ਫ਼ਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ਸ਼ਹਿਰ ਦੇ ਇੱਛੇਵਾਲਾ ਰੋਡ (ਨੇੜੇ ਬੱਸ ਸਟੈਂਡ) ਵਾਸੀ ਤਕਰੀਬਨ 22 ਸਾਲਾ ਨੌਜਵਾਨ ਨਿਤਿਨ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਦੀ ਕੈਨੇਡਾ ਦੇ ਇਕ ਹਸਪਤਾਲ ’ਚ ਭੇਤਭਰੀ ਹਾਲਤ ’ਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨਿਤਿਨ ਦੀ ਲਾਸ਼ ਟ੍ਰਿਲੀਅਮ ਹੈਲਥ ਪਾਰਟਨਰਸ ਹਸਪਤਾਲ ਮਿਸੀਸਾਗਾ ’ਚ ਰੱਖੀ ਗਈ ਹੈ। ਉਸ ਦੀ ਲਾਸ਼ ਫ਼ਿਰੋਜ਼ਪੁਰ ਲਿਆਉਣ ਲਈ ਤਕਰੀਬਨ 22 ਹਜ਼ਾਰ ਡਾਲਰ ਜਮ੍ਹਾ ਹੋਣੇ ਹਨ ਤੇ ਉਸ ਦੇ ਦੋਸਤ ਪੈਸੇ ਇਕੱਠੇ ਕਰ ਕੇ ਲਾਸ਼ ਫ਼ਿਰੋਜ਼ਪੁਰ ਮੰਗਵਾਉਣ ਦੀ ਤਿਆਰੀ ਕਰ ਰਹੇ ਹਨ। 22 ਹਜ਼ਾਰ ਡਾਲਰ ਜਮ੍ਹਾ ਕਰਵਾਉਣ ’ਚ ਕੈਨੇਡਾ ਵਿਚ ਰਹਿੰਦੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਸਹਿਯੋਗ ਦੇ ਰਹੇ ਹਨ। ਉਸ ਦੇ ਦੋਸਤਾਂ ਨੇ ਇਕ ਪੇਜ ਬਣਾਇਆ ਹੈ, ਜਿਸ ’ਚ ਲੋਕਾਂ ਤੋਂ ਲਾਸ਼ ਭਾਰਤ ’ਚ ਭੇਜਣ ਲਈ ਮਦਦ ਮੰਗੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁਕੇਰੀਆਂ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫ਼ੈਲੀ ਸਨਸਨੀ
ਨਿਤਿਨ ਦੇ ਪਿਤਾ ਅਸ਼ੋਕ ਸ਼ਰਮਾ (ਜੋ ਇੱਛੇਵਾਲਾ ਰੋਡ ’ਤੇ ਘਰ ਦੇ ਹੇਠਾਂ ਦੁਕਾਨ ਕਰਦੇ ਹਨ) ਦੇ ਘਰ ’ਚ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਪਰਿਵਾਰਕ ਮੈਂਬਰਾਂ ’ਚ ਚੀਕ-ਚਿਹਾੜਾ ਪੈ ਗਿਆ ਅਤੇ ਆਪਣੇ ਬੱਚੇ ਨੂੰ ਕੈਨੇਡਾ ਭੇਜਦੇ ਸਮੇਂ ਇਸ ਪਰਿਵਾਰ ਨੇ ਜੋ ਸੁਫ਼ਨੇ ਦੇਖੇ ਸਨ, ਉਹ ਸਾਰੇ ਇਕ ਹੀ ਪਲ ’ਚ ਚਕਨਾਚੂਰ ਹੋ ਗਏ। ਨਿਤਿਨ ਦੇ ਪਿਤਾ ਨੇ ਦੱਸਿਆ ਕਿ ਕੈਨੇਡਾ ’ਚ ਰਹਿੰਦੇ ਕੁਝ ਲੜਕੇ, ਜੋ ਪਹਿਲਾਂ-ਪਹਿਲਾਂ ਤਕਰੀਬਨ 3 ਮਹੀਨੇ ਉਸ ਦੇ ਨਾਲ ਇਕ ਹੀ ਕਮਰੇ ’ਚ ਰਹੇ, ਉਨ੍ਹਾਂ ਨੇ ਨਿਤਿਨ ਨਾਲ ਕੁੱਟਮਾਰ ਕੀਤੀ ਸੀ ਤੇ ਉਸ ਦੇ ਘਰ ਵਿਚ ਉਸ ਨੂੰ ਹੇਠਾਂ ਬੁਲਾ ਕੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਸੀ। ਇਹ ਲੜਕੇ ਤਲਵਾਰਾਂ ਦਿਖਾ ਕੇ ਨਿਤਿਨ ਤੋਂ ਪੈਸੇ ਮੰਗਦੇ ਸਨ ਅਤੇ ਉਸ ਨੂੰ ਮੋਬਾਇਲ ਫੋਨ ਜਾਂ ਪਾਸਵਰਡ ਦੇਣ ਲਈ ਮਜਬੂਰ ਕਰਦੇ ਸਨ।
