ਹੁਸ਼ਿਆਰਪੁਰ (ਰਾਜੇਸ਼ ਜੈਨ)- ਯੂਕ੍ਰੇਨ ਵਿਚ ਮੌਤ ਦੇ ਸਾਏ ਹੇਠ ਇਕ-ਇਕ ਪਲ ਬਤੀਤ ਕਰ ਰਹੇ ਭਾਰਤੀ ਮੈਡੀਕਲ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਉਥੋਂ ਕੱਢਣ ਲਈ ਭਾਰਤ ਸਰਕਾਰ ਮਦਦ ਕਰੇ। ਯੂਕ੍ਰੇਨ ਦੀ ਖਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਹੋਸਟਲ ਨੰ. 5 ਦੇ ਬੇਸਮੈਂਟ ਵਿਚ ਸਥਿਤ ਬੰਕਰ ਵਿਚ ਸਾਥੀ ਵਿਦਿਆਰਥੀਆਂ ਨਾਲ ਰਹਿ ਰਹੀ ਪੰਜਾਬੀ ਮੂਲ ਦੀ ਸਨੇਹਾ ਗੁਪਤਾ ਨੇ 'ਜਗ ਬਾਣੀ' ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਯੂਨੀਵਰਸਿਟੀ ਵਿਚ ਪੜ੍ਹਦੇ 700-800 ਵਿਦਿਆਰਥੀਆਂ ਵਿਚ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ: ਏਜੰਟਾਂ ਦੀ ਖੇਡ, ਯੂਰਪ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਭੇਜਿਆ ਯੂਕ੍ਰੇਨ, ਇੰਝ ਵਿਛਾਇਆ ਜਾਂਦੈ ਜਾਲ
ਸਨੇਹਾ ਨੇ ਰੋਂਦੇ ਹੋਏ ਦੱਸਿਆ ਕਿ 24 ਫਰਵਰੀ ਨੂੰ ਸਵੇਰੇ 5 ਵਜੇ ਯੂਨੀਵਰਸਿਟੀ ਨੇੜੇ ਹਵਾਈ ਹਮਲਾ ਹੋਇਆ ਸੀ, ਉਦੋਂ ਤੋਂ ਉਨ੍ਹਾਂ ਸਾਰਿਆਂ ਨੇ ਅੱਖ ਝਪਕ ਕੇ ਵੀ ਨਹੀਂ ਵੇਖੀ। ਉਸ ਨੇ ਦੱਸਿਆ ਕਿ ਇਥੇ ਕੜਾਕੇ ਦੀ ਠੰਡ ਹੈ ਅਤੇ ਤਾਪਮਾਨ 3 ਡਿਗਰੀ ਦੇ ਆਸਪਾਸ ਚੱਲ ਰਿਹਾ ਹੈ। ਸਾਨੂੰ ਬੰਕਰਾਂ ਵਿਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇੰਝ ਜਾਪਦਾ ਹੈ ਕਿ ਮੌਤ ਸਿਰ ’ਤੇ ਮੰਡਰਾ ਰਹੀ ਹੈ। ਹਾਲਾਂਕਿ ਇਸ ਸਮੇਂ ਹੋਸਟਲ ਦੇ ਠੇਕੇਦਾਰ ਵੱਲੋਂ ਉਨ੍ਹਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਇਹ ਸਿਲਸਿਲਾ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ।
ਸਨੇਹਾ ਨੇ ਕਿਹਾ ਕਿ ਉਹ ਸੜਕ ਰਾਹੀਂ ਪੋਲੈਂਡ ਜਾਂ ਹੰਗਰੀ ਦੀ ਸਰਹੱਦ ਤੱਕ ਵੀ ਨਹੀਂ ਪਹੁੰਚ ਸਕਦੇ। ਸਨੇਹਾ ਦੇ ਪਿਤਾ ਆਰਮੀ ਅਫ਼ਸਰ ਹਨ ਅਤੇ ਫਿਲਹਾਲ ਜੈਸਲਮੇਰ ’ਚ ਤਾਇਨਾਤ ਹਨ। ਉਸ ਨੇ ਕਿਹਾ ਕਿ ਉਹ ਭਾਰਤੀ ਦੂਤਘਰ ਨਾਲ ਸੰਪਰਕ ਕਰਨ ਤੋਂ ਵੀ ਅਸਮਰੱਥ ਹਨ। ਉਹ 'ਜਗ ਬਾਣੀ' ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਨ ਕਿ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਜਲਦੀ ਬਾਹਰ ਕੱਢਣ ਦਾ ਪ੍ਰਬੰਧ ਕੀਤਾ ਜਾਵੇ।
ਇਹ ਵੀ ਪੜ੍ਹੋ: MBBS ਕਰਨ ਲਈ ਯੂਕ੍ਰੇਨ ਗਈਆਂ ਕਪੂਰਥਲਾ ਜ਼ਿਲ੍ਹੇ ਦੀਆਂ 4 ਕੁੜੀਆਂ ਫਸੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਕ੍ਰੇਨ ’ਚ ਸੁਲਤਾਨਪੁਰ ਲੋਧੀ ਦੇ ਦੋ ਵਿਦਿਆਰਥੀ ਇੰਝ ਬਚਾ ਰਹੇ ਨੇ ਜਾਨ, ਮਾਪੇ ਚਿੰਤਤ
NEXT STORY