ਮੋਹਾਲੀ (ਜੱਸੀ) : ਮੋਹਾਲੀ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਕਾਰਵਾਈ ਦੌਰਾਨ ਪੁਲਸ ਸਟੇਸ਼ਨ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ’ਚ ਤਾਇਨਾਤ ਏ. ਐੱਸ. ਆਈ. ਰਘਵਿੰਦਰ ਪ੍ਰਸ਼ਾਦ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਉਕਤ ਏ. ਐੱਸ. ਆਈ. ਨੂੰ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇਕ ਸ਼ਿਕਾਇਤਕਰਤਾ ਤੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ੍ਹਿਆ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਰਿਸ਼ਤੇਦਾਰਾਂ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ’ਚ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਰਘਵਿੰਦਰ ਪ੍ਰਸ਼ਾਦ ਨੇ ਇਸ ਮਾਮਲੇ ’ਚ ਸ਼ਿਕਾਇਤਕਰਤਾ ਦੇ ਰਿਸ਼ਤੇਦਾਰਾਂ ਦੀ ਮਦਦ ਕਰਨ ਦੇ ਬਦਲੇ 20,000 ਰੁਪਏ ਦੀ ਰਿਸ਼ਵਤ ਮੰਗੀ ਸੀ। 6 ਨਵੰਬਰ 2025 ਨੂੰ ਉਕਤ ਏ. ਐੱਸ. ਆਈ. ਨੇ ਸ਼ਿਕਾਇਤਕਰਤਾ ਨੂੰ ਵਟਸਐਪ ਰਾਹੀਂ ਫ਼ੋਨ ਕੀਤਾ ਅਤੇ ਉਸ ਨੂੰ ਜੁਡੀਸ਼ੀਅਲ ਕੰਪਲੈਕਸ ਮੋਗਾ ਪਹੁੰਚਣ ਲਈ ਕਿਹਾ।
ਸ਼ਿਕਾਇਤਕਰਤਾ ਨੇ ਰਿਸ਼ਵਤ ਨਾ ਦੇਣ ਦਾ ਮਨ ਬਣਾ ਕੇ ਇਸ ਬਾਰੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਵੱਲੋਂ ਸ਼ਿਕਾਇਤਕਰਤਾ ਦੀ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਮੋਹਾਲੀ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਏ. ਐੱਸ. ਆਈ. ਰਘਵਿੰਦਰ ਪ੍ਰਸ਼ਾਦ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਵੱਲੋਂ ਏ. ਐੱਸ. ਆਈ. ਰਘਵਿੰਦਰ ਪ੍