ਇਹ ਵੀ ਪੜ੍ਹੋ : ਰੂਸ ’ਚ ਵਾਪਰਿਆ ਭਿਆਨਕ ਜਹਾਜ਼ ਹਾਦਸਾ, 16 ਯਾਤਰੀਆਂ ਦੀ ਮੌਤ
ਉਸ ਸਮੇਂ ਜ਼ਖ਼ਮੀ ਹੋਏ ਨਿਤਿਨ ਨੂੰ ਟ੍ਰਿਲੀਅਮ ਹੈਲਥ ਪਾਰਟਨਰਸ ਮਿਸੀਸਾਗਾ ’ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। ਅਸ਼ੋਕ ਸ਼ਰਮਾ ਨੇ ਦੱਸਿਆ ਕਿ ਛੁੱਟੀ ਮਿਲਣ ਤੋਂ ਬਾਅਦ ਵੀ ਨਿਤਿਨ ਦਾ ਸਿਰਦਰਦ ਹੁੰਦਾ ਰਹਿੰਦਾ ਸੀ ਅਤੇ ਜਦੋਂ ਉਹ ਦੁਬਾਰਾ ਚੈੱਕਅਪ ਲਈ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਸਿਰ ’ਚ ਸੱਟ ਲੱਗੀ ਹੋਣ ਕਾਰਨ ਉਸ ਦੇ ਬ੍ਰੇਨ ’ਚ ਮੁਸ਼ਕਿਲ ਪੇਸ਼ ਆ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਦੇ ਅਨੁਸਾਰ ਹਮਲਾ ਕਰਨ ਵਾਲੇ ਇਹ ਲੜਕੇ ਨਿਤਿਨ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਤੇ ਉਸ ਨੂੰ ਕੁਝ ਦਿਨਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।
ਉਸ ਨੇ ਦੱਸਿਆ ਕਿ ਹੁਣ ਜਦੋਂ ਨਿਤਿਨ ਨੂੰ ਫਿਰ ਤੋਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੀ ਐੱਮ.ਆਰ.ਆਈ. ਹੋਈ ਅਤੇ ਉਸ ਦੇ ਬ੍ਰੇਨ ਦੀ ਸਰਜਰੀ ਕਰਨੀ ਪਈ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਸਿਰ ’ਚ ਲੱਗੀਆਂ ਸੱਟਾਂ ਕਾਰਨ ਮੌਤ ਹੋਈ ਹੈ ਅਤੇ ਹਮਲਾ ਕਰਨ ਵਾਲੇ ਉਹ ਸਾਰੇ ਲੜਕੇ ਨਿਤਿਨ ਦੀ ਮੌਤ ਲਈ ਜ਼ਿੰਮੇਵਾਰ ਹਨ ਤੇ ਇਹ ਸਾਰੇ ਲੜਕੇ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ, ਜੋ ਇਸ ਸਮੇਂ ਕੈਨੇਡਾ ’ਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਭਵਿੱਖ ਉਜਵਲ ਬਣਾਉਣ ਲਈ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਉਸ ਨੂੰ ਕੈਨੇਡਾ ਭੇਜਿਆ ਸੀ ਪਰ ਅੱਜ ਬੇਵੱਸ ਹੋ ਕੇ ਉਹ ਨਿਤਿਨ ਦੀ ਲਾਸ਼ ਦੇ ਆਉਣ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : ਬਰਨਾਲਾ ਵਿਖੇ ਭਾਕਿਯੂ ਸਿੱਧੂਪੁਰ ਦੀ ਰੈਲੀ ’ਚ ਹੋਇਆ ਕਿਸਾਨਾਂ ਦਾ ਭਾਰੀ ਇਕੱਠ, ਸਰਕਾਰ ਨੂੰ ਦਿੱਤੀ ਇਹ ਚਿਤਾਵਨੀ
ਚਰਚ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਹਾਦਸਾ, ਬੱਚੀ ਦੀ ਮੌਤ
NEXT STORY