ਮੌੜ ਮੰਡੀ, (ਪ੍ਰਵੀਨ)- ਆਰਥਿਕ ਤੰਗੀ ਕਾਰਣ ਦੋ ਭਰਾਵਾਂ ਦੀ ਇਕੱਠੀ ਮੌਤ ਤੇ ਇਕੋ ਚਿਖਾ 'ਚ ਸਸਕਾਰ ਕੀਤੇ ਜਾਣ ਦਾ ਹਿਰਦੇ ਵੇਧਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਨੇ ਇਹ ਗੱਲ ਵੀ ਸਾਬਤ ਕਰ ਦਿੱਤੀ ਹੈ ਕਿ ਭਾਵੇਂ ਦੇਸ਼ ਦੀਆਂ ਹਕੂਮਤਾਂ ਵੱਲੋਂ ਕਿਸਾਨ ਪੱਖੀ ਐਲਾਨ ਨਾਮੇ ਤਾਂ ਹਰ ਸਟੇਜ ਤੋਂ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ 'ਤੇ ਕਿਸਾਨ ਦੀਆਂ ਹਕੀਕਤਾਂ ਕੁੱਝ ਹੋਰ ਹੀ ਬਿਆਨ ਕਰ ਰਹੀਆਂ ਹਨ।
ਇਕਤਰ ਕੀਤੀ ਜਾਣਕਾਰੀ ਅਨੁਸਾਰ ਦੋ ਭਰਾ ਜਗਦੇਵ ਸਿੰਘ ਜੱਗੀ (40) ਅਤੇ ਮੱਖਣ ਸਿੰਘ (50) ਪੁੱਤਰ ਪ੍ਰਿਥੀ ਸਿੰਘ ਵਾਸੀ ਜੋਧਪੁਰ ਪਾਖਰ 'ਚੋਂ ਮੱਖਣ ਸਿੰਘ ਨੇ ਤਾਂ ਨਹਿਰ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਜਦਕਿ ਜਗਦੇਵ ਸਿੰਘ ਜੱਗੀ ਇਲਾਜ ਪੱਖੋਂ ਮੌਤ ਦੇ ਮੂੰਹ 'ਚ ਚਲਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਉਕਤ ਦੋਵੇਂ ਭਰਾਵਾਂ ਸਮੇਤ ਕੁੱਲ ਚਾਰ ਭਰਾ ਪਿੰਡ ਜੋਧਪੁਰ ਪਾਖਰ ਵਿਖੇ ਰਹਿੰਦੇ ਸਨ। ਉਨ੍ਹਾਂ ਪਾਸ ਮਹਿਜ਼ ਤਿੰਨ ਏਕੜ ਜ਼ਮੀਨ ਸੀ, ਜਿਸ ਕਾਰਣ ਘਰ ਦੀ ਆਰਥਿਕ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਪਰ ਬੀਤੇ ਬੁੱਧਵਾਰ ਨੂੰ ਪਰਿਵਾਰ 'ਤੇ ਐਸੀ ਬਿਪਤਾ ਆ ਪਈ ਕਿ ਪਰਿਵਾਰ ਦੇ ਕਮਾਉ ਪੁੱਤ ਜਗਦੇਵ ਸਿੰਘ ਜੱਗੀ ਨੂੰ ਅਚਾਨਕ ਬ੍ਰੇਨ ਹੈਮਰੇਜ ਹੋ ਗਿਆ, ਜਿਸ ਨੂੰ ਭੁੱਚੋਂ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੇ ਇਲਾਜ ਲਈ ਕਰੀਬ ਪੰਜ ਲੱਖ ਰੁਪਏ ਦਾ ਖਰਚਾ ਆਉਣਾ ਦੱਸਿਆ, ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਨੇ ਉਕਤ ਰਾਸ਼ੀ ਇਕੱਠੀ ਕਰਨ ਲਈ ਬਹੁਤ ਯਤਨ ਕੀਤੇ, ਜੋ ਅਸਫ਼ਲ ਰਹੇ। ਇਸ ਤੋਂ ਦੁਖੀ ਹੋ ਕੇ ਮੱਖਣ ਸਿੰਘ ਨੇ ਕੋਟਲਾ ਬ੍ਰਾਂਚ ਨਹਿਰ ਵਿਚ ਛਾਲ ਮਾਰ ਦਿੱਤੀ। ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਨੇ ਕਾਫੀ ਜਦੋ-ਜਹਿਦ ਕਰਦਿਆਂ ਮੱਖਣ ਸਿੰਘ ਦੀ ਮ੍ਰਿਤਕ ਦੇਹ ਨੂੰ ਚਾਰ ਦਿਨਾਂ ਬਾਅਦ ਨਹਿਰ 'ਚੋਂ ਬਾਹਰ ਕੱਢਿਆ। ਦੂਜੇ ਪਾਸੇ ਹਸਪਤਾਲ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜਗਦੇਵ ਸਿੰਘ ਜੱਗੀ ਵੀ ਮੌਤ ਅੱਗੇ ਹਾਰ ਗਿਆ। ਇਹ ਇਕ ਤਰਾਸਦੀ ਹੈ ਕਿ ਜਗਦੇਵ ਸਿੰਘ ਜੱਗੀ ਨੂੰ ਨਾ ਤਾਂ ਮੋਦੀ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਬਚਾ ਸਕੀ ਅਤੇ ਨਾ ਹੀ ਪਰਿਵਾਰ ਨੂੰ ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਨਸੀਬ ਹੋਈ। ਆਰਥਿਕ ਤੰਗੀ ਕਾਰਣ ਇਕੋ ਸਿਵੇ 'ਚ ਹੀ ਦੋ ਕਿਸਾਨ ਭਰਾਵਾਂ ਦੀ ਚਿਖਾ ਬਲੀ।
ਉਧਰ ਭਾਰਤੀ ਕਿਸਾਨ ਯੂਨੀਅਨ ਸਿੱਧੂਪਰ ਦੇ ਬਲਵਿੰਦਰ ਸਿੰਘ ਜੋਧਪੁਰ, ਰੇਸ਼ਮ ਸਿੰਘ ਯਾਤਰੀ, ਜਗਰੂਪ ਸਿੰਘ ਫੌਜੀ ਅਤੇ ਅਮਰਜੀਤ ਸਿੰਘ ਯਾਤਰੀ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਆਪਣਾ ਬਾਕੀ ਜੀਵਨ ਬਿਨਾਂ ਕਿਸੇ ਤੰਗੀ ਤੋਂ ਬਤੀਤ ਕਰ ਸਕੇ।
ਪੰਜਾਬ : ਕੋਰੋਨਾ ਵਾਇਰਸ ਸ਼ੱਕੀਆਂ ਦੀ ਗਿਣਤੀ ਹੋਈ 10, ਇਕ 'ਚ ਵਾਇਰਸ ਦੀ ਪੁਸ਼ਟੀ
NEXT STORY