ਜਲੰਧਰ (ਰੱਤਾ)—ਸਿਹਤ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਨੂੰ ਜਦੋਂ ਲਾਜਪਤ ਨਗਰ ਵਿਚ ਡਾਕਘਰ ਦੇ ਕੋਲ ਸਥਿਤ ਵੀ. ਐੱਸ. ਸਕੈਨਿੰਗ ਸੈਂਟਰ (ਡਾ. ਅਮਰਜੀਤ ਕਲੀਨਿਕ) 'ਤੇ ਛਾਪਾ ਮਾਰਿਆ ਤਾਂ ਉਥੇ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਸਬੰਧੀ ਕਈ ਊਣਤਾਈਆਂ ਪਾਈਆਂ ਗਈਆਂ, ਜਿਸ ਕਾਰਨ ਵਿਭਾਗ ਨੇ ਉਥੇ ਪਈਆਂ ਦੋ ਅਲਟਰਾਸਾਊਂਡ ਮਸ਼ੀਨਾਂ ਸੀਲ ਕਰ ਦਿੱਤੀਆਂ।
ਸਿਵਲ ਸਰਜਨ-ਕਮ-ਡਿਸਟ੍ਰਿਕਟ ਐਪਰੋਪ੍ਰੀਏਟ ਅਥਾਰਟੀ ਡਾ. ਜਸਪ੍ਰੀਤ ਕੌਰ ਸੇਖੋਂ ਨੇ ਦੱਸਿਆ ਕਿ ਜਦੋਂ ਉਹ ਟੀਮ ਵਿਚ ਸ਼ਾਮਲ ਜ਼ਿਲਾ ਅਟਾਰਨੀ ਸਤਪਾਲ, ਸੀਨੀਅਰ ਮੈਡੀਕਲ ਆਫਿਸਰ ਡਾ. ਕੁਲਵਿੰਦਰ ਕੌਰ ਅਤੇ ਪੀ. ਐੱਨ. ਡੀ. ਟੀ. ਕੋਆਰਡੀਨੇਟਰ ਦੀਪਕ ਬੋਪਾਰੀਆ ਦੇ ਨਾਲ ਉਕਤ ਸਕੈਨਿੰਗ ਸੈਂਟਰ ਪਹੁੰਚੀ ਤਾਂ ਉਥੇ ਸਕੈਨਿੰਗ ਰੂਮ ਖੁੱਲ੍ਹਾ ਹੋਇਆ ਸੀ ਅਤੇ ਇਕ ਮਰੀਜ਼ ਬਲਵਿੰਦਰ ਸਿੰਘ ਟੇਬਲ 'ਤੇ ਲੇਟਿਆ ਸੀ , ਜਿਸ ਦੇ ਪੇਟ 'ਤੇ ਜੈਲੀ ਲੱਗੀ ਹੋਈ ਸੀ। ਵੀ. ਐੱਸ. ਸਕੈਨਿੰਗ ਸੈਂਟਰ ਦਾ ਮੈਨੇਜਿੰਗ ਡਾਇਰੈਕਟਰ ਡਾ. ਅਮਰਜੀਤ ਅਤੇ ਦੋ ਫੀਮੇਲ ਸਟਾਫ ਮੈਂਬਰ ਵੀ ਕਮਰੇ ਵਿਚ ਮੌਜੂਦ ਸਨ। ਟੀਮ ਨੂੰ ਵੇਖ ਕੇ ਡਾ. ਅਮਰਜੀਤ ਨੇ ਝੱਟ ਮਸ਼ੀਨ ਦਾ ਸਵਿੱਚ ਬੰਦ ਕਰ ਦਿੱਤਾ ਅਤੇ ਸਾਰੇ ਉਥੋਂ ਬਾਹਰ ਆ ਗਏ। ਟੀਮ ਨੇ ਉਥੇ ਡੂੰਘਾਈ ਨਾਲ ਜਾਂਚ ਕੀਤੀ ਅਤੇ ਉਸ ਨੂੰ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਸਬੰਧੀ ਕਈ ਊਣਤਾਈਆਂ ਮਿਲੀਆਂ, ਜਿਸ ਕਾਰਨ ਉਥੇ ਦੋਵੇਂ ਮਸ਼ੀਨਾਂ ਸੀਲ ਕਰ ਦਿੱਤੀਆਂ ਗਈਆਂ। ਇਸ ਦੌਰਾਨ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਨੇ ਉਥੇ ਬੇਸਮੈਂਟ ਵਿਚ ਬਣੇ ਡਰੱਗ ਸਟੋਰ ਨੂੰ ਵੀ ਜਦੋਂ ਚੈੱਕ ਕੀਤਾ ਤਾਂ ਉਥੇ ਫਾਰਮਾਸਿਸਟ ਮੌਜੂਦ ਨਹੀਂ ਸੀ।
