ਜਲੰਧਰ : ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਕੇਂਦਰੀ ਸ਼ਹਿਰੀ ਵਿਕਾਸ ਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਅਕਾਲੀ ਦਲ-ਭਾਜਪਾ ਗੱਠਜੋੜ ਤੇ ਜਲੰਧਰ ਜ਼ਿਮਨੀ ਚੋਣ ’ਚ ਭਾਜਪਾ ਦੀ ਸਥਿਤੀ ਨੂੰ ਲੈ ਕੇ ਗੱਲਬਾਤ ਕੀਤੀ। ਇਸ ਦੌਰਾਨ ਜਲੰਧਰ ਜ਼ਿਮਨੀ ਚੋਣ ’ਚ ਭਾਜਪਾ ਦੀ ਸਥਿਤੀ ਬਾਰੇ ਬੋਲਦਿਆਂ ਹਰਦੀਪ ਪੁਰੀ ਨੇ ਕਿਹਾ ਕਿ ਜਲੰਧਰ ਦੀ ਜ਼ਿਮਨੀ ਚੋਣ ਜਾਂ ਕੋਈ ਹੋਰ ਜ਼ਿਮਨੀ ਚੋਣ, ਉਸ ਦਾ ਆਪਣਾ ਮਾਹੌਲ ਹੁੰਦਾ ਹੈ। ਜਿਹੜਾ ਵੀ ਸੰਸਦ ਮੈਂਬਰ ਬਣੇਗਾ, ਉਸ ਨੂੰ ਇਕ ਸਾਲ ਤੋਂ ਵੀ ਘੱਟ ਦਾ ਸਮਾਂ ਮਿਲੇਗਾ। ਉਨ੍ਹਾਂ ਕਿਹਾ ਕਿ ਜੇ ਜਲੰਧਰ ਵਾਸੀ ਕਾਂਗਰਸ, ਅਕਾਲੀ ਦਲ ਜਾਂ ‘ਆਪ’ ਦਾ ਉਮੀਦਵਾਰ ਚੁਣਦੇ ਹਨ, ਸਾਡਾ ਜਿਹੜਾ ਪਿਛਲੇ 2 ਸਾਲ ਦਾ ਤਜਰਬਾ ਹੈ, ਇਨ੍ਹਾਂ ਨੇ ਹਾਊਸ ਦੀ ਵੈੱਲ ’ਚ ਜਾ ਕੇ ਹੱਲਾ ਹੀ ਮਚਾਇਆ ਹੈ, ਇਸ ਲਈ ਜਲੰਧਰ ਦੀ ਜਨਤਾ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਹੋਈ ਮੌਤ
ਇਸ ਦੌਰਾਨ ਉਨ੍ਹਾਂ ‘ਆਪ’ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ’ਚ ਪੰਜਾਬ ਦੀ ਹਾਲਤ 13 ਮਹੀਨਿਆਂ ’ਚ ਹੋਰ ਖ਼ਰਾਬ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਲਾਅ ਐਂਡ ਆਰਡਰ, ਨਸ਼ਾ ਮੁਕਤੀ, ਬੇਅਦਬੀ ਦੇ ਮੁੱਦੇ ਨੂੰ ਲੈ ਕੇ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ’ਤੇ ਖਰੀ ਨਹੀਂ ਉੱਤਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਵੀ ਕੇਜਰੀਵਾਲ ਨੇ ਜੋ ਦਾਅਵੇ ਕੀਤੇ, ਉਹ ਖੋਖਲੇ ਸਾਬਤ ਹੋਏ ਹਨ। ਮੁਹੱਲਾ ਕਲੀਨਿਕ ਠੱਪ ਹੋ ਗਏ ਹਨ, ਖ਼ਾਸ ਤੌਰ ’ਤੇ ਕੋਰੋਨਾ ਕਾਲ ’ਚ ਮੁਹੱਲਾ ਕਲੀਨਿਕਾਂ ਦੀ ਹਵਾ ਨਿਕਲ ਗਈ ਸੀ। ਕੇਜਰੀਵਾਲ ਦੇ 2 ਨਜ਼ਦੀਕੀ ਮੰਤਰੀ ਸਤੇਂਦਰ ਜੈਨ ਤੇ ਮਨੀਸ਼ ਸਿਸੋਦੀਆ ਜੇਲ੍ਹ ਵਿਚ ਹਨ ਅਤੇ ਅਜੇ ਹੋਰ ਪਤਾ ਨਹੀਂ ਕਿੰਨੇ ਲੋਕ ਜੇਲ੍ਹ ਵਿਚ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਘਟਨਾ ’ਤੇ NDRF ਦਾ ਖ਼ੁਲਾਸਾ, ਇਸ ਕਾਰਨ ਹੋਈਆਂ ਮੌਤਾਂ
ਜ਼ਿਮਨੀ ਚੋਣ ’ਚ ਭਾਜਪਾ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ, ਬਾਰੇ ਬੋਲਦਿਆਂ ਕਿਹਾ ਕਿ ਮੈਂ ਭਾਜਪਾ ਦੀ ਸਥਿਤੀ ਚੰਗੀ ਇਸ ਲਈ ਮੰਨਦਾ ਹਾਂ ਕਿਉਂਕਿ ਭਾਜਪਾ ਇਸ ਚੋਣ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਸੇ ਲਈ ਇਸ ਚੋਣ ਵਾਸਤੇ ਕੇਂਦਰ ਤੋਂ ਵੀ ਵਰਕਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਰਾਹੀਂ ਇਕ ਮੈਸੇਜ ਭੇਜਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਜੇ ਤਾਂ ਜ਼ਿਮਨੀ ਚੋਣ ਦਾ ਕੰਮ ਸ਼ੁਰੂ ਹੀ ਹੋਇਆ ਹੈ, ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ’ਚ ਅਸੀਂ ਇਹੋ ਜਿਹੇ ਹਾਲਾਤ ਪੈਦਾ ਕਰ ਲਵਾਂਗੇ ਕਿ ਭਾਰਤੀ ਜਨਤਾ ਪਾਰਟੀ ਤੇ ਸਾਡੇ ਪਰਿਵਾਰ ਦਾ ਜੋ ਮੈਸੇਜ ਹੈ, ਦੇਸ਼ ਬਾਰੇ ਜੋ ਅਸੀਂ ਕਰ ਰਹੇ ਹਾਂ, ਉਸ ਦਾ ਲਾਭ ਜਲੰਧਰ ਨੂੰ ਮਿਲੇ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
