ਲੁਧਿਆਣਾ, (ਪਾਲੀ)- ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਜਥੇ. ਬਲਵਿੰਦਰ ਸਿੰਘ ਬੈਂਸ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਵਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਅਾਂ ਕਿਹਾ ਕਿ ਦੇਰ ਨਾਲ ਹੀ ਸਹੀ, ਮਾਣਯੋਗ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਨਾਲ ਦੇਸ਼ ਦੇ ਲੋਕਾਂ ਦਾ ਨਿਅਾਂ ਪ੍ਰਣਾਲੀ ’ਤੇ ਵਿਸ਼ਵਾਸ ਵਧਿਆ ਹੈ ਅਤੇ ਸੱਜਣ ਕੁਮਾਰ ਵਾਂਗ 1984 ਦੇ ਦਿੱਲੀ ਅਤੇ ਦੇਸ਼ ਭਰ ਵਿਚ ਹੋਏ ਦੰਗਿਆਂ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਅਤੇ ਹੋਰਨਾਂ ਨੂੰ ਵੀ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਹੈ।
ਜਥੇ. ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੱਜਣ ਕੁਮਾਰ ਵਿਦੇਸ਼ ’ਚ ਜਾ ਕੇ ਲੁਕ ਸਕਦਾ ਹੈ। ਇਸ ਲਈ ਜਿਸ ਵੇਲੇ ਅਦਾਲਤ ਵਿਚ ਸਜ਼ਾ ਸੁਣਾਈ ਗਈ ਸੀ, ਉਸ ਨੂੰ ਮੌਕੇ ’ਤੇ ਹੀ ਸੱਜਣ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਨਾਲ ਸਿੱਖਾਂ ਵਿਸ਼ੇਸ਼ ਕਰ ਕੇ ਇਕ ਕਤਲੇਆਮ ਦੇ ਪੀਡ਼ਤਾਂ ਨੂੰ ਰਾਹਤ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵਲੋਂ ਕਾਂਗਰਸ ਪਾਰਟੀ ’ਤੇ ਕੀਤੀ ਗਈ ਟਿੱਪਣੀ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੇ ਹੀ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਅਤੇ ਇਹ ਸਿੱਧ ਹੋ ਗਿਆ ਹੈ ਕਿ ਕਾਂਗਰਸ ਦੇਸ਼ ਦੀ ਦੁਸ਼ਮਣ ਪਾਰਟੀ ਹੈ।
‘ਕੈਪਟਨ ਤੇ ਸਿੱਧੂ ਕਿਹੜੇ ਮੂੰਹ ਨਾਲ ਲੋਕਾਂ ’ਚ ਜਾਣਗੇ’ :
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ੇਸ਼ ਕਰ ਕੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਲਪੇਟੇ ’ਚ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਜੇ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਕਾਂਗਰਸ ਪਾਰਟੀ ਜਾਂ ਉਸ ਦੇ ਆਗੂਆਂ ਦੀ ਸ਼ਮੂਲੀਅਤ ਨਹੀਂ ਹੈ। ਉਨ੍ਹਾਂ ਕੈਪਟਨ ਸਮੇਤ ਸਿੱਧੂ ਨੂੰ ਸਵਾਲ ਕੀਤਾ ਕਿ ਰਾਹੁਲ ਨੂੰ ਆਪਣਾ ਕੈਪਟਨ ਕਹਿਣ ਵਾਲੇ ਹੁਣ ਕਿਹਡ਼ਾ ਮੂੰਹ ਲੈ ਕੇ ਲੋਕਾਂ ਵਿਚ ਗੱਲ ਕਰਨਗੇ। ਅਦਾਲਤ ਵਲੋਂ ਹੀ ਕਾਂਗਰਸ ਨੂੰ ਕਟਹਿਰੇ ’ਚ ਖਡ਼੍ਹਾ ਕਰਨਾ ਆਪਣੇ ਆਪ ਦੱਸਦਾ ਹੈ ਕਿ ਕਾਂਗਰਸ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਅਤੇ ਹੁਣ ਵੀ ਕਾਂਗਰਸ ਦੰਗਿਆਂ ਦੇ ਦੋਸ਼ੀਆਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਕੇ ਨਿਵਾਜ਼ ਰਹੀ ਹੈ। ਉਨ੍ਹਾਂ ਸੱਜਣ ਕੁਮਾਰ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਮਹਾਰਾਸ਼ਟਰ ਨੂੰ ਮੋਦੀ ਦੇਣਗੇ 41,000 ਕਰੋੜ ਦਾ ਤੋਹਫਾ (ਪੜ੍ਹੋ 18 ਦਸੰਬਰ ਦੀਆਂ ਖਾਸ ਖਬਰਾਂ)
NEXT STORY