ਮੈਂ ਆਪਣੇ ਬੱਚੇ ਨੂੰ ਸਕੂਲ ਤੋਂ ਲੈਣ ਗਈ ਸੀ : ਡਾ. ਜੋਤੀ ਸੈਣੀ
ਓਧਰ ਸਿਹਤ ਵਿਭਾਗ ਦੀ ਟੀਮ ਨੇ ਉਥੇ ਸਕੈਨਿੰਗ ਕਰਨ ਲਈ ਰਜਿਸਟਰਡ ਡਾ. ਜੋਤੀ ਸੈਣੀ ਨੂੰ ਗੈਰ-ਮੌਜੂਦਗੀ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਸੈਂਟਰ ਦੇ ਨੇੜੇ ਹੀ ਸਥਿਤ ਸਕੂਲ ਤੋਂ ਆਪਣੇ ਬੱਚੇ ਨੂੰ ਲੈਣ ਗਈ ਅਤੇ 10 ਮਿੰਟ ਵਿਚ ਹੀ ਵਾਪਸ ਆ ਗਈ। ਡਾ. ਜੋਤੀ ਨੇ ਕਿਹਾ ਕਿ ਸੈਂਟਰ 'ਚ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਸਬੰਧੀ ਕੋਈ ਉਲੰਘਣਾ ਨਹੀਂ ਹੋਈ।
ਟੀਮ ਤੇ ਸੈਂਟਰ ਦੇ ਡਾਕਟਰਾਂ 'ਚ ਹੋਈ ਤਿੱਖੀ ਬਹਿਸ
ਸਿਹਤ ਵਿਭਾਗ ਦੀ ਟੀਮ ਨੇ ਜਦੋਂ ਡਾ. ਅਮਰਜੀਤ 'ਤੇ ਸਕੈਨਿੰਗ ਕਰਨ ਦੇ ਦੋਸ਼ ਲਾਏ ਅਤੇ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਦੀ ਉਲੰਘਣਾ ਕਾਰਨ ਮਸ਼ੀਨਾਂ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਟੀਮ ਦੇ ਨਾਲ ਡਾ. ਅਮਰਜੀਤ ਅਤੇ ਰੇਡੀਓਲੋਜਿਸਟ ਡਾ. ਜੋਤੀ ਸੈਣੀ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਟੀਮ ਮਸ਼ੀਨਾਂ ਸੀਲ ਨਹੀਂ ਕਰ ਸਕਦੀ।
ਕਰਤਾਰਪੁਰ ਦਾ ਸਕੈਨਿੰਗ ਸੈਂਟਰ ਵੀ ਕੀਤਾ ਸੀਲ
ਦੇਰ ਸ਼ਾਮ ਜੀ. ਟੀ. ਰੋਡ ਸਥਿਤ ਇਕ ਸਕੈਨਿੰਗ ਸੈਂਟਰ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਿਭਾਗ ਵੱਲੋਂ ਸੈਂਟਰ ਦੀਆਂ ਮਸ਼ੀਨਾਂ ਸੀਲ ਕਰਕੇ ਸਾਰਾ ਰਿਕਾਰਡ ਕਬਜ਼ੇ ਵਿਚ ਲੈ ਕੇ ਕਾਰਵਾਈ ਚਲਣ ਤੱਕ ਸੈਂਟਰ ਨੂੰ ਸੀਲ ਕਰ ਦਿੱਤਾ ਹੈ। ਇਸ ਸਬੰਧੀ ਦੇਰ ਰਾਤ ਤੱਕ ਸਿਹਤ ਵਿਭਾਗ ਦੀ ਟੀਮ, ਡੀ. ਐਸ. ਪੀ. ਦਿੱਗਵਿਜੈ ਕਪਿਲ, ਥਾਣਾ ਮੁਖੀ ਵਲੋਂ ਇਕ ਵਿਅਕਤੀ ਤੋਂ ਪੁੱਛਗਿਛ ਜਾਰੀ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਫੈਮਿਲੀ ਵੈਲਫੇਅਰ ਅਫਸਰ ਡਾ. ਗੁਰਮੀਤ ਕੌਰ ਨੇ ਦਸਿਆ ਕਿ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਸੇਖੋਂ ਨੂੰ ਇਕ ਗੁਪਤ ਸੁਚਨਾ ਮਿਲੀ ਕਿ ਕਰਤਾਰਪੁਰ ਜੀ. ਟੀ. ਰੋਡ 'ਤੇ ਸਥਿਤ ਅਰੋੜਾ ਸਕੈਨਿੰਗ ਸੈਂਟਰ ਵਿਚ ਕਥਿਤ ਤੌਰ 'ਤੇ ਲਿੰਗ ਨਿਰਧਾਰਨ ਟੈਸਟ ਹੁੰਦਾ ਹੈ, ਜਿਸ ਸਬੰਧੀ ਉਨ੍ਹਾਂ ਤੁਰੰਤ ਕਰਵਾਈ ਕਰਦਿਆਂ ਇਕ ਟੀਮ ਨੂੰ ਉਕਤ ਸੈਂਟਰ ਦੀ ਚੈਕਿੰਗ ਲਈ ਭੇਜਿਆ । ਉਨ੍ਹਾਂ ਦਸਿਆ ਕਿ ਜਦੋਂ ਇਹ ਟੀਮ ਸੈਂਟਰ ਪੁੱਜੀ ਤਾਂ ਸੈਂਟਰ ਬੰਦ ਸੀ ਜਿਸ ਨੂੰ ਪੁਲਸ ਦੀ ਮਦਦ ਨਾਲ ਖੁੱਲ੍ਹਵਾਇਆ ਗਿਆ ਅਤੇ ਮੌਕੇ 'ਤੇ ਸਾਰੇ ਰਿਕਾਰਡ ਵੀ ਚੈਕ ਕੀਤੇ ਗਏ ਜਿਨਾਂ ਦੀ ਡੂੰਘਾਈ ਨਾਲ ਜਾਂਚ ਲਈ ਕਬਜ਼ੇ ਵਿਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਨੂੰ ਕਰੀਬ ਡੇਢ ਸਾਲ ਪਹਿਲਾਂ ਵੀ ਸੀਲ ਕੀਤਾ ਸੀ ਜਿਸ ਨੂੰ ਬਾਅਦ ਵਿਚ ਖੋਲ੍ਹ ਦਿੱਤਾ ਗਿਆ ।
ਇਸ ਸਬੰਧੀ ਡੀ. ਐੱਸ. ਪੀ. ਦਿੱਗਵਿਜੈ ਕਪਿਲ ਨੇ ਦਸਿਆ ਕਿ ਕਾਬੂ ਕੀਤੇ ਵਿਅਕਤੀ ਨੇ ਮੁਢਲੀ ਪੁੱਛਗਿੱਛ ਵਿਚ ਦਸਿਆ ਕਿ ਉਹ ਪਹਿਲਾਂ ਵੀ ਇਸ ਸੈਂਟਰ ਵਿਚ ਅਜਿਹੇ ਲਿੰਗ ਨਿਰਧਾਰਣ ਟੈਸਟ ਕਰਵਾਉਣ ਆਉਂਦਾ ਸੀ । ਜ਼ਿਕਰਯੋਗ ਹੈ ਕਿ ਇਹ ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਸ਼ਾਮ ਕਰੀਬ 7 ਵਜੇ ਸੈਂਟਰ 'ਤੇ ਕੁਝ ਲੋਕਾਂ ਵਲੋਂ ਅਚਾਨਕ ਸੈਂਟਰ ਅੰਦਰ ਰੌਲਾ ਪਾਇਆ ਗਿਆ, ਜਿਸ 'ਤੇ ਹਸਪਤਾਲ ਦੇ ਪ੍ਰਬੰਧਕ ਵੀ ਬਾਹਰ ਆ ਗਏ । ਇਸ ਦੌਰਾਨ ਮੌਕੇ 'ਤੇ ਇਕ ਵਿਅਰਤੀ ਨੂੰ ਕਾਬੂ ਕਰਕੇ ਪੁਲਸ ਥਾਣੇ ਲਿਜਾਇਆ ਗਿਆ। ਦੇਰ ਰਾਤ ਖਬਰ ਲਿਖੇ ਜਾਣ ਤੱਕ ਪੁਲਸ ਤੇ ਸਿਹਤ ਵਿਭਾਗ ਵਲੋਂ ਪੁੱਛਗਿੱਛ ਜਾਰੀ ਸੀ।
ਮਜੀਠੀਆ ਨੂੰ ਸੰਮਨ ਕਰਨ ਵਾਲੇ ਈ. ਡੀ. ਅਫਸਰ ਨਿਰੰਜਣ ਸਿੰਘ ਨੇ ਦਿੱਤਾ ਅਸਤੀਫਾ
NEXT STORY