ਧਰਮਕੋਟ (ਸਤੀਸ਼) : ਕੋਰੋਨਾ ਮਹਾਮਾਰੀ ਨੇ ਸਮੁੱਚੇ ਵਿਸ਼ਵ ਅੰਦਰ ਮੰਦੀ ਦੀ ਵੱਡੀ ਮਾਰ ਪਾਈ ਹੈ ਇਸ ਤੋਂ ਕੋਈ ਵੀ ਦੇਸ਼ ਨਹੀਂ ਬਚਿਆ, ਉੱਥੇ ਹੀ ਸਥਾਨਕ ਹਲਕੇ 'ਚ ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਕੋਰੋਨਾ ਮਹਾਮਾਰੀ ਦੌਰਾਨ ਮੰਦੇ ਦੀ ਮਾਰ 'ਚ ਆ ਗਏ ਹਨ। ਪਿੰਡ ਜਲਾਲਾਬਾਦ ਪੂਰਬੀ ਦੇ ਕਿਸਾਨ ਸੁਰਿੰਦਰਪਾਲ ਸਿੰਘ ਪਟਵਾਰੀ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਜ਼ਮੀਨ ਠੇਕੇ 'ਤੇ ਲੈ ਕੇ ਟਮਾਟਰ ਦੀ ਬਿਜਾਈ ਕਰ ਰਿਹਾ ਹੈ।
ਇਸ ਦੌਰਾਨ ਕਈ ਵਾਰ ਉਸ ਨੂੰ ਮੰਦੇ ਦੀ ਮਾਰ ਝੱਲਣੀ ਪਈ ਪਰ ਇਸ ਵਾਰ ਕੋਰੋਨਾ ਮਹਾਮਾਰੀ ਦੌਰਾਨ ਜੋ ਮੰਦੇ ਦੀ ਮਾਰ ਟਮਾਟਰਾਂ ਦੀ ਖੇਤੀ 'ਤੇ ਪਈ ਹੈ, ਉਸ ਨੇ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਪਹੁੰਚਾਇਆ ਹੈ। ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਟਮਾਟਰਾਂ ਦਾ ਭਾਅ ਮੁਫ਼ਤ ਵਾਂਗ ਹੀ ਹੈ। ਉਸ ਨੇ ਦੱਸਿਆ ਕਿ ਮੰਡੀ 'ਚ ਇੱਕ ਰੁਪਏ ਕਿਲੋ ਟਮਾਟਰ ਵੇਚ ਰਿਹਾ ਹੈ, ਜਿਸ ਨਾਲ ਨਾ ਤਾਂ ਇਸ ਦੀ ਤੁੜਵਾਈ ਦਾ ਮੁੱਲ ਮੋੜ ਰਿਹਾ ਹੈ, ਨਾ ਹੀ ਟਰਾਂਸਪੋਰਟ ਜਿਸ ਰਾਹੀਂ ਮੰਡੀ ਮਾਲ ਲੈ ਕੇ ਜਾਂਦੇ ਹਾਂ, ਉਸ ਦਾ ਕਿਰਾਇਆ ਨਿਕਲ ਰਿਹਾ ਹੈ। ਸਰਕਾਰ ਖੇਤੀ ਵਿਭਿੰਨਤਾ ਦੀਆਂ ਗੱਲਾਂ ਕਰਦੀ ਹੈ ਪਰ ਖੇਤੀ ਵਿਭਿੰਨਤਾ ਵਾਲੇ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਲੋਕਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਹੈ, ਉਥੇ ਹੀ ਕਿਸਾਨਾਂ ਨੇ ਇਸ ਆਸ ਨਾਲ ਟਮਾਟਰ ਦੀ ਫ਼ਸਲ ਬੀਜੀ ਸੀ ਕਿ ਸ਼ਾਇਦ ਟਮਾਟਰ ਦੀ ਫਸਲ ਨਾਲ ਉਨ੍ਹਾਂ ਨੂੰ ਕੁਝ ਲਾਭ ਮਿਲੇਗਾ, ਪਰ ਲਾਭ ਮਿਲਣ ਦੀ ਬਜਾਏ ਇਸ 'ਚ ਵੀ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਟਮਾਟਰਾਂ ਦੀ ਫਸਲ ਦੀ ਸਰਕਾਰੀ ਖਰੀਦ ਕਰੇ ਅਤੇ ਟਮਾਟਰ ਉਤਪਾਦਕ ਕਿਸਾਨਾਂ ਦੇ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਮੁਆਵਜ਼ਾ ਦੇਵੇ ਤਾਂ ਜੋ ਆਪਣੇ ਘਰਾਂ ਦਾ ਗੁਜ਼ਾਰਾ ਉਹ ਚਲਾ ਸਕਣ।
ਡੇਅਰੀ ਪਸ਼ੂ ਪਾਲਕਾਂ ਨੂੰ ਮਿਲਣਗੇ ਤਿੰਨ ਲੱਖ ਕਰੋੜ ਰੁਪਏ ਅਤੇ ਕਿਸਾਨ ਕ੍ਰੈਡਿਟ ਕਾਰਡ
NEXT STORY