ਚੰਡੀਗੜ੍ਹ (ਰਮਨਜੀਤ) : ਕਾਂਗਰਸ ਦੇ ਵਿਧਾਇਕਾਂ ਵਲੋਂ ਅਕਸਰ ਹੀ ਇਹ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ ਕਿ ਸੂਬੇ ਦੀ ‘ਅਫਸਰਸ਼ਾਹੀ’ ਸੱਤਾਧਾਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮਾਣ-ਸਤਿਕਾਰ ਨਹੀਂ ਦਿੰਦੀ, ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਉਨ੍ਹਾਂ ਦੇ ਮੁਕਾਬਲੇ ਜ਼ਿਆਦਾ ਤਵੱਜੋਂ ਦਿੰਦੀ ਹੈ। ਮੁੱਖ ਮੰਤਰੀ ਵਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਰਕਾਰ ਦੇ ਚਾਰ ਸਾਲ ਬੀਤ ਜਾਣ ਬਾਅਦ ਵੀ ਸੂਬੇ ’ਚ ਉਹੀ ਹਾਲਾਤ ਹਨ, ਜਿਸਦੀ ਗਵਾਹੀ ਤਾਜ਼ਾ ਘਟਨਾ ਨੇ ਦੇ ਦਿੱਤੀ ਹੈ। ਹੋਇਆ ਇੰਝ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਹੀ ਐੱਸ. ਡੀ. ਐੱਮ. ਪੱਧਰ ਦੇ ਅਧਿਕਾਰੀ ਨੇ ਮਾੜਾ ਵਰਤਾਓ ਕਰ ਦਿੱਤਾ, ਜਿਸ ਤੋਂ ਬਾਅਦ ਸਪੀਕਰ ਵਲੋਂ ਮੁੱਖ ਸਕੱਤਰ ਨੂੰ ਚਿੱਠੀ ਭੇਜ ਕੇ ਉਕਤ ਅਫ਼ਸਰ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਹਨਨ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਸ ਦਾ ਪੱਖ ਸੁਣਨ ਲਈ ਮੌਕਾ ਦਿੰਦੇ ਹੋਏ ਐੱਸ. ਡੀ. ਐੱਮ. ਨੂੰ ਤਲਬ ਕੀਤਾ ਗਿਆ।
ਵਿਧਾਨ ਸਭਾ ਦੇ ਸਕੱਤਰੇਤ ਵਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਭੇਜੇ ਗਏ ਪੱਤਰ ਵਿਚ ਉਕਤ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ 13 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਲੋਕਾਂ ਨਾਲ ਸਬੰਧਿਤ ਇੱਕ ਮਾਮਲੇ ਸਬੰਧੀ ਗੱਲ ਕਰਨ ਲਈ ਖਰੜ ਦੇ ਐੱਸ. ਡੀ. ਐੱਮ. ਆਕਾਸ਼ ਬਾਂਸਲ ਨੂੰ ਫੋਨ ਕੀਤਾ ਪਰ ਐੱਸ. ਡੀ. ਐੱਮ. ਖਰੜ ਨੇ ਸਪੀਕਰ ਨਾਲ ਅਦਬ ਅਤੇ ਸਤਿਕਾਰ ਨਾਲ ਗੱਲ ਨਹੀਂ ਕੀਤੀ। ਇਸ ਕਾਰਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵਿਸ਼ੇਸ਼ ਅਧਿਕਾਰ ਹਨਨ ਦੇ ਮਾਮਲੇ ਵਿਚ ਖਰੜ ਦੇ ਐੱਸ. ਡੀ. ਐੱਮ. ਆਕਾਸ਼ ਬਾਂਸਲ ਨੂੰ ਤਲਬ ਕਰ ਲਿਆ ਹੈ।
ਐੱਸ. ਡੀ. ਐੱਮ. ਦੇ ਇਸ ਵਰਤਾਓ ਨੂੰ ਸਪੀਕਰ ਨੇ ਗੰਭੀਰਤਾ ਨਾਲ ਲੈਂਦੇ ਹੋਏ ਇਸ ਨੂੰ ਨਾ ਸਿਰਫ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਅਦਬ ਅਤੇ ਸਨਮਾਨ ਨਾਲ ਪੇਸ਼ ਆਉਣ ਦੀ ਸਰਕਾਰ ਵਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਅਤੇ ਪ੍ਰੋਟੋਕਾਲ ਦੀ ਉਲੰਘਣਾ ਮੰਨਿਆ, ਸਗੋਂ ਵਿਧਾਨ ਸਭਾ ਸਪੀਕਰ ਦੇ ਵਿਸ਼ੇਸ਼ ਅਧਿਕਾਰ ਦੀ ਵੀ ਉਲੰਘਣਾ ਮੰਨਿਆ। ਚਿੱਠੀ ਵਿਚ ਕਿਹਾ ਗਿਆ ਹੈ ਕਿ ਇਸਦੇ ਮੱਦੇਨਜ਼ਰ ਸਪੀਕਰ ਵੱਲੋਂ ਇਹ ਮਾਮਲਾ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪਣ ਤੋਂ ਪਹਿਲਾਂ ਸਬੰਧਿਤ ਅਧਿਕਾਰੀ ਦਾ ਪੱਖ ਸੁਣਨ ਲਈ ਉਸਨੂੰ ਵਿਧਾਨ ਸਭਾ ਸਥਿਤ ਆਪਣੇ ਦਫ਼ਤਰ ਵਿਚ ਤਲਬ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਐੱਸ. ਡੀ. ਐੱਮ. ਖਰੜ ਦਾ ਪੱਖ ਲੈਣ ਲਈ ਉਨ੍ਹਾਂ ਨੂੰ ਫੋਨ ਕਰਨ ’ਤੇ ਉਨ੍ਹਾਂ ਆਖਿਆ ਕਿ ਉਹ ਆਪਣੇ ਇਕ ਪਰਿਵਾਰਕ ਕੰਮ ਵਿਚ ਰੁੱਝੇ ਹੋਏ ਹਨ ਅਤੇ ਗੱਲ ਕਰਨ ਦੇ ਅਸਮਰੱਥ ਹਨ।
ਵੱਡੀ ਖ਼ਬਰ: ਜਲੰਧਰ ’ਚ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਇਕ ਵਰਕਰ ਤੋਂ ਮਿਲਿਆ ਰਿਵਾਲਵਰ
NEXT STORY