ਰਾਜਪੁਰਾ (ਨਿਰਦੋਸ਼, ਚਾਵਲਾ) : ਦਿੱਲੀ ਤੋਂ ਪਠਾਨਕੋਟ ਜਾ ਰਹੀ ਰੇਲਗੱਡੀ ਵਿਚ ਸਵਾਰ ਮੁਸਾਫਰਾਂ ਵਿਚ ਉਸ ਸਮੇਂ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਗੱਡੀ ਦੇ ਜਨਰਲ ਡਿੱਬੇ ਵਿਚ ਅਚਾਨਕ ਅਲਾਰਮ ਵੱਜਣ ਲੱਗਾ। ਇਸ 'ਤੇ ਮੁਸਾਫਰਾਂ ਵਿਚ ਇਸ ਗੱਲ ਦਾ ਡਰ ਪੈਦਾ ਹੋ ਗਿਆ ਕਿ ਕਿਤੇ ਇਹ ਬੰਬ ਤਾਂ ਨਹੀਂ। ਮੁਸਾਫਰਾਂ ਵਲੋਂ ਇਸਦੀ ਸ਼ਿਕਾਇਤ ਰਾਜਪੁਰਾ ਰੇਲਵੇ ਸਟੇਸ਼ਨ 'ਤੇ ਤਾਇਨਾਤ ਸਟੇਸ਼ਨ ਸੁਪਰੀਟੈਂਡੈਂਟ ਨੂੰ ਕਰਨ 'ਤੇ ਇਨ੍ਹਾਂ ਇਸ ਗੱਡੀ ਨੂੰ ਰਾਜਪੁਰਾ ਰੇਲਵੇ ਸਟੇਸ਼ਨ 'ਤੇ ਰੁਕਵਾ ਦਿੱਤਾ। ਜੀ. ਆਰ. ਪੀ, ਅਤੇ ਸਿਟੀ ਪੁਲਸ ਵਲੋਂ ਚੈਕਿੰਗ ਕਰਨ ਅਤੇ ਅਲਾਰਮ ਠੀਕ ਕਰਨ ਤੋਂ ਬਾਅਦ ਇਸ ਗੱਡੀ ਨੂੰ ਇਕ ਘੰਟੇ ਬਾਅਦ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ।
ਜਾਣਕਾਰੀ ਮੁਤਾਬਕ ਦਿੱਲੀ ਤੋਂ ਪਠਾਨਕੋਟ ਜਾ ਰਹੀ ਰੇਲਗੱਡੀ ਨੰਬਰ 22429 ਜਦੋਂ ਅੰਬਾਲਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਯਾਤਰੀਆਂ ਵਲੋਂ ਸਟੇਸ਼ਨਮਾਸਟਰ ਰਾਜਪੁਰਾ ਨੂੰ ਸ਼ਿਕਾਇਤ ਕੀਤੀ ਕਿ ਗੱਡੀ ਦੇ ਡੱਬਾ ਨੰਬਰ 07612 ਜੋ ਕਿ ਰੇਲ ਇੰਜਣ ਤੋਂ ਤੀਜਾ ਡਿੱਬਾ ਹੈ ਵਿਚ ਅਲਾਰਮ ਵੱਜ ਰਿਹਾ ਹੈ ਤੇ ਟਿਕ-ਟਿਕ ਦੀ ਆਵਾਜ਼ ਆ ਰਹੀ ਹੈ। ਇਸ 'ਤੇ ਮੁਸਾਫਰਾਂ ਵਿਚ ਇਸ ਗੱਲ ਦਾ ਡਰ ਪੈਦਾ ਹੋ ਗਿਆ ਕਿ ਕਿਤੇ ਇਹ ਬੰਬ ਤਾਂ ਨਹੀਂ । ਇਸ ਸ਼ਿਕਾਇਤ 'ਤੇ ਸਟੇਸ਼ਨ ਮਾਸਟਰ ਅਸ਼ੋਕ ਆਰਿਆ ਨੇ ਜੀ. ਆਰ. ਪੀ ਨੂੰ ਸੂਚਤ ਕਰਕੇ ਇਸ ਗੱਡੀ ਜਿਸ ਦਾ ਰਾਜਪੁਰਾ ਵਿਚ ਸਟਾਪੇਜ ਨਹੀਂ ਹੈ ਨੂੰ ਰਾਜਪੁਰਾ ਰੇਲਵੇ ਸਟੇਸ਼ਨ 'ਤੇ ਸਵੇਰੇ 10.53 'ਤੇ ਰੁਕਵਾ ਲਿਆ।
ਰਾਜਪੁਰਾ ਰੇਲਵੇ ਚੌਕੀ ਇੰਚਾਰਜ ਮਨਜੀਤ ਸਿੰਘ ਵਲੋਂ ਆਰ. ਪੀ. ਐੱਫ ਅਤੇ ਸਿਟੀ ਪੁਲਸ ਇੰਸਪੈਕਟਰ ਸੁਰਿੰਦਰ ਪਾਲ ਸਿੰਘ ਨੂੰ ਸੂਚਤ ਕਰਨ 'ਤੇ ਉਹ ਵੀ ਕਾਫ਼ੀ ਗਿਣਤੀ ਵਿਚ ਪੁਲਸ ਬਲ ਨਾਲ ਉੱਥੇ ਪਹੁੰਚ ਗਏ ਅਤੇ ਗੱਡੀ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸ ਵਿਚਕਾਰ ਆਰ. ਪੀ. ਐੱਫ. ਦੇ ਕਮਾਂਡੈਂਟ ਸੀ. ਰਘੁਬੀਰਾ ਵੀ ਮੌਕੇ 'ਤੇ ਪਹੁੰਚ ਗਏ ਅਤੇ ਪੂਰੀ ਤਸੱਲੀ ਕਰਣ ਦੇ ਬਾਅਦ ਇਕ ਘੰਟੇ ਉਪਰੰਤ ਗੱਡੀ ਨੂੰ ਅੱਗੇ ਜਾਣ ਲਈ ਰਵਾਨਾ ਕੀਤਾ ਗਿਆ। ਇਸ ਸੰਬੰਧੀ ਰਾਜਪੁਰਾ ਸਟੇਸ਼ਨ ਸੁਪਰੀਟੈਂਡੈਂਟ ਅਸ਼ੋਕ ਆਰਿਆ ਨੇ ਦੱਸਿਆ ਕਿ ਗੱਡੀ ਵਿਚ ਲਗਾਏ ਗਏ ਅੱਗ ਬੁਝਾਊ ਯੰਤਰ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਇਹ ਅਲਾਰਮ ਲਗਾਇਆ ਜਾਂਦਾ ਹੈ ਅਤੇ ਤਕਨੀਕੀ ਖਰਾਬੀ ਕਾਰਨ ਇਹ ਵੱਜਿਆ ਹੈ।
ਸਿਰਫ 15 ਮਿੰਟ ਪਏ ਮੀਂਹ ਨਾਲ ਇਕ ਵਾਰ ਫਿਰ ਡੁੱਬਿਆ ਬਠਿੰਡਾ
NEXT STORY