ਲੁਧਿਆਣਾ, (ਪੰਕਜ)- ਹੋਟਲ ਦਾ ਸੀਵਰੇਜ ਸਾਫ ਕਰਦਿਆਂ ਸਟਾਫ ਕਰਮਚਾਰੀਆਂ 'ਚੋਂ 2 ਦੀ ਹੋਈ ਮੌਤ ਦੇ ਮਾਮਲੇ ਨੇ ਗੰਭੀਰ ਰੂਪ ਲੈ ਲਿਆ ਹੈ। ਐਤਵਾਰ ਨੂੰ ਵੱਡੀ ਗਿਣਤੀ 'ਚ ਸਿਵਲ ਹਸਪਤਾਲ ਪਹੁੰਚੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਪੁਲਸ ਨੂੰ ਦੋ ਟੁਕ ਕਿਹਾ ਹੈ ਕਿ ਜਦ ਤੱਕ ਦੋਸ਼ੀ ਹੋਟਲ ਮਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਤਦ ਤੱਕ ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੂੰ ਮਨਾਉਣ 'ਚ ਲੱਗੀ ਪੁਲਸ ਨੇ ਮਾਮਲੇ 'ਚ ਧਾਰਾ 304 ਜੋੜਨ ਦੇ ਨਾਲ ਪ੍ਰੀਵੈਨਸ਼ਨ ਆਫ ਇੰਪਲਾਈਮੈਂਟ ਮੈਨੂਅਲ ਸਰਵਿਸਿੰਗ ਰੀਹੈਬਲੀਟੇਸ਼ਨ ਐਕਟ ਵੀ ਲਾ ਦਿੱਤਾ ਤੇ ਹੋਟਲ ਦੇ ਮੇਨੈਜਰ ਨੂੰ ਗ੍ਰਿਫਤਾਰ ਕਰ ਲਿਆ ਪਰ ਪਰਿਵਾਰ ਮਾਲਕ ਦੀ ਗ੍ਰਿਫਤਾਰੀ ਨੂੰ ਲੈ ਕੇ ਅੜਿਆ ਹੋਇਆ ਹੈ।
ਦੁੱਗਰੀ ਰੋਡ ਸਥਿਤ ਹੋਟਲ ਗਰੈਂਡ ਮੈਰੀਅਟ ਦੇ ਪ੍ਰਬੰਧਕਾਂ ਵੱਲੋਂ ਸ਼ਨੀਵਾਰ ਨੂੰ ਹੋਟਲ ਦਾ ਸੀਵਰੇਜ ਬੰਦ ਹੋਣ 'ਤੇ ਸਟਾਫ ਕਰਮਚਾਰੀਆਂ ਨੂੰ ਸਫਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਬਿਨਾਂ ਕਿਸੇ ਸੇਫਟੀ ਦੇ ਸੀਵਰੇਜ ਸਾਫ ਕਰਨ ਉਤਰੇ ਦੀਪਕ ਕੁਮਾਰ ਤੇ ਅਰਮਾਨ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੇ 3 ਸਹਿ-ਕਰਮਚਾਰੀ ਸਮੀਰ, ਕ੍ਰਿਸ਼ ਅਤੇ ਸੋਨੂੰ ਦੀ ਹਾਲਤ ਖਰਾਬ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਐਤਵਾਰ ਨੂੰ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਦ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਹੋਟਲ ਦੇ ਮਾਲਕ ਚੇਤਨ ਵਰਮਾ ਦੀ ਗ੍ਰਿਫਤਾਰੀ ਤੱਕ ਪੋਸਟਮਾਰਟਮ ਤੇ ਸਸਕਾਰ ਨਾ ਕਰਨ ਦਾ ਫੈਸਲਾ ਸੁਣਾ ਦਿੱਤਾ।
ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਦੱਸਿਆ ਕਿ ਦੋਸ਼ੀ ਹੋਟਲ ਮਾਲਕ ਦੇ ਖਿਲਾਫ ਐੱਫ. ਆਈ. ਆਰ. 'ਚ ਜੁਰਮ ਦਾ ਵਾਧਾ ਕਰਦੇ ਹੋਏ ਧਾਰਾ–304 ਲਾਉਣ ਦੇ ਇਲਾਵਾ ਪ੍ਰੀਵੈਨਸ਼ਨ ਆਫ ਇੰਪਲਾਈਮੈਂਟ ਮੈਨੂਅਲ ਸਰਵਿਸਿੰਗ ਰੀਹੈਬਲੀਟੇਸ਼ਨ ਐਕਟ ਵੀ ਲਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਹੋਟਲ ਦੇ ਮੈਨੇਜਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੇ ਕਰਮਚਾਰੀਆਂ ਨੂੰ ਸੀਵਰੇਜ ਸਾਫ ਕਰਨ ਲਈ ਕਿਹਾ ਸੀ। ਫਿਰ ਵੀ ਮ੍ਰਿਤਕਾਂ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚੇ ਹੋਟਲ ਦੇ ਸਫਾਈ ਕਰਮਚਾਰੀ ਸਨ, ਨਾ ਕਿ ਸੀਵਰੇਜਮੈਨ, ਉਨ੍ਹਾਂ ਦੀ ਮੌਤ ਲਈ ਸਿੱਧੇ ਤੌਰ 'ਤੇ ਹੋਟਲ ਮਾਲਕ ਜ਼ਿੰਮੇਵਾਰ ਹੈ, ਜਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਸੀਵਰੇਜ 'ਚ ਉਤਰਨ ਲਈ ਮਜਬੂਰ ਕੀਤਾ। ਇਸ ਲਈ ਪੁਲਸ ਹੋਟਲ ਮਾਲਕ ਨੂੰ ਗ੍ਰਿਫਤਾਰ ਕਰੇ ਫਿਰ ਉਹ ਪੋਸਟਮਾਰਟਮ ਦੇ ਬਾਅਦ ਲਾਸ਼ ਦਾ ਸਸਕਾਰ ਕਰਨਗੇ। ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਨਾਲ ਪਹੁੰਚੇ ਨੇਤਾਵਾਂ ਨੂੰ ਮਨਾਉਣ 'ਚ ਜੁਟੀ ਪੁਲਸ ਨੇ ਘੰਟਿਆਂ ਦੀ ਮਿਹਨਤ ਕੀਤੀ ਪਰ ਅਸਫਲ ਰਹੇ, ਜਿਸ ਕਾਰਨ ਸਾਰਾ ਦਿਨ ਤਣਾਅ ਬਣਿਆ ਰਿਹਾ। ਓਧਰ ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਜੁਰਮ 'ਚ ਵਾਧਾ ਕਰ ਕੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਹੈ। ਹੋਟਲ ਮਾਲਕ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਹੁਣ ਤੱਕ ਫਰਾਰ ਹੈ।
ਯਾਤਰੀਆਂ ਨੂੰ ਲੁੱਟਣ ਵਾਲੇ ਅੰਤਰਰਾਸ਼ਟਰੀ ਗਿਰੋਹ ਦੇ 4 ਮੈਂਬਰ ਕਾਬੂ
NEXT STORY