ਅਕਾਲੀ ਦਲ ਨਾਲੋਂ ਗੱਠਜੋੜ ਟੁੱਟਣ ਨਾਲ ਭਾਜਪਾ ਨੂੰ ਪਿੰਡਾਂ ’ਚ ਅਤੇ ਅਕਾਲੀ ਦਲ ਨੂੰ ਸ਼ਹਿਰਾਂ ’ਚ ਨੁਕਸਾਨ ਹੋ ਗਿਆ, ਦੇ ਸਵਾਲ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਚਲਾਉਂਦੀ ਸੀ ਤਾਂ ਉਸ ਵੇਲੇ ਭਾਜਪਾ ਨੂੰ 117 ਵਿਚੋਂ 23 ਸੀਟਾਂ ਦਿੱਤੀਆਂ ਜਾਂਦੀਆਂ ਸਨ। ਪਿੰਡਾਂ ਵਿਚ ਤਾਂ ਭਾਜਪਾ ਕਿਤੇ ਸੀ ਹੀ ਨਹੀਂ ਅਤੇ ਨਾ ਹੀ ਕਦੇ ਅਕਾਲੀ ਦਲ ਨੇ ਸਾਨੂੰ ਪਿੰਡਾਂ ਵਿਚ ਖੜ੍ਹੇ ਹੋਣ ਦਿੱਤਾ। ਕਹਿ ਸਕਦੇ ਹਾਂ ਕਿ ਅਕਾਲੀ ਦਲ ਨਾਲ ਗੱਠਜੋੜ ਕਾਰਨ ਨੁਕਸਾਨ ਹੋਇਆ। ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅੱਜ ਸਾਡੇ ਵਿਚਕਾਰ ਨਹੀਂ ਹਨ, ਉਹ ਇਕ ਵੱਡੇ ਨੇਤਾ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਕਾਰਨ ਭਾਜਪਾ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਉਹ ਦੌਰ ਬੀਤ ਚੁੱਕਾ ਹੈ। ਭਾਜਪਾ ਪੰਜਾਬ ’ਚ ਜਲਦ ਹੀ ਮਜ਼ਬੂਤ ਹੋ ਕੇ ਅੱਗੇ ਆਏਗੀ। 2024 ਲਈ ਪਾਰਟੀ ਤਿਆਰੀ ਕਰ ਰਹੀ ਹੈ ਅਤੇ 2027 ਦੀਆਂ ਚੋਣਾਂ ਵਿਚ ਉਹ ਪੰਜਾਬ ਵਿਚ ਪ੍ਰਮੁੱਖ ਪਾਰਟੀ ਵਜੋਂ ਸਾਹਮਣੇ ਆਏਗੀ।
ਭਾਜਪਾ-ਅਕਾਲੀ ਦਲ ਗੱਠਜੋੜ ਸਬੰਧੀ ਪੁੱਛੇ ਸਵਾਲ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਪੁਰੀ ਨੇ ਕਿਹਾ ਕਿ ਹੁਣ ਤਕ ਅਜਿਹਾ ਕੋਈ ਪਲਾਨ ਨਹੀਂ ਹੈ ਅਤੇ ਨਾ ਹੀ ਇਸ ਦੀ ਕੋਈ ਚਰਚਾ ਹੋ ਰਹੀ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਹੋਰ ਭਾਜਪਾ ਨੇਤਾਵਾਂ ਨੇ ਬਾਦਲ ਪਰਿਵਾਰ ਨਾਲ ਜੋ ਹਮਦਰਦੀ ਜ਼ਾਹਿਰ ਕੀਤੀ ਹੈ, ਉਹ ਮਨੁੱਖੀ ਪੱਧਰ ’ਤੇ ਇਕ ਨਿੱਜੀ ਭਾਵਨਾ ਹੈ। ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਿਆਸੀ ਤੌਰ ’ਤੇ ਦੋਵੇਂ ਪਾਰਟੀਆਂ ਵੱਖ-ਵੱਖ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ’ਚ ਬਾਦਲ ਸਾਹਿਬ ਲਈ ਸਨਮਾਨ ਹੈ। ਇਸੇ ਸਨਮਾਨ ਨੂੰ ਲੈ ਕੇ ਉਹ ਉਨ੍ਹਾਂ ਦੇ ਦਿਹਾਂਤ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ ਅਤੇ ਉਸੇ ਭਾਵਨਾ ’ਚ ਉਨ੍ਹਾਂ ਬਾਦਲ ਸਾਹਿਬ ’ਤੇ ਆਰਟੀਕਲ ਵੀ ਲਿਖਿਆ। ਇਸ ਵਿਚ ਕਿਤੇ ਵੀ ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਦੀ ਕੋਈ ਦਲੀਲ ਨਹੀਂ ਹੈ।
ਲੁਧਿਆਣਾ ਗੈਸ ਲੀਕ ਮਾਮਲੇ ਦੀ 5 ਮੈਂਬਰੀ SIT ਕਰੇਗੀ ਜਾਂਚ
NEXT STORY