ਸੁਲਤਾਨਪੁਰ ਲੋਧੀ (ਧੀਰ, ਸੋਢੀ)- ਵਿਦੇਸ਼ ਜਾਣ ਦੇ ਸੁਨਹਿਰੀ ਸੁਪਨੇ ਵਿਖਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਮਨੁੱਖੀ ਸਮੱਗਲਿੰਗ ਦੇ ਖ਼ਤਰਨਾਕ ਜਾਲ ਵਿਚ ਧੱਕਣ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਸਪੇਨ ਭੇਜਣ ਦਾ ਵਾਅਦਾ ਕਰਕੇ 2 ਨੌਜਵਾਨਾਂ ਨੂੰ 30 ਜੁਲਾਈ ਨੂੰ ਦਿੱਲੀ ਤੋਂ ਥਾਈਲੈਂਡ ਭੇਜੇ ਜਾਣ ਅਤੇ ਉਥੇ ਕਥਿਤ ਤੌਰ 'ਤੇ ਡੌਂਕਰਾਂ ਦੇ ਹਵਾਲੇ ਕਰਨ ਦੇ ਦੋਸ਼ ਲੱਗੇ ਹਨ। ਪਰਿਵਾਰਾਂ ਦਾ ਦਾਅਵਾ ਹੈ ਕਿ ਦੋਵਾਂ ਨੌਜਵਾਨਾਂ ਨੂੰ ਕਰੀਬ 10 ਦਿਨ ਤੱਕ ਬੰਧਕ ਬਣਾ ਕੇ ਕਥਿਤ ਤਸ਼ੱਦਦ ਕੀਤਾ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ। ਮਾਮਲੇ ਵਿਚ ਕਥਿਤ 'ਖਾਨ ਬਾਬਾ ਗਿਰੋਹ' ਦਾ ਨਾਂ ਸਾਹਮਣੇ ਆਉਣ ਕਾਰਨ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ Alert

ਪੀੜਤ ਪਰਿਵਾਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਸਾਰੀ ਘਟਨਾ ਦੱਸੀ ਅਤੇ ਇਨਸਾਫ਼ ਦੀ ਗੁਹਾਰ ਲਗਾਈ। ਪਰਿਵਾਰਾਂ ਨੇ ਕਥਿਤ ਟ੍ਰੈਵਲ ਏਜੰਟਾਂ ਅਤੇ ਡੌਂਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ ਥਾਈਲੈਂਡ ਵਿਚ ਫਸੇ ਕੁਲਰਾਜ ਸਿੰਘ ਦੀ ਸੁਰੱਖਿਅਤ ਵਤਨ ਵਾਪਸੀ ਦੀ ਮੰਗ ਕੀਤੀ।
ਪਰਿਵਾਰਾਂ ਮੁਤਾਬਕ ਪਿੰਡ ਗਿੱਲਾਂ, ਸੁਲਤਾਨਪੁਰ ਲੋਧੀ ਦੇ ਮਨਪ੍ਰੀਤ ਸਿੰਘ ਅਤੇ ਪਿੰਡ ਮਾਣਕ, ਜ਼ਿਲ੍ਹਾ ਜਲੰਧਰ ਦੇ ਕੁਲਰਾਜ ਸਿੰਘ ਨੂੰ ਸਪੇਨ ਭੇਜਣ ਸਬੰਧੀ ਗੱਲਬਾਤ ਲੋਹੀਆਂ ਵਾਸੀ ਸੰਜੀਵ ਕੁਮਾਰ ਨਾਲ ਹੋਈ ਸੀ, ਜਿਸ ਦਾ ਡੱਲਾ ਪਿੰਡ ਵਿਖੇ ਦਫ਼ਤਰ ਦੱਸਿਆ ਗਿਆ ਹੈ। ਦੋਵਾਂ ਨੌਜਵਾਨਾਂ ਨੂੰ ਸਪੇਨ ਪਹੁੰਚਾਉਣ ਲਈ ਕਥਿਤ ਤੌਰ ’ਤੇ 11.5 ਲੱਖ ਰੁਪਏ ਪ੍ਰਤੀ ਨੌਜਵਾਨ ਦੀ ਗੱਲ ਹੋਈ ਸੀ ਅਤੇ ਰਕਮ ਸਪੇਨ ਪਹੁੰਚਣ ਮਗਰੋਂ ਦੇਣੀ ਤੈਅ ਹੋਈ ਸੀ।
ਇਹ ਵੀ ਪੜ੍ਹੋ: ਪੰਜਾਬ 'ਚ AGTF ਦੀ ਟੀਮ ਨੇ ਫ਼ਿਲਮੀ ਅੰਦਾਜ਼ 'ਚ ਫੜਿਆ ਗੈਂਗਸਟਰ! ਹੈਰਾਨ ਕਰੇਗਾ ਮਾਮਲਾ
