ਮੋਗਾ (ਆਜ਼ਾਦ) : ਜ਼ਿਲੇ ਦੇ ਪਿੰਡ ਲੰਡੇਕੇ ਨਿਵਾਸੀ ਕਮਲਦੀਪ ਸਿੰਘ ਭੱਟੀ ਅਤੇ ਉਸ ਦੀ ਭੈਣ ਨੂੰ ਵਰਕ ਪਰਮਿਟ ਦੇ ਆਧਾਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇਕ ਟ੍ਰੈਵਲ ਏਜੰਟ ਦੰਪਤੀ ਵੱਲੋਂ 6 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਂਚ ਤੋਂ ਬਾਅਦ ਥਾਣਾ ਸਿਟੀ ਮੋਗਾ ਵਿਚ ਕਥਿਤ ਦੋਸ਼ੀ ਟ੍ਰੈਵਲ ਏਜੰਟ ਹਰਵਿੰਦਰ ਸਿੰਘ ਵਰਮਾ ਅਤੇ ਉਸ ਦੀ ਪਤਨੀ ਸੋਨੀਆ ਵਾਸੀ ਵਾਰਡ ਨੰਬਰ 2, ਸੰਤ ਨਗਰ ਲੰਡੇਕੇ ਖ਼ਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਜਤਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪੁਲਸ ਅਧਿਕਾਰੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਕਮਲਦੀਪ ਸਿੰਘ ਭੱਟੀ ਨੇ ਦੱਸਿਆ ਕਿ ਉਹ ਅਤੇ ਉਸ ਦੀ ਭੈਣ ਅਮਨਜੋਤ ਕੌਰ ਕੈਨੇਡਾ ਜਾਣ ਦੇ ਇਛੁੱਕ ਸਨ। ਇੱਕੋ ਪਿੰਡ ਦੇ ਹੋਣ ਕਰਕੇ ਉਨ੍ਹਾਂ ਨੇ ਕਥਿਤ ਟ੍ਰੈਵਲ ਏਜੰਟ ਦੰਪਤੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਦੋਹਾਂ ਨੂੰ ਵਰਕ ਪਰਮਿਟ ’ਤੇ ਕੈਨੇਡਾ ਭੇਜ ਦੇਣਗੇ, ਜਿਸ ਲਈ ਕੁੱਲ 36 ਲੱਖ ਰੁਪਏ ਖਰਚ ਆਵੇਗਾ ਅਤੇ 6 ਲੱਖ ਰੁਪਏ ਪਹਿਲਾਂ ਦੇਣੇ ਪੈਣਗੇ, ਜਦਕਿ ਬਾਕੀ ਰਕਮ ਵੀਜ਼ਾ ਆਉਣ ਤੋਂ ਬਾਅਦ ਲੈਣਗੇ। ਇਸ ’ਤੇ ਮੈਂ ਜਨਵਰੀ 2024 ਵਿਚ ਉਕਤ ਟ੍ਰੈਵਲ ਏਜੈਂਟ ਦੰਪਤੀ ਨੂੰ ਵੱਖ-ਵੱਖ ਬੈਂਕ ਖਾਤਿਆਂ ਰਾਹੀਂ 6 ਲੱਖ ਰੁਪਏ ਭੇਜ ਦਿੱਤੇ ਅਤੇ ਆਪਣੀ ਭੈਣ ਦਾ ਅਸਲੀ ਪਾਸਪੋਰਟ ਵੀ ਉਨ੍ਹਾਂ ਦੀ ਮੰਗ ’ਤੇ ਦੇ ਦਿੱਤਾ।
ਉਸ ਨੇ ਦੱਸਿਆ ਕਿ 24 ਮਈ 2024 ਨੂੰ ਅਸੀਂ ਪੀ. ਸੀ. ਸੀ. ਅਪਲਾਈ ਕਰ ਕੇ ਉਹ ਵੀ ਉਨ੍ਹਾਂ ਨੂੰ ਦੇ ਦਿੱਤਾ, ਪਰ ਬਾਅਦ ਵਿਚ ਉਹ ਟਾਲ-ਮਟੋਲ ਕਰਨ ਲੱਗ ਪਏ ਅਤੇ ਕਹਿਣ ਲੱਗੇ ਕਿ ਜਲਦੀ ਹੀ ਤੁਹਾਡਾ ਕੰਮ ਹੋ ਜਾਵੇਗਾ। ਉਨ੍ਹਾਂ ਨੇ ਸਾਨੂੰ 3-3 ਲੱਖ ਰੁਪਏ ਦੇ ਦੋ ਚੈੱਕ ਵੀ ਦੇ ਦਿੱਤੇ ਅਤੇ ਕਿਹਾ ਕਿ ਜੇ ਕੰਮ ਨਾ ਹੋਇਆ ਤਾਂ ਇਹ ਚੈੱਕ ਬੈਂਕ ਵਿਚ ਲਗਾ ਕੇ ਪੈਸੇ ਕੱਢ ਲੈਣਾ ਪਰ ਜਦੋਂ ਕੰਮ ਨਾ ਬਣਿਆ ਅਤੇ ਅਸੀਂ ਵੱਖ-ਵੱਖ ਤਾਰੀਖਾਂ ’ਤੇ ਚੈੱਕ ਬੈਂਕ ਵਿਚ ਲਾਏ ਤਾਂ ਉਨ੍ਹਾਂ ਦੇ ਖਾਤੇ ਵਿਚ ਰਕਮ ਨਾ ਹੋਣ ਕਾਰਨ ਦੋਵੇਂ ਚੈਕ ਬਾਊਂਸ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸਾਫ਼ ਤੌਰ ’ਤੇ ਪੈਸੇ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਸਾਡੇ ਨਾਲ 6 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਉਕਤ ਟ੍ਰੈਵਲ ਏਜੰਟ ਦੰਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰੀ ਬਾਕੀ ਹੈ।
ਮੁਲਾਜ਼ਮਾਂ ਦੀਆਂ ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ, ਵਾਪਸ ਲਿਆ ਗਿਆ ਇਹ ਫ਼ੈਸਲਾ
NEXT STORY