ਬਰਨਾਲਾ (ਵਿਵੇਕ ਸਿੰਧਵਾਨੀ) : ਪੁਲਸ ਨਾਲ ਹੋਈ ਝੜਪ ਤੋਂ ਬਾਅਦ ਭੜਕੇ ਵਪਾਰੀਆਂ ਨੇ ਸਥਾਨਕ ਸਦਰ ਬਾਜ਼ਾਰ ਦੇ ਛੱਤਾ ਖੂਹ ਮੋਰਚੇ ’ਚ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਪਾਰੀਆਂ ਨੇ ਕੱਲ੍ਹ ਤੋਂ ਆਪਣੀਆਂ ਦੁਕਾਨਾਂ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਅਤੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਵਪਾਰੀ ਭੁੱਖੇ ਮਰ ਰਹੇ ਹਨ। ਵਪਾਰੀਆਂ ਨੂੰ ਪੁਲਸ ਤੰਗ ਕਰਨ ’ਤੇ ਲੱਗੀ ਹੋਈ ਹੈ ਜਦੋਂਕਿ ਵਪਾਰੀ ਹਰ ਸਮੇਂ ਹਰ ਥਾਂ ’ਤੇ ਪੁਲਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹਨ। ਚਾਹੇ ਉਹ ਰੈੱਡ ਕਰਾਸ ਵਿਚ ਮਦਦ ਦੀ ਗੱਲ ਹੋਵੇ ਜਾਂ ਪੁਲਸ ਪ੍ਰਸ਼ਾਸਨ ਵੱਲੋਂ ਇਕੱਠੇ ਕੀਤੇ ਗਏ ਫੰਡਾਂ ਦੀ। ਹਰ ਸਮੇਂ ਵਪਾਰੀਆਂ ਨੇ ਦਿਲ ਖੋਲ੍ਹ ਕੇ ਪ੍ਰਸ਼ਾਸਨ ਨੂੰ ਦਾਨ ਦਿੱਤਾ ਹੈ ਪਰ ਉਲਟਾ ਪ੍ਰਸ਼ਾਸਨ ਵਪਾਰੀਆਂ ਨੂੰ ਤੰਗ ਕਰ ਰਿਹਾ ਹੈ। ਮੱਧਮ ਵਰਗ ਦੇ ਵਪਾਰੀ ਪਿਛਲੇ 21 ਸਾਲਾਂ ਤੋਂ ਭੁੱਖੇ ਮਰ ਰਹੇ ਹਨ, ਭੁੱਖੇ ਮਰਦੇ ਹੀ ਅੱਜ ਸੜਕਾਂ ’ਤੇ ਆਏ ਹਨ। ਜੇਕਰ ਵਪਾਰੀ ਭੁੱਲ ਭੁਲੇਖੇ ਵੀ ਕੋਈ ਦੁਕਾਨ ਖੋਲ੍ਹ ਲਵੇ ਤਾਂ ਉਨ੍ਹਾਂ ’ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਪੁਲਸ ਅਧਿਕਾਰੀ ਉਨ੍ਹਾਂ ਨੂੰ ਜ਼ਲੀਲ ਕਰਦੇ ਹਨ। ਹੁਣ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਲੈਫਟ ਦੇ ਸਫਾਏ ਨਾਲ ਡ੍ਰੈਗਨ ਨੂੰ ਝਟਕਾ, ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਚੀਨ ਦੇ ਮਨਸੂਬੇ ਫੇਲ
ਇਸ ਦੌਰਾਨ ਵਪਾਰੀਆਂ ਨੇ ਐਲਾਨ ਕੀਤਾ ਕਿ ਉਹ ਕੱਲ੍ਹ ਤੋਂ (ਮੰਗਲਵਾਰ) ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਾਰੀਆਂ ਦੁਕਾਨਾਂ ਖੋਲ੍ਹਣਗੇ। ਜੇਕਰ ਪ੍ਰਸ਼ਾਸਨ ਨੇ ਵਪਾਰੀਆਂ ’ਤੇ ਪਰਚਾ ਦਰਜ ਕਰਨਾ ਹੈ ਤਾਂ ਕਰ ਲਵੇ। ਦੁਕਾਨਾਂ ਬੰਦ ਕਰਾਉਣ ਨਾਲ ਤਾਂ ਕੋਰੋਨਾ ਖ਼ਤਮ ਨਹੀਂ ਹੁੰਦਾ। ਕੋਰੋਨਾ ਤਾਂ ਵੈਕਸੀਨ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਹੋਵੇਗਾ। ਹਸਪਤਾਲਾਂ ਵਿਚ ਸਰਕਾਰ ਆਕਸੀਜਨ ਅਤੇ ਵੈਕਸੀਨ ਦਾ ਪ੍ਰਬੰਧ ਕਰੇ। ਇਹ ਪ੍ਰਬੰਧ ਤਾਂ ਸਰਕਾਰ ਕਰ ਨਹੀਂ ਰਹੀ ਬਸ ਵਪਾਰੀਆਂ ਨੂੰ ਹੀ ਤੰਗ ਕਰ ਰਹੀ ਹੈ। ਹੁਣ ਵਪਾਰੀਆਂ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਇਸੇ ਤਰ੍ਹਾਂ ਨਾਲ ਵਪਾਰੀਆਂ ਨਾਲ ਧੱਕਾ ਕਰਦੀ ਰਹੇਗੀ ਤਾਂ ਵਪਾਰੀ ਇੱਟ ਨਾਲ ਇੱਟ ਵਜਾ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੀ ਹੋਵੇਗੀ। ਇਸ ਮੌਕੇ ’ਤੇ ਵਪਾਰੀ ਆਗੂ ਭਾਰਤ ਭੂਸ਼ਣ, ਸਕਿੰਟੂ ਭੁਪਿੰਦਰ, ਸਰਪੰਚ ਮੋਨੂੰ ਗੋਇਲ, ਰਾਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਲੋਕਾਂ ਨੇ ਨਵੀਆਂ ਗਾਈਡਲਾਇਨਜ਼ ਨੂੰ ਛਿੱਕੇ ’ਤੇ ਟੰਗਿਆ, ਬਾਜ਼ਾਰਾਂ ’ਚ ਦਿਖੀ ਆਮ ਦਿਨਾਂ ਵਾਂਗ ਭੀੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਭੋਗਪੁਰ 'ਚ ਉਡਾਈਆਂ ਗਈਆਂ ਲਾਕਡਾਊਨ ਦੇ ਨਿਯਮਾਂ ਦੀਆਂ ਧੱਜੀਆਂ, ਬਾਜ਼ਾਰਾਂ ਵਿੱਚ ਦਿਸੀ ਲੋਕਾਂ ਦੀ ਭੀੜ
NEXT STORY