30 ਜੁਲਾਈ ਨੂੰ ਦਿੱਲੀ ਤੋਂ ਥਾਈਲੈਂਡ ਭੇਜਿਆ
ਪਰਿਵਾਰਾਂ ਦਾ ਦੋਸ਼ ਹੈ ਕਿ 30 ਜੁਲਾਈ ਨੂੰ ਦੋਵਾਂ ਨੂੰ ਦਿੱਲੀ ਏਅਰਪੋਰਟ ਤੋਂ ਥਾਈਲੈਂਡ ਲਈ ਇਹ ਕਹਿ ਕੇ ਰਵਾਨਾ ਕੀਤਾ ਗਿਆ ਕਿ ਉਥੇ ਸਿਰਫ਼ ਇਕ ਸਟੈਂਪ ਲੱਗਣੀ ਹੈ ਅਤੇ ਕਰੀਬ ਇਕ ਘੰਟੇ ਬਾਅਦ ਸਪੇਨ ਦੀ ਅਗਲੀ ਉਡਾਣ ਕਰਵਾ ਦਿੱਤੀ ਜਾਵੇਗੀ। ਥਾਈਲੈਂਡ ਪਹੁੰਚਣ ਮਗਰੋਂ ਦੋਵਾਂ ਨੂੰ ਸਪੇਨ ਭੇਜਣ ਦੀ ਬਜਾਏ ਕਥਿਤ ਤੌਰ ’ਤੇ ਡੌਂਕਰਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ।
ਭਾਰਤ ਪਰਤੇ ਮਨਪ੍ਰੀਤ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦਾਅਵਾ ਕੀਤਾ ਕਿ ਉਸ ਸਮੇਂ ਹਰ ਪਲ ਉਸ ਨੂੰ ਆਪਣੀ ਜਾਨ ਦਾ ਡਰ ਬਣਿਆ ਰਹਿੰਦਾ ਸੀ। ਉਸ ਅਨੁਸਾਰ ਉਸ ਨੂੰ ਅਤੇ ਕੁਲਰਾਜ ਨੂੰ ਡਰਾ-ਧਮਕਾ ਕੇ ਕਥਿਤ ਤੌਰ ’ਤੇ ਤਸ਼ੱਦਦ ਕੀਤਾ ਗਿਆ। ਪਰਿਵਾਰਾਂ ਨਾਲ ਸੰਪਰਕ ਕਰ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਅਤੇ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਪਰਿਵਾਰਾਂ ਨੂੰ ਤਸ਼ੱਦਦ ਦੀਆਂ ਆਡੀਓ ਰਿਕਾਰਡਿੰਗਾਂ ਭੇਜ ਕੇ ਦਹਿਸ਼ਤ ਪੈਦਾ ਕਰਨ ਦਾ ਵੀ ਦੋਸ਼ ਹੈ।

24 ਲੱਖ ਦੇਣ ਮਗਰੋਂ ਮਨਪ੍ਰੀਤ ਰਿਹਾਅ
ਮਨਪ੍ਰੀਤ ਦੇ ਪਰਿਵਾਰ ਅਨੁਸਾਰ ਉਸ ਦੀ ਰਿਹਾਈ ਲਈ ਡੌਂਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਵੱਖ-ਵੱਖ ਸਮਿਆਂ ’ਤੇ ਕਰੀਬ 24 ਲੱਖ ਰੁਪਏ ਦਿੱਤੇ ਗਏ। ਇਸ ਤੋਂ ਬਾਅਦ ਮਨਪ੍ਰੀਤ ਨੂੰ ਰਿਹਾਅ ਕਰ ਦਿੱਤਾ ਗਿਆ। ਪਰਿਵਾਰ ਲਈ ਸਭ ਤੋਂ ਵੱਡਾ ਹੈਰਾਨੀਜਨਕ ਪੱਖ ਇਹ ਰਿਹਾ ਕਿ ਕਰੀਬ ਦੋ ਘੰਟਿਆਂ ਬਾਅਦ ਹੀ ਉਸ ਨੂੰ ਭਾਰਤ ਦੀ ਫਲਾਈਟ ਕਰਵਾ ਦਿੱਤੀ ਗਈ। ਮਨਪ੍ਰੀਤ ਦੇ ਦਾਅਵੇ ਮੁਤਾਬਕ ਉਹ ਬਿਨਾਂ ਪਾਸਪੋਰਟ ਦੇ ਸਿਰਫ਼ ਟਿਕਟ ਦੇ ਆਧਾਰ ’ਤੇ ਭਾਰਤ ਵਾਪਸ ਪਹੁੰਚਿਆ। ਇਸ ਪੂਰੇ ਘਟਨਾਚੱਕਰ ਨੇ ਸੁਰੱਖਿਆ ਪ੍ਰਬੰਧਾਂ ਅਤੇ ਕਥਿਤ ਮਨੁੱਖੀ ਸਮੱਗਲਿੰਗ ਦੇ ਨੈੱਟਵਰਕ ਬਾਰੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ ਮੌਤ
