ਬਟਾਲਾ/ਕਾਲਾ ਅਫਗਾਨਾ/ਅਲੀਵਾਲ, (ਬੇਰੀ, ਬਲਵਿੰਦਰ, ਸ਼ਰਮਾ)- ਕਸਬਾ ਘਣੀਏ-ਕੇ-ਬਾਂਗਰ 'ਚ ਨੌਜਵਾਨ ਦੀ ਲੱਤ ਟੁੱਟਣ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਦੂਸਰੇ ਦਿਨ ਵੀ ਪੀੜਤ ਪਰਿਵਾਰ ਨੇ ਕਸਬਾ ਵਾਸੀਆਂ ਨੂੰ ਵੱਡੀ ਗਿਣਤੀ 'ਚ ਨਾਲ ਲੈਂਦੇ ਹੋਏ ਬਟਾਲਾ-ਫਤਿਹਗੜ੍ਹ ਚੂੜੀਆਂ ਮੇਨ ਰੋਡ 'ਤੇ ਪੁਲਸ ਵਿਰੁੱਧ ਧਰਨਾ ਦਿੰਦੇ ਆਵਾਜਾਈ ਠੱਪ ਕਰ ਦਿੱਤੀ ਤੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਕੀ ਹੈ ਮਾਮਲਾ
ਕਸਬਾ ਘਣੀਏ-ਕੇ-ਬਾਂਗਰ 'ਚ ਪੁਲਸ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਜਦੋਂ ਪੁਲਸ ਛਾਪਾ ਮਾਰਨ ਲਈ ਪਹੁੰਚੀ ਤਾਂ ਪੁਲਸ ਨੇ ਛਾਪੇ ਵਾਲੀ ਜਗ੍ਹਾ 'ਤੇ ਜਾਣ ਦੀ ਬਜਾਏ ਗੁਰਦੁਆਰਾ ਸਾਹਿਬ ਵਿਚ ਬੈਠੇ ਨੌਜਵਾਨਾਂ 'ਤੇ ਲਾਠੀਚਾਰਜ ਕਰਦਿਆਂ ਨੌਜਵਾਨ ਜੋਗਾ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਲਹਿੰਦੀ ਪੱਤੀ ਪਿੰਡ ਘਣੀਏ-ਕੇ-ਬਾਂਗਰ ਦੀ ਲੱਤ ਤੋੜ ਦਿੱਤੀ, ਜਿਸਦੇ ਬਾਰੇ ਵਿਚ ਪਤਾ ਲੱਗਣ 'ਤੇ ਤੁਰੰਤ ਬਾਅਦ ਦੇਰ ਰਾਤ ਹੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੁਲਸ ਵਿਰੁੱਧ ਪ੍ਰਦਰਸ਼ਨ ਕਰ ਦਿੱਤਾ। ਇਸ ਸੰਬੰਧ 'ਚ ਲਹਿੰਦੀ ਪੱਤੀ ਪਿੰਡ ਘਣੀਏ ਕੇ ਬਾਂਗਰ ਦੇ ਵਾਸੀਆਂ ਅਤੇ ਨੌਜਵਾਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨਾਂ ਵੱਲੋਂ ਪੁਲਸ ਨੂੰ ਵਿੱਕ ਰਹੀ ਨਾਜਾਇਜ਼ ਸ਼ਰਾਬ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ ਪਰ ਪੁਲਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਲਾਠੀਚਾਰਜ ਕਰਦੇ ਹੋਏ ਜੋਗਾ ਸਿੰਘ ਦੀ ਲੱਤ ਤੋੜ ਦਿੱਤੀ, ਜਿਸਦੇ ਬਾਅਦ ਮਾਮਲਾ ਗਰਮ ਹੋ ਗਿਆ।
ਅੱਜ ਦੁਬਾਰਾ ਦਿੱਤਾ ਗਿਆ ਧਰਨਾ
ਉਕਤ ਮਾਮਲੇ ਸਬੰਧੀ ਕੋਈ ਕਾਰਵਾਈ ਪੁਲਸ ਵੱਲੋਂ ਨਾ ਕੀਤੇ ਜਾਣ ਦੇ ਕਾਰਨ ਅੱਜ ਦੁਬਾਰਾ ਬਟਾਲਾ-ਫਤਿਹਗੜ੍ਹ ਚੂੜੀਆਂ ਮੇਨ ਰੋਡ 'ਤੇ ਪਰਿਵਾਰਕ ਮੈਂਬਰਾਂ ਬਾਬਾ ਰਣਜੀਤ ਸਿੰਘ, ਗੁਰਦੀਪ ਸਿੰਘ ਸਰਪੰਚ, ਬਚਨ ਸਿੰਘ, ਮੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੁਲਸ ਵਿਰੁੱਧ ਧਰਨਾ ਦਿੰਦਿਆਂ ਚੱਕਾ ਜਾਮ ਕਰ ਦਿੱਤਾ, ਜਿਸ ਨਾਲ ਕਈ ਘੰਟੇ ਆਵਾਜਾਈ ਠੱਪ ਰਹੀ। ਇਸ ਦੌਰਾਨ ਧਰਨਾਕਾਰੀ ਮੰਗ ਕਰ ਰਹੇ ਸੀ ਕਿ ਪੁਲਸ ਚੌਕੀ ਇੰਚਾਰਜ ਘਣੀਏ-ਕੇ-ਬਾਂਗਰ ਨੂੰ ਤਬਦੀਲ ਕੀਤਾ ਜਾਵੇ ਅਤੇ ਨਾਜਾਇਜ਼ ਦੇਸੀ ਸ਼ਰਾਬ ਦੀ ਵਿਕਰੀ 'ਤੇ ਮੁਕੰਮਲ ਰੋਕ ਲਾਉਂਦੇ ਹੋਏ ਇਹ ਧੰਦਾ ਕਰਨ ਵਾਲਿਆਂ ਦੇ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਡੀ. ਐੱਸ. ਪੀ. ਦੇ ਵਿਸ਼ਵਾਸ ਤੋਂ ਬਾਅਦ ਚੁੱਕਿਆ ਧਰਨਾ
ਧਾਰਨਾਕਾਰੀਆਂ ਨੂੰ ਆਪਣੀ ਜਿੱਦ 'ਤੇ ਅੜੇ ਦੇਖ ਡੀ. ਐੱਸ. ਪੀ. ਫਤਹਿਗੜ੍ਹ ਚੂੜੀਆਂ ਰਵਿੰਦਰ ਪਾਲ ਸ਼ਰਮਾ ਪੁਲਸ ਪਾਰਟੀ ਸਮੇਤ ਪਹੁੰਚ ਗਏ ਜਿਨ੍ਹਾਂ ਨੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸਦੇ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ ਅਤੇ ਆਵਾਜਾਈ ਆਮ ਦੀ ਤਰ੍ਹਾਂ ਚੱਲ ਪਈ।
ਨਕਾਬਪੋਸ਼ ਲੁਟੇਰਿਆਂ ਨੇ ਚਾਕੂ ਮਾਰ ਕੇ ਕੀਤਾ ਜ਼ਖਮੀ
NEXT STORY