ਦੇਵੀਗੜ੍ਹ, (ਜ. ਬ.)- ਪਿਛਲੇ ਦੋ ਦਹਾਕਿਆਂ ਤੋਂ ਪਿੰਡ ਮਿਹੋਣ ਵਿਚ ਹੱਡਾ-ਰੋੜੀ, ਸ਼ਮਸ਼ਾਨਘਾਟ ਅਤੇ ਸਕੂਲ ਵਾਲੀ 19 ਵਿਘੇ ਪੰਚਾਇਤ ਜ਼ਮੀਨ 'ਤੇ ਚੱਲ ਰਹੇ ਨਾਜਾਇਜ਼ ਕਬਜ਼ੇ ਨੂੰ ਨਾਇਬ-ਤਹਿਸੀਲਦਾਰ ਅਤੇ ਪੰਚਾਇਤ ਅਫਸਰ ਦੀ ਅਗਵਾਈ ਹੇਠ ਨਿਸ਼ਾਨਦੇਹੀ ਉਪਰੰਤ ਭਾਰੀ ਪੁਲਸ ਫੋਰਸ ਦੀ ਮੌਜੂਦਗੀ ਵਿਚ ਸ਼ਾਂਤਮਈ ਮਾਹੌਲ ਵਿਚ ਛੁਡਵਾ ਲਿਆ ਗਿਆ। ਇਸ ਤੋਂ ਬਾਅਦ ਸਕੂਲ ਅਤੇ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਿਹੋਣ ਵਿਚ ਸਕੂਲ ਨਾਲ ਲੱਗਦੀ ਹੱਡਾ-ਰੋੜੀ ਅਤੇ ਸ਼ਮਸ਼ਾਨਘਾਟ ਦੀ ਜ਼ਮੀਨ 'ਤੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਨਾਜਾਇਜ਼ ਕਬਜ਼ਾ ਕਰ ਕੇ ਉਥੇ ਬਰਸੀਨ, ਕਣਕ ਅਤੇ ਗੁਹਾਰੇ ਲਾਏ ਹੋਏ ਸਨ। ਇਸਨੂੰ ਛੁਡਵਾਉਣ ਲਈ ਪੰਚਾਇਤ ਵੱਲੋਂ ਕਈ ਵਾਰ ਯਤਨ ਕੀਤੇ ਗਏ ਪਰ ਕਾਬਜ਼ਕਾਰੀ ਕਬਜ਼ਾ ਛੱਡਣ ਲਈ ਨਾ ਮੰਨੇ। ਆਖਿਰ ਇਸ ਜ਼ਮੀਨ ਨੂੰ ਛੁਡਵਾਉਣ ਲਈ ਦਲਬੀਰ ਸਿੰਘ ਪੰਚ ਅਤੇ ਸੁਰਜੀਤ ਸਿੰਘ ਨੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਸੁਰਿੰਦਰ ਸਿੰਘ ਢਿੱਲੋਂ ਕੋਲ ਸ਼ਿਕਾਇਤ ਕੀਤੀ। ਉਨ੍ਹਾਂ ਨੇ ਤਹਿਸੀਲਦਾਰ ਦੁਧਨਸਾਧਾਂ ਨੂੰ ਸਬੰਧਤ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਕਬਜ਼ਾ ਛੁਡਵਾਉਣ ਦੀਆਂ ਹਦਾਇਤਾਂ ਕੀਤੀਆਂ। ਇਸ ਦੌਰਾਨ ਪਿਛਲੇ ਹਫਤੇ ਇਸ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਪਰ ਇਸਦੇ ਸਿਰੇ ਨਾ ਚੜ੍ਹਨ ਕਾਰਨ ਅੱਜ ਮੁੜ ਨਾਇਬ-ਤਹਿਸੀਲਦਾਰ ਦੁਧਨਸਾਧਾਂ ਸੁਖਵਿੰਦਰਪਾਲ ਵਰਮਾ, ਕਾਨੂੰਨਗੋ ਅਨਿਲ ਜੋਸ਼ੀ ਅਤੇ ਕਾਨੂੰਨਗੋ ਜਗਦੀਪਇੰਦਰ ਸਿੰਘ ਸੋਢੀ, ਪੰਚਾਇਤ ਅਫਸਰ ਸੁਰਜੀਤ ਸਿੰਘ ਅਤੇ ਸੈਕਟਰੀ ਹਰਦੀਪ ਸਿੰਘ ਦੀ ਮੌਜੂਦਗੀ 'ਚ ਨਿਸ਼ਾਨਦੇਹੀ ਕਰਵਾਈ ਗਈ। ਇਸ ਮੌਕੇ ਪੰਚਾਇਤ ਮਹਿਕਮੇ ਨੇ ਹਰਦੇਵ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ ਪੁਤਰਾਨ ਗੁਰਨਾਮ ਸਿੰਘ, ਗੁਰਭਗਤ ਸਿੰਘ ਪੁੱਤਰ ਜਸਵੰਤ ਸਿੰਘ, ਹਰਮੇਲ ਸਿੰਘ ਪੁਤਰ ਸਰਬਣ ਸਿੰਘ, ਗੁਲਜ਼ਾਰ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ ਪੁਤਰਾਨ ਹਰੀ ਸਿੰਘ, ਹਰਮੇਸ਼ ਸਿੰਘ, ਦਰਸ਼ਨ ਸਿੰਘ ਅਤੇ ਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਆਦਿ ਵਿਅਕਤੀਆਂ ਤੋਂ ਪਿਛਲੇ ਦੋ ਦਹਾਕੇ ਤੋਂ ਚਲੇ ਆ ਰਹੇ ਨਾਜਾਇਜ਼ ਕਬਜ਼ੇ ਨੂੰ ਟਰੈਕਟਰਾਂ ਨਾਲ ਬਰਸੀਨ ਅਤੇ ਕਣਕ ਨੂੰ ਵਾਹ ਕੇ ਅਤੇ ਗੁਹਾਰਿਆਂ ਨੂੰ ਜੇ. ਸੀ. ਬੀ. ਨਾਲ ਢਾਹ ਕੇ ਕਬਜ਼ਾ ਪੰਚਾਇਤ ਹਵਾਲੇ ਕਰ ਦਿੱਤਾ ਗਿਆ।
ਇਸ ਮੌਕੇ ਥਾਣਾ ਜੁਲਕਾਂ ਮੁਖੀ ਹਰਬਿੰਦਰ ਸਿੰਘ, ਥਾਣਾ ਮੁਖੀ ਸਦਰ ਜਸਵਿੰਦਰ ਸਿੰਘ ਟਿਵਾਣਾ, ਥਾਣਾ ਸਨੌਰ ਮੁਖੀ ਰਣਬੀਰ ਸਿੰਘ, ਚੌਕੀ ਇੰਚਾਰਜ ਭੁਨਰਹੇੜੀ ਸਵਰਨ ਸਿੰਘ, ਚੌਕੀ ਇੰਚਾਰਜ ਬਲਬੇੜਾ ਜਗਦੀਸ਼ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਮੌਜੂਦ ਸਨ।
ਪੁਲਸ ਨੇ 4 ਕਿਲੋ ਅਫੀਮ ਸਮੇਤ 3 ਨੂੰ ਕੀਤਾ ਗ੍ਰਿਫਤਾਰ
NEXT STORY