ਕੁਲਰਾਜ ਦੇ ਪਰਿਵਾਰ ਤੋਂ 8 ਲੱਖ ਲਏ, 15 ਲੱਖ ਹੋਰ ਮੰਗੇ
ਦੂਜੇ ਪਾਸੇ ਕੁਲਰਾਜ ਸਿੰਘ ਦੀ ਪਤਨੀ ਨੇਹਾ ਦਾ ਦੋਸ਼ ਹੈ ਕਿ ਡੌਂਕਰਾਂ ਨੇ ਪਰਿਵਾਰ ਤੋਂ 8 ਲੱਖ ਰੁਪਏ ਲੈਣ ਦੇ ਬਾਵਜੂਦ ਹੋਰ 15 ਲੱਖ ਰੁਪਏ ਦੀ ਮੰਗ ਕੀਤੀ। ਪਰਿਵਾਰ ਵਲੋਂ ਹੋਰ ਰਕਮ ਦੇਣ ਤੋਂ ਅਸਮਰੱਥਤਾ ਜਤਾਉਣ ਮਗਰੋਂ ਕਥਿਤ ਤੌਰ ’ਤੇ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਕੁਲਰਾਜ ਖ਼ਿਲਾਫ਼ ਕਥਿਤ ਝੂਠਾ ਮਾਮਲਾ ਦਰਜ ਕਰਵਾ ਕੇ ਉਸ ਨੂੰ ਥਾਈਲੈਂਡ ਦੀ ਜੇਲ ਵਿਚ ਭੇਜ ਦਿੱਤਾ ਗਿਆ। ਪਰਿਵਾਰ ਹੁਣ ਉਸ ਦੀ ਸੁਰੱਖਿਅਤ ਵਾਪਸੀ ਲਈ ਸਰਕਾਰੀ ਦਖ਼ਲ ਦੀ ਉਡੀਕ ਕਰ ਰਿਹਾ ਹੈ।
ਸੰਤ ਸੀਚੇਵਾਲ ਵੱਲੋਂ ਡੀ. ਜੀ. ਪੀ. ਪੰਜਾਬ ਤੇ ਵਿਦੇਸ਼ ਮੰਤਰਾਲਾ ਤੋਂ ਡੂੰਘੀ ਜਾਂਚ ਦੀ ਮੰਗ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ. ਜੀ. ਪੀ. ਪੰਜਾਬ ਅਤੇ ਵਿਦੇਸ਼ ਮੰਤਰਾਲਾ ਤੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ‘ਖਾਨ ਬਾਬਾ ਗਿਰੋਹ’ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਇਸ ਦੇ ਪਿੱਛੇ ਕੰਮ ਕਰ ਰਹੇ ਪੂਰੇ ਨੈੱਟਵਰਕ ਦੀਆਂ ਜੜ੍ਹਾਂ ਤੱਕ ਪਹੁੰਚਣਾ ਜ਼ਰੂਰੀ ਹੈ। ਸੰਤ ਸੀਚੇਵਾਲ ਨੇ ਇਹ ਵੀ ਸਵਾਲ ਉਠਾਇਆ ਕਿ ਇਕ ਵਿਅਕਤੀ ਬਿਨਾਂ ਪਾਸਪੋਰਟ ਦੇ ਸਿਰਫ਼ ਟਿਕਟ ਦੇ ਆਧਾਰ ’ਤੇ ਭਾਰਤ ਕਿਵੇਂ ਪਹੁੰਚ ਗਿਆ? ਉਨ੍ਹਾਂ ਕਿਹਾ ਕਿ ਇਸ ਪੱਖ ਦੀ ਵੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਇਸ ਕਥਿਤ ਨੈੱਟਵਰਕ ਵਿਚ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਹੋਰ ਕਿੰਨੇ ਨੌਜਵਾਨ ਇਸ ਦਾ ਸ਼ਿਕਾਰ ਬਣ ਚੁੱਕੇ ਹਨ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਪਤੀ-ਪਤਨੀ ਦੀ ਇਕੱਠਿਆਂ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ 22-23 ਤਾਰੀਖ਼ ਨੂੰ ਗਰਜ-ਤੂਫ਼ਾਨ ਨਾਲ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
NEXT STORY