ਜਲੰਧਰ (ਜ. ਬ.) - ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਐੱਸ.ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਡੀ. ਐੱਸ. ਪੀ. ਸਤਪਾਲ ਚੌਧਰੀ ਦੀ ਅਗਵਾਈ ਵਿਚ ਇੰਸ. ਮਨਦੀਪ ਸਿੰਘ ਵਲੋਂ ਟ੍ਰੈਪ ਲਾ ਕੇ ਜੀ. ਐੱਸ. ਟੀ. ਵਿਭਾਗ ਦੇ ਈ. ਟੀ. ਓ. ਕਮ-ਸਟੇਟ ਟੈਕਸ ਅਫਸਰ ਗੁਰਜੀਤ ਸਿੰਘ ਨੂੰ 13 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਮਾਮਲੇ ਬਾਰੇ ਵਿਜੀਲੈਂਸ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਰਾਜੂ ਅੰਬੇਡਕਰ ਨੇ ਵਿਜੀਲੈਂਸ ਵਿਭਾਗ ਵਿਚ ਕੀਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਪੇਸ਼ੇ ਤੋਂ ਸੇਲ ਟੈਕਸ ਵਕੀਲ ਹੈ ਤੇ ਉਸ ਨੇ ਇਕ ਫਰਮ ਦਾ ਸਾਲ 2014 ਤੋਂ 17 ਤੱਕ ਦਾ ਸੇਲ ਟੈਕਸ ਭਰਿਆ ਸੀ। ਉਕਤ ਸਮੇਂ ਦੀਆਂ ਰਿਟਰਨਾਂ ਅੰਡਰਸੈਕਸ਼ਨ 26, ਪੰਜਾਬ ਵੈਲਿਊ ਐਡਿਡ ਟੈਕਸ ਐਕਟ 2005 ਦੇ ਅਨੁਸਾਰ ਸਹਾਇਕ ਐਕਸਾਈਜ਼ ਤੇ ਟੈਕਸ ਕਮਿਸ਼ਨਰ ਜਲੰਧਰ-1, ਜੋ ਕਿ ਹੁਣ ਜੀ. ਐੱਸ. ਟੀ. ਵਿਭਾਗ ਬਣ ਗਿਆ ਹੈ, ਦੇ ਕੋਲ ਜਮ੍ਹਾ ਕਰਵਾਈ ਸੀ। ਉਸ ਫਰਮ ਨੂੰ ਈ. ਟੀ. ਓ. ਗੁਰਜੀਤ ਸਿੰਘ ਡੀਲ ਕਰ ਰਿਹਾ ਸੀ। ਗੁਰਜੀਤ ਸਿੰਘ ਨੇ ਸਮੇਂ-ਸਮੇਂ 'ਤੇ ਜਿਹੜੇ ਵੀ ਕਾਗਜ਼ਾਤ ਮੰਗੇ, ਉਸ ਨੂੰ ਦੇ ਦਿੱਤੇ ਗਏ। ਸਾਰੀਆਂ ਰਿਟਰਨਾਂ ਫਾਈਲ ਕਰਨ ਤੋਂ ਬਾਅਦ ਗੁਰਜੀਤ ਵਲੋਂ ਇਨ੍ਹਾਂ ਦਾ ਫਾਈਨਲ ਅਸੈੱਸਮੈਂਟ ਆਰਡਰ ਡਿਪੋਜ਼ਲ ਰਜਿਸਟਰ 'ਤੇ ਚੜ੍ਹਾਉਣਾ ਸੀ ਪਰ ਫਰਮ ਦੇ ਵਕੀਲ ਵਲੋਂ ਵਾਰ-ਵਾਰ ਫਾਈਨਲ ਅਸੈੱਸਮੈਂਟ ਆਰਡਰ ਦੀ ਕਾਪੀ ਦੀ ਮੰਗ ਕੀਤੀ ਜਾ ਰਹੀ ਸੀ ਤੇ ਅਧਿਕਾਰੀ ਵਲੋਂ ਆਰਡਰ ਦੀ ਕਾਪੀ ਨਹੀਂ ਦਿੱਤੀ ਜਾ ਰਹੀ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਬੀਤੇ ਦਿਨੀਂ ਈ. ਟੀ. ਓ. ਗੁਰਜੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਸ ਨੂੰ ਆਰਡਰ ਦੀ ਕਾਪੀ ਦਿੱਤੀ ਜਾਵੇ ਕਿਉਂਕਿ ਉਸ ਨੇ ਇਹ ਫਰਮ ਨੂੰ ਦੇਣੀ ਹੈ ਤਾਂ ਗੁਰਜੀਤ ਨੇ ਕਿਹਾ ਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਨਹੀਂ ਮਿਲਦੇ ਫਾਈਨਲ ਆਰਡਰ। ਜੇਕਰ ਫਾਈਨਲ ਆਰਡਰ ਲੈਣਾ ਹੈ ਤਾਂ ਮੇਰੀ ਮੁੱਠੀ ਗਰਮ ਕਰਨੀ ਪਵੇਗੀ। ਇਸ ਦੇ ਲਈ ਅਧਿਕਾਰੀ ਨੇ ਸ਼ਿਕਾਇਤਕਰਤਾ ਨੂੰ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਰਾਜੂ ਨੇ ਅਧਿਕਾਰੀ ਦੀ ਮਿੰਨਤ ਕਰਦਿਆਂ ਕਿਹਾ ਕਿ 20 ਹਜ਼ਾਰ ਰੁਪਏ ਤਾਂ ਬਹੁਤ ਜ਼ਿਆਦਾ ਹਨ ਤਾਂ ਗੁਰਜੀਤ ਆਖਿਰ ਵਿਚ 13 ਹਜ਼ਾਰ ਰੁਪਏ ਵਿਚ ਆਰਡਰ ਸਰਟੀਫਿਕੇਟ ਦੇਣ ਨੂੰ ਰਾਜ਼ੀ ਹੋ ਗਿਆ ਤੇ ਕਿਹਾ ਕਿ 1 ਮਾਰਚ ਨੂੰ ਫੋਨ ਕਰਨਾ ਤੇ ਪੈਸੇ ਲੈ ਕੇ ਆਉਣਾ।
ਇਸ ਦੀ ਸ਼ਿਕਾਇਤ ਰਾਜੂ ਨੇ ਵਿਜੀਲੈਂਸ ਵਿਭਾਗ ਨੂੰ ਕੀਤੀ ਤੇ ਸਾਰੀ ਗੱਲ ਦੱਸੀ। ਡੀ. ਏ. ਪੀ. ਵਲੋਂ ਇੰਸ. ਮਨਦੀਪ ਸਿੰਘ ਦੀ ਅਗਵਾਈ ਵਿਚ ਇਕ ਟੀਮ ਬਣਾਈ ਗਈ, ਜਿਸ ਵਿਚ ਐੱਚ. ਸੀ. ਗੁਰਜੀਤ ਸਿੰਘ, ਸੀ. ਸਿਪਾਹੀ ਇੰਦਰ ਸਿੰਘ, ਸਿਪਾਹੀ ਅਮਨਦੀਪ ਮਾਨ ਸ਼ਾਮਲ ਸਨ। ਉਨ੍ਹਾਂ ਦੇ ਨਾਲ ਸਰਕਾਰੀ ਗਵਾਹ ਡਾ. ਸੁਰਿੰਦਰ ਕੁਮਾਰ, ਗੁਰਚਰਨ ਸਿੰਘ, ਐੱਸ. ਡੀ. ਈ. ਯਾਦਵਿੰਦਰ ਸਿੰਘ ਤੇ ਰਾਜੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ। ਟ੍ਰੈਪ ਲਾਇਆ ਗਿਆ ਅਤੇ ਜਦੋਂ ਰਾਜੂ ਅੰਬੇਡਕਰ ਨੇ ਈ. ਟੀ. ਓ. ਗੁਰਜੀਤ ਸਿੰਘ ਨੂੰ ਉਸ ਦੇ ਦਫਤਰ ਵਿਚ ਜਾ ਕੇ 13 ਹਜ਼ਾਰ ਰੁਪਏ ਦੀ ਰਿਸ਼ਵਤ ਦਿੱਤੀ ਤਾਂ ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਵਿਜੀਲੈਂਸ ਐੱਸ. ਐੱਸ. ਪੀ. ਦੇ ਸਾਹਮਣੇ ਪੇਸ਼ ਕੀਤਾ ਗਿਆ। ਕੱਲ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੀ.ਐੱਸ.ਟੀ. ਦੀਆਂ ਰਿਟਰਨਾਂ ਭਰਨ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ ਕਿ ਕੁਝ ਰਿਸ਼ਵਤਖੋਰ ਕਰਮਚਾਰੀਆਂ ਨੂੰ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਤੇ ਰਿਸ਼ਵਤ ਦੀ ਮੰਗ ਕਰਦੇ ਹਨ। ਅਜਿਹੇ ਲੋਕਾਂ ਦੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹੇ ਭ੍ਰਿਸ਼ਟ ਅਧਿਕਾਰੀਆਂ 'ਤੇ ਨਕੇਲ ਕੱਸੀ ਜਾ ਸਕੇ।
ਰੇਲਵੇ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਸਣੇ ਇਕ ਕਾਬੂ
NEXT STORY