ਪਠਾਨਕੋਟ, (ਆਦਿਤਿਆ, ਸ਼ਾਰਦਾ)- ਪਠਾਨਕੋਟ-ਨਵੀਂ ਦਿੱਲੀ ਰੇਲਖੰਡ ਅਧੀਨ ਆਉਂਦੇ ਮੀਰਥਲ-ਕੰਦਰੋਡ਼ੀ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਕਰੀਬ 10.15 ਵਜੇ ਚਾਰ ਮੱਝਾਂ ਤੇ ਇਕ ਗੁੱਜਰ ਦੇ ਸੁਪਰਫਾਸਟ ਰੇਲਗੱਡੀ ਦੀ ਲਪੇਟ ਵਿਚ ਆ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਗੁੱਜਰ ਅੱਜ ਸਵੇਰੇ ਆਪਣੀਅਾਂ ਚਾਰ ਮੱਝਾਂ ਨੂੰ ਰੇਲਵੇ ਪਟੜੀਅਾਂ ਨੇਡ਼ੇ ਚਰਾ ਰਿਹਾ ਸੀ ਕਿ ਇੰਨੇ ’ਚ ਅਚਾਨਕ 10.15 ਵਜੇ ਬਨਾਰਸ ਤੋਂ ਚੱਲ ਕੇ ਜੰਮੂਤਵੀ ਵੱਲੋਂ ਜਾ ਰਹੀ ਰੇਲਗੱਡੀ ਨੰਬਰ 12237 ਬੇਗਮਪੁਰਾ ਸੁਪਰਫਾਸਟ ਮੀਰਥਲ-ਕੰਦਰੋਡ਼ੀ ਰੇਲਵੇ ਸਟੇਸ਼ਨ ’ਤੇ ਪੈਂਦੇ ਕਿਲੋਮੀਟਰ 94/23 ਦੇ ਕੋਲੋਂ ਜਿਵੇਂ ਹੀ ਗੁਜ਼ਰਨ ਲੱਗੀ ਤਾਂ ਮੱਝਾਂ ਰੇਲਗੱਡੀ ਦਾ ਹਾਰਨ ਸੁਣ ਕੇ ਪਟੜੀਅਾਂ ਵੱਲ ਦੌਡ਼ ਪਈਅਾਂ, ਜਿਸ ਕਾਰਨ ਮੱਝਾਂ ਰੇਲਗੱਡੀ ਦੀ ਲਪੇਟ ਵਿਚ ਆ ਗਈਅਾਂ ਅਤੇ ਉਕਤ ਗੁੱਜਰ ਵੀ ਖੁਦ ਰੇਲਗੱਡੀ ਦੀ ਫੇਟ ਲੱਗਣ ਨਾਲ ਪਿੱਲਰ ਨਾਲ ਜਾ ਟਕਰਾਇਆ, ਜਿਸ ਕਰ ਕੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦਿਅਾਂ ਹੀ ਜੀ. ਆਰ. ਪੀ. ਪੁਲਸ ਚੌਕੀ ਪਠਾਨਕੋਟ ਕੈਂਟ ਦੇ ਇੰਚਾਰਜ ਪਲਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ। ਇਸ ਹਾਦਸੇ ਕਾਰਨ ਉਕਤ ਬੇਗਮਪੁਰਾ ਸੁਪਰਫਾਸਟ ਰੇਲਗੱਡੀ 40 ਮਿੰਟ ਤੱਕ ਖਡ਼੍ਹੀ ਰਹੀ। ਮ੍ਰਿਤਕ ਦੀ ਪਛਾਣ ਮੱਖਣ ਸਿੰਘ ਪੁੱਤਰ ਨੂਰ ਬਖਸ਼ ਨਿਵਾਸੀ ਕੰਡਰਾ ਕੌਂਤਰਪੁਰ ਦੇ ਰੂਪ ਵਿਚ ਹੋਈ।
ਕੈਪਟਨ ਸਰਕਾਰ ਤੋਂ ਪੰਜਾਬ ਵਾਸੀ ਦੁਖੀ : ਪ੍ਰਧਾਨ ਬਿੱਟੂ
NEXT STORY