਤੋਂ ਲੈਂਟਰ ਅਤੇ ਸਿਲਵਰ ਪੇਪਰ ਵੀ ਖਰੀਦਦੇ ਨਜ਼ਰ ਆਂਉਦੇ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਖਰੀਦੇ ਗਏ ਲੈਂਟਰ ਅਤੇ ਸਿਲਵਰ ਪੇਪਰਾਂ ਦੀ ਵਰਤੋਂ ਜ਼ਿਆਦਾਤਰ ਚਿੱਟਾ ਪੀਣ ਲਈ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਨਸ਼ਾ ਛਡਾਉਣ ਲਈ ਖੋਹਲੇ ਓ. ਐੱਸ. ਟੀ. ਕੇਂਦਰ 'ਚ ਵੀ ਲੰਮੇ ਸਮੇਂ ਤੋਂ ਸੈਂਕੜੇ ਨਸ਼ੇ ਦੇ ਪੀੜਤ ਮਰੀਜ਼ ਹਰ ਰੋਜ਼ ਮੁਫ਼ਤ ਦਵਾਈ ਲੈ ਰਹੇ ਹਨ। ਭਾਵੇਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਸਰਕਾਰੀ ਹਸਪਤਾਲ ਵਿਚ ਓ. ਐੱਸ. ਟੀ. ਕੇਂਦਰ ਖੋਲ੍ਹੇ ਗਏ ਹਨ ਪਰਇਨ੍ਹਾਂ ਕੇਂਦਰਾਂ ਤੋਂ ਦਵਾਈ ਖਾਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟਣ ਦੀ ਬਜਾਏ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਸ਼ਹਿਰ ਨਿਵਾਸੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸ਼ਹਿਰ ਅਤੇ ਪਿੰਡਾਂ ਦੀਆਂ ਦੁਕਾਨਾ 'ਤੇ ਵਿਸੇਸ਼ ਚੈਕਿੰਗ ਕਰਕੇ ਸਿਗਰਟ, ਤੰਬਾਕੂ ਅਤੇ ਗੁੱਟਕਾ ਵੇਚਣ ਵਾਲਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਤੋਂ ਬਚਾਇਆ ਜਾ ਸਕੇ।
ਨੋਟਬੰਦੀ ਤੋਂ ਬਾਅਦ ਸਿੱਕਿਆਂ ਦੀ ਕਰੰਸੀ ਕਾਰਨ ਲੋਕ ਹੋਏ ਪਰੇਸ਼ਾਨ, ਬੈਂਕ ਵਾਲੇ ਵੀ ਕਰ ਰਹੇ ਨੇ ਲੈਣ ਤੋਂ ਇਨਕਾਰ
NEXT STORY