ਜਲਾਲਾਬਾਦ(ਸੇਤੀਆ, ਨਿਖੰਜ, ਗੁਲਸ਼ਨ)— ਫਾਜ਼ਿਲਕਾ-ਫਿਰੋਜ਼ਪੁਰ ਰੇਲ ਟ੍ਰੈਕ 'ਤੇ ਅੱਜ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਪਿੰਡ ਚੱਕ ਸੁਖੇਰਾ ਦੇ ਬਾਹਮਣੀ ਵਾਲਾ ਸਟੇਸ਼ਨ 'ਤੇ ਭਿਆਨਕ ਟਰੇਨ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਫਾਜ਼ਿਲਕਾ ਵੱਲ ਆ ਰਹੀ ਟਰੇਨ ਡੀ. ਐੱਮ. ਯੂ. ਟਰੇਨ ਨੰਬਰ 74973 ਬੱਜਰੀ ਵਾਲੇ ਖੜ੍ਹੇ ਟਿੱਪਰ ਮਿਕਸਰ ਨਾਲ ਜਾ ਟਕਰਾਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਿੱਪਰ ਮਿਕਸਰ ਟਰੇਨ ਦੇ ਇੰਜਨ ਜਾ ਵੜਿਆ। ਗਨੀਮਤ ਇਹ ਰਹੀ ਕਿ ਇਸ ਟਰੇਨ ਹਾਦਸੇ 'ਚ ਸਵਾਰੀਆਂ ਦੀ ਜਾਨ ਵਾਲ-ਵਾਲ ਬਚੀ। ਬਾਹਮਣੀ ਵਾਲਾ ਸਟੇਸ਼ਨ ਇਕ ਮਾਨਵ ਰਹਿਤ ਫਾਟਕ ਹੈ। ਹਾਦਸੇ ਦੇ ਲਈ ਟਿੱਪਰ ਮਿਕਸਰ ਚਾਲਕ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ
ਜਾਣਕਾਰੀ ਅਨੁਸਾਰ ਰੇਲਵੇ ਵੱਲੋਂ ਪਿੰਡ ਡਿੱਬੀਪੁਰਾ ਅਤੇ ਚੱਕ ਸੁਖੇਰਾ ਦੇ ਵਿਚਾਲੇ ਅੰਡਰ ਬ੍ਰਿਜ ਦੇ ਨਿਰਮਾਣ ਦਾ ਕੰਮ ਚਲਾਇਆ ਜਾ ਰਿਹਾ ਸੀ ਕਿ ਮਾਨਵ ਰਹਿਤ ਰੇਲਵੇ ਕ੍ਰਾਸਿੰਗ ਨੂੰ ਪਾਰ ਕਰਦੇ ਟਿੱਪਰ ਮਿਕਸਰ ਚਾਲਕ ਨੇ ਲਾਪਰਵਾਹੀ ਵਰਤਦੇ ਹੋਏ ਜਲਾਲਾਬਾਦ ਵੱਲ ਤੋਂ ਆ ਰਹੀ ਡੀ. ਐੱਮ. ਯੂ. ਟਰੇਨ ਨੰਬਰ 74973 ਨੂੰ ਨਹੀਂ ਦੇਖਿਆ ਅਤੇ ਵਾਹਨ ਨੂੰ ਰੇਲਵੇ ਲਾਈਨ ਵਿਚਾਲੇ ਲਿਆ ਕੇ ਖੜਾ ਕਰ ਦਿੱਤਾ ਅਤੇ ਇਸ ਦੋਰਾਨ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਟਰੇਨ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟਰੇਨ ਦੇ ਅਗਲਾ ਹਿੱਸਾ ਬੁਰੀ ਤਰਾਂ ਨਾਲ ਨੁਕਸਾਨਿਆ ਗਿਆ ਅਤੇ ਮਿਕਸਰ ਟਰੇਨ ਦੇ ਇੰਜਨ ਵਿਚਾਲੇ ਧਸ ਗਿਆ ਜਿਸ ਕਾਰਨ ਮੌਕੇ 'ਤੇ ਹੀ ਟਰੇਨ ਚਾਲਕ ਦੀ ਮੌਤ ਹੋ ਗਈ।
ਟਰੇਨ ਡਰਾਈਵਰ ਦੀ ਪਛਾਣ ਵਿਕਾਸ ਕੇ. ਪੀ. ਦੇ ਰੂਪ 'ਚ ਹੋਈ ਹੈ। ਹਾਦਸੇ 'ਚ ਮ੍ਰਿਤਕ ਟਰੇਨ ਡਰਾਈਵਰ ਦੀ ਲਾਸ਼ ਕੱਢਣ ਦੇ ਲਈ ਗੈਸ ਕਟਰ ਦਾ ਸਹਾਰਾ ਲੈਣਾ ਪਿਆ। ਹਾਦਸੇ ਦੌਰਾਨ ਟਰੇਨ 'ਚ ਬੈਠੇ ਯਾਤਰੀਆਂ ਨੂੰ ਵੀ ਸੱਟਾਂ ਵੱਜੀਆਂ, ਜਿੰਨਾਂ ਨੂੰ ਇਲਾਜ਼ ਦੇ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਟਰੇਨ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਸ ਪ੍ਰਸ਼ਾਸਨ ਦੇ ਨਾਲ ਨਾਲ ਰੇਲਵੇ ਅਧਿਕਾਰੀਆਂ 'ਚ ਅਫਰਾ ਤਫਰੀ ਮਚ ਗਈ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਉੱਧਰ ਹਾਦਸੇ ਉਪਰੰਤ ਰੇਲਵੇ ਵੱਲੋਂ ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿਚਾਲੇ ਚੱਲਣ ਵਾਲੀਆਂ ਟਰੇਨ ਸੇਵਾਵਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।
ਸਲਾਰੀਆ ਦੀ ਜਿੱਤ ਵਿਨੋਦ ਖੰਨਾ ਨੂੰ ਸੱਚੀ ਸ਼ਰਧਾਂਜਲੀ : ਰਾਮ ਲਾਲ
NEXT STORY