ਲੁਧਿਆਣਾ : ਟੋਲ ਬੈਰੀਅਰ ਲਾਡੋਵਾਲ 'ਤੇ ਨਿੱਜੀ ਬੱਸ ਚਾਲਕਾਂ ਨੇ ਵਾਰ-ਵਾਰ ਟੋਲ ਵਸੂਲਣ ਕਾਰਨ ਟੋਲ ਪਲਾਜ਼ਾ ਦੇ ਰਸਤੇ 'ਚ ਬੱਸਾਂ ਖੜ੍ਹੀਆਂ ਕਰਕੇ ਹਾਈਵੇਅ ਜਾਮ ਕਰ ਦਿੱਤਾ। ਮੌਕੇ 'ਤੇ ਬੱਸ ਚਾਲਕਾਂ ਨੇ ਦੱਸਿਆ ਕਿ ਜਿਨ੍ਹਾਂ ਬੱਸਾਂ ਦੇ ਡੇਲੀ ਪਾਸ ਬਣੇ ਹੋਏ ਹਨ, ਟੋਲ ਬੈਰੀਅਰ ਉਨ੍ਹਾਂ ਬੱਸਾਂ ਤੋਂ ਵੀ ਆਉਣ-ਜਾਣ ਦਾ ਵਾਰ-ਵਾਰ ਟੋਲ ਵਸੂਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੀਆਂ ਕਈ ਬੱਸਾਂ 'ਤੇ ਫਾਸਟ ਟੈਗ ਵੀ ਲੱਗੇ ਹੋਏ ਹਨ ਪਰ ਫਿਰ ਵੀ ਟੋਲ ਮੁਲਾਜ਼ਮ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰ ਕੇ ਵਾਰ-ਵਾਰ ਟੋਲ ਵਸੂਲ ਰਹੇ ਹਨ, ਜਿਸ ਤੋਂ ਬਾਅਦ ਗੁੱਸੇ 'ਚ ਆਏ ਨਿਜੀ ਬੱਸ ਚਾਲਕਾਂ ਨੇ ਟੋਲ ਪਲਾਜ਼ਾ 'ਤੇ ਹਾਈਵੇਅ ਵਿਚਕਾਰ ਬੱਸਾਂ ਖੜ੍ਹੀਆਂ ਕਰਕੇ ਜਾਮ ਲਾ ਦਿੱਤਾ।
ਜਾਮ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਲਾਡੋਵਾਲ ਦੇ ਮੁਖੀ ਬਲਵਿੰਦਰ ਸਿੰਘ ਵੱਡੀ ਗਿਣਤੀ 'ਚ ਪੁਲਸ ਫੋਰਸ ਦੇ ਨਾਲ ਪੁੱਜੇ, ਜਿਨ੍ਹਾਂ ਨੇ ਪਹਿਲਾਂ ਤਾਂ ਬੱਸ ਚਾਲਕਾਂ ਨੂੰ ਆਪਣੀਆਂ ਬੱਸਾਂ ਹਟਾਉਣ ਲਈ ਕਿਹਾ ਅਤੇ ਬਾਅਦ 'ਚ ਟ੍ਰੈਫਿਕ ਨੂੰ ਚਾਲੂ ਕਰਵਾਇਆ। ਥਾਣਾ ਮੁਖੀ ਨੇ ਦੱਸਿਆ ਕਿ ਬੱਸ ਚਾਲਕਾਂ ਦਾ ਦੋਸ਼ ਹੈ ਕਿ ਉਨ੍ਹਾਂ ਤੋਂ ਵਾਰ-ਵਾਰ ਟੋਲ ਵਸੂਲਿਆ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਨੂੰ ਰੋਜ਼ਾਨਾ ਸਵਾਰੀਆਂ ਲੈ ਕੇ ਕਈ ਵਾਰ ਆਉਣਾ-ਜਾਣਾ ਪੈਂਦਾ ਹੈ, ਜਿਸ ਤੋਂ ਬਾਅਦ ਪੁਲਸ ਨੇ ਦੋਹਾਂ ਧਿਰਾਂ ਨੂੰ ਥਾਣਾ ਲਾਡੋਵਾਲ 'ਚ ਲਿਜਾ ਕੇ 25 ਜਨਵਰੀ ਨੂੰ ਏ. ਡੀ. ਸੀ. ਪੀ. ਦਫਤਰ 'ਚ ਬੁਲਾਇਆ ਹੈ।
ਵਿਆਹ 'ਚ ਸ਼ਰਾਬ ਨਾ ਮਿਲਣ 'ਤੇ ਪਿਆ ਭੜਥੂ, ਕੱਢੀਆਂ ਗਾਲ੍ਹਾਂ
NEXT STORY