ਲੁਧਿਆਣਾ, (ਮਹੇਸ਼)- ਦੁਕਾਨਾਂ, ਘਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਕ੍ਰਾਈਮ ਸ਼ਾਖਾ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਦਾ ਇਕ ਮੈਂਬਰ ਪੁਲਸ ਦੀ ਗ੍ਰਿਫਤ 'ਚੋਂ ਹੁਣ ਤੱਕ ਬਾਹਰ ਹੈ। ਫੜੇ ਗਏ ਦੋਸ਼ੀਆਂ ਤੋਂ ਲੱਖਾਂ ਰੁਪਏ ਦਾ ਇਲੈਕਟ੍ਰਾਨਿਕ ਸਾਮਾਨ ਬਰਾਮਦ ਹੋਇਆ ਹੈ।
ਬ੍ਰਾਂਚ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਪਿੰਡ ਜੱਸੀਆਂ ਦੇ ਲਛਮਣ ਕੁਮਾਰ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੇ ਤੀਜੇ ਸਾਥੀ ਮੰਗਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਕੋਲੋਂ 16 ਮੋਬਾਇਲ ਫੋਨ, 2 ਹੋਮ ਥੀਏਟਰ, 1 ਐੱਲ. ਈ. ਡੀ. ਕੰਪਿਊਟਰ ਸਕਰੀਨ, ਵਾਈ-ਫਾਈ ਦੇ 2 ਰੂਟਰ, 1 ਯੂ. ਪੀ. ਐੱਸ. ਅਤੇ 1 ਛੋਟਾ ਹਾਥੀ ਬਰਾਮਦ ਕੀਤਾ ਗਿਆ ਹੈ।
ਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਟਿੱਪ ਮਿਲੀ ਸੀ ਕਿ ਉਕਤ ਦੋਸ਼ੀ ਘਰਾਂ ਅਤੇ ਦੁਕਾਨਾਂ 'ਚ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਨੂੰ ਬਲੌਕੀ ਚੌਕ ਕੋਲੋਂ ਜਾਲ ਵਿਛਾ ਕੇ ਫੜਿਆ ਗਿਆ। ਇਨ੍ਹਾਂ ਕੋਲੋਂ ਉਕਤ ਸਾਮਾਨ ਬਰਾਮਦ ਹੋਇਆ। ਪੁੱਛਗਿੱਛ ਵਿਚ ਦੋਸ਼ੀਆਂ ਨੇ 8 ਵਾਰਦਾਤਾਂ 'ਚ ਆਪਣੀ ਸ਼ਮੂਲੀਅਤ ਦੱਸੀ, ਜਿਸ ਨਾਲ 6 ਕੇਸ ਹੱਲ ਹੋ ਗਏ ਹਨ। ਦੋਸ਼ੀਆਂ ਨੂੰ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਖਿਲਾਫ ਹੈਬੋਵਾਲ ਥਾਣੇ ਵਿਚ ਪਰਚਾ ਦਰਜ ਕੀਤਾ ਗਿਆ ਹੈ।
ਪੰਜਾਬ 'ਚ ਸਰਕਾਰੀ ਗੱਡੀਆਂ ਨੂੰ ਨਹੀਂ ਮਿਲੇਗਾ ਉਧਾਰ ਪੈਟਰੋਲ
NEXT STORY