ਲੁਧਿਆਣਾ (ਅਨਿਲ): ਭਾਰਤ ਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ ਦੇ ਵਿਰੋਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਸੰਗਠਨਾਂ ਵੱਲੋਂ ਨੈਸ਼ਨਲ ਹਾਈਵੇਅ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ ਪ੍ਰਦਰਸ਼ਨ ਕਰਦਿਆਂ ਟੋਲ ਪਲਾਜ਼ਾ ਫ਼ਰੀ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਅੱਜ ਸਵੇਰੇ 11 ਵਜੇ ਤੋਂ 4 ਵਜੇ ਤਕ ਟੋਲ ਫ਼ਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗੱਡੀਆਂ ਬਿਨਾਂ ਟੈਕਸ ਦਿੱਤੇ ਇੱਥੋਂ ਲੰਘ ਰਹੀਆਂ ਹਨ।

ਇਸ ਮੌਕੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਖ਼ਿਲਾਫ਼ ਫ਼ੈਸਲਾ ਲੈਂਦਿਆਂ ਨਵੇਂ-ਨਵੇਂ ਸਮਝੌਤੇ ਅਮਰੀਕਾ ਦੇ ਨਾਲ ਕਰ ਰਹੀ ਹੈ। ਦੇਸ਼ ਦਾ ਕਿਸਾਨ ਪਹਿਲਾਂ ਹੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਹੁਣ ਇਹ ਸਮਝੌਤਾ ਲਾਗੂ ਹੋਣ ਮਗਰੋਂ ਕਿਸਾਨਾਂ ਨੂੰ ਇਸ ਦੀ ਦੋਹਰੀ ਮਾਰ ਝੱਲਣੀ ਪਵੇਗੀ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਅਮਰੀਕਾ ਦੇ ਨਾਲ ਸਮਝੌਤਾ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਮੁੜ ਤੋਂ ਲੈਂਡ ਪੂਲਿੰਗ ਪਾਲਿਸੀ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਕਾਰਾਂ ਕਿਸਾਨਾਂ ਦੀ ਬਿਹਤਰੀ ਲਈ ਕੋਈ ਐਲਾਨ ਨਹੀਂ ਕਰਨਗੀਆਂ, ਉਦੋਂ ਤਕ ਕਿਸਾਨ ਸੰਗਠਨ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।

ਫ਼ਿਲਹਾਲ ਕਿਸਾਨ ਸੰਗਠਨਾਂ ਵੱਲੋਂ ਟੋਲ ਪਲਾਜ਼ਾ 'ਤੇ ਰੋਸ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਨਹੀਂ ਵਸੂਲਣ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਏ. ਸੀ. ਪੀ. ਵੈਸਟ ਜਤਿੰਦਰ ਪਾਲ ਸਿੰਘ, ਥਾਣਾ ਲਾਡੋਵਾਲ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ ਸਮੇਤ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤਾ ਗਿਆ ਹੈ।
ਕਿਤੇ ਰਾਹਤ, ਕਿਤੇ ਆਫ਼ਤ: ਜਾਣੋ ਅਗਲੇ 7 ਦਿਨਾਂ 'ਚ ਤੁਹਾਡੇ ਇਲਾਕੇ 'ਚ ਕਿਹੋ ਜਿਹਾ ਰਹੇਗਾ ਮੌਸਮ
NEXT STORY