ਬਰਨਾਲਾ (ਹਮੀਦੀ/ਪੁਨੀਤ): ਬਰਨਾਲਾ ਦੇ ਹਲਕਾ ਮਹਿਲ ਕਲਾਂ ਟੋਲ ਪਲਾਜ਼ਾ 'ਤੇ ਕਾਰ ਸਵਾਰ ਗੈਂਗਸਟਰਾਂ ਨੇ ਪੁਲਸ 'ਤੇ ਫ਼ਾਇਰਿੰਗ ਕਰ ਦਿੱਤੀ। ਪੁਲਸ ਵੱਲੋਂ ਵੀ ਜਵਾਬੀ ਫ਼ਾਇਰਿੰਗ ਕੀਤੀ ਗਈ, ਜਿਸ ਮਗਰੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀ. ਐੱਸ. ਪੀ. ਸਤਵਿੰਦਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਬਰਨਾਲਾ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਤੜਕੇ ਸਵੇਰੇ 5.30 ਵਜੇ ਦੇ ਕਰੀਬ ਬਰਨਾਲਾ-ਲੁਧਿਆਣਾ ਨੈਸ਼ਨਲ ਹਾਈਵੇਅ ਸਥਿਤ ਮਹਿਲ ਕਲਾਂ ਟੋਲ ਪਲਾਜ਼ੇ 'ਤੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਪੁਲਸ ਨੇ ਚਿੱਟੇ ਰੰਗ ਦੀ ਵਰਨਾ ਕਾਰ ਵਿਚ ਸਵਾਰ ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਵੱਲੋਂ ਪੁਲਸ 'ਤੇ ਦੋ ਰਾਊਂਡ ਫ਼ਾਇਰ ਕਰ ਦਿੱਤੇ ਗਏ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਖੱਡ ਵਿਚ ਜਾ ਡਿੱਗੀ। ਇਸ ਮਗਰੋਂ ਪੁਲਸ ਨੇ ਕਾਰ ਵਿਚ ਸਵਾਰ ਦੋਹਾਂ ਮੁਲਜ਼ਮਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।
ਪੁਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਬਰਨਾਲਾ ਦੇ ਰਹਿਣ ਵਾਲੇ ਬਦਨਾਮ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸੀ ਅਤੇ ਮੋਗਾ ਵਾਸੀ ਗੁਰਸ਼ਰਨ ਸਿੰਘ ਵਜੋਂ ਹੋਈ ਹੈ। ਪੁਲਸ ਮੁਤਾਬਕ ਅਰਸ਼ਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਕਈ ਅਪੜਾਦਿਕ ਮਾਮਲਿਆਂ ਵਿਚ ਲੋੜੀਂਦਾ ਸੀ ਤੇ ਲੰਮੇ ਸਮੇਂ ਤੋਂ ਫਰਾਰ ਚੱਲ ਰਿਹਾ ਸੀ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ 30 ਐੱਮ. ਐੱਮ. ਪਿਸਤੌਲ, ਇਕ .32 ਬੋਰ ਪਿਸਤੌਲ ਅਤੇ ਵਾਰਦਾਤ ਵਿਚ ਵਰਤੀ ਗਈ ਵਰਨਾ ਕਾਰ ਬਰਾਮਦ ਕੀਤੀ ਹੈ। ਪੁਲਸ ਅਫ਼ਸਰਾਂ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਪੁਲਸ 'ਤੇ ਦੋ ਰਾਊਂਡ ਫ਼ਾਇਰ ਕੀਤੇ ਗਏ ਸਨ। ਪੂਰੇ ਮਾਮਲੇ ਦੀ ਗੰਭੀਰਤਾ ਨਲਾ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ, ਜਿਸ ਨੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਅਫ਼ਸਰਾਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਮਾਮਲੇ ਵਿਚ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਡੇਂਗੂ ਕਾਰਣ ਪਾਵਰਕਾਮ ਦੇ ਐਕਸੀਅਨ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ
NEXT STORY