ਫ਼ਿਰੋਜ਼ਪੁਰ (ਕੁਮਾਰ) : ਡੀ.ਜੀ.ਪੀ. ਪੰਜਾਬ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਫ਼ਿਰੋਜ਼ਪੁਰ ਪੁਲਸ ਨੇ ਐੱਸ.ਪੀ ਇਨਵੈਸਟੀਗੇਸ਼ਨ ਰਣਧੀਰ ਕੁਮਾਰ, ਡੀ.ਐੱਸ.ਪੀ ਡਿਟੈਕਟਿਵ ਬਲਕਾਰ ਸਿੰਘ ਸੰਧੂ, ਡੀ.ਐੱਸ.ਪੀ ਗੁਰੂਹਰਸਹਾਏ ਅਤੁਲ ਸੋਨੀ ਅਤੇ ਇੰਸਪੈਕਟਰ ਮੋਹਿਤ ਧਵਨ, ਇੰਚਾਰਜ ਸੀਆਈਏ ਸਟਾਫ਼ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਸਖ਼ਤ ਮਿਹਨਤ ਤੋਂ ਬਾਅਦ 2 ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ ਪਾਕਿਸਤਾਨ ਤੋਂ ਭੇਜੀ ਗਈ 3 ਕਿੱਲੋ 597 ਗ੍ਰਾਮ ਹੈਰੋਇਨ ਅਤੇ ਇਕ ਵੱਡੇ ਹੈਕਸਾ ਡਰੋਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਫ਼ਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਪੁਲਸ ਨੂੰ ਪਿਛਲੇ ਕਈ ਦਿਨਾਂ ਤੋਂ ਇਨਪੁਟਸ ਮਿਲ ਰਹੀ ਸੀ ਕਿ ਰਾਜ ਸਿੰਘ ਉਰਫ਼ ਕਾਲਾ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਚੂਹੜੀਵਾਲਾ (ਫਿਰੋਜ਼ਪੁਰ) ਅਤੇ ਰਮੇਸ਼ ਸਿੰਘ ਉਰਫ਼ ਮੇਸ਼ੂ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਕੁੰਡੇ (ਥਾਣਾ ਸਦਰ ਫ਼ਿਰੋਜ਼ਪੁਰ) ਵੱਡੇ ਪੱਧਰ 'ਤੇ ਹੈਰੋਇਨ ਦੀ ਤਸਕਰੀ ਕਰਦੇ ਹਨ ਅਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਉਨ੍ਹਾਂ ਨੂੰ ਹੈਰੋਇਨ ਦੀ ਵੱਡੀ ਖੇਪ ਭੇਜੀ ਗਈ ਹੈ, ਜਿਸ ਦੀ ਉਨ੍ਹਾਂ ਅੱਗੇ ਸਪਲਾਈ ਕਰਨੀ ਹੈ।
ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ 'ਤੇ ਐੱਸਪੀ ਰਣਧੀਰ ਕੁਮਾਰ, ਡੀਐੱਸਪੀ ਬਲਕਾਰ ਸਿੰਘ, ਡੀਐੱਸਪੀ ਅਤੁਲ ਸੋਨੀ ਦੀ ਅਗਵਾਈ ਵਿਚ ਗਠਿਤ ਸੀਆਈਏ ਸਟਾਫ਼ ਫ਼ਿਰੋਜ਼ਪੁਰ ਦੀ ਟੀਮ ਨੇ ਛਾਪਾਮਾਰੀ ਕਰਦੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਇਹ ਡਰੋਨ ਅਤੇ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਗਲਰਾਂ ਦੇ ਬੈਕਵਰਡ ਅਤੇ ਫਾਰਵਡ ਲਿੰਕ ਟਰੇਸ ਕੀਤੇ ਜਾ ਰਹੇ ਹਨ। ਇਸ ਮੌਕੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਪੁਲਸ ਵੱਲੋਂ ਬਰਾਮਦ ਕੀਤੇ 6 ਖੰਭਾਂ ਵਾਲੇ ਇਸ ਵੱਡੇ ਡਰੋਨ ਨੂੰ ਫੋਰੈਂਸਿਕ ਲੈਬ ਵਿਚ ਭੇਜਿਆ ਜਾਵੇਗਾ, ਜਿਸ ਦੀ ਚਿੱਪ ਤੋਂ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਡਰੋਨ ਰਾਹੀਂ ਪਹਿਲਾਂ ਕਿੱਥੇ ਕਿੱਥੇ ਉਥੇ ਕਿੰਨੀ ਵਾਰੀ ਹੈਰੋਇਨ ਦੀ ਖੇਪ ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਮੱਗਲਰਾਂ ਨੇ ਪੁਲਸ ਕੋਲ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਹੈਰੋਇਨ ਦੀ ਇਹ ਖੇਪ ਪਾਕਿਸਤਾਨੀ ਸਮੱਗਲਰਾਂ ਤੋਂ ਮੰਗਵਾਈ ਸੀ। ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਪੁਲਸ ਵੱਲੋਂ ਇਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਦਾਲਤ ਵਿਚ ਪੇਸ਼ ਕਰਨ ਉਪਰੰਤ ਇਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਸਮਗਲਰਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ।
ਅਕਾਲੀ ਦਲ ਦੀ ਵੱਡੀ ਕਾਰਵਾਈ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਸਣੇ 8 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ
NEXT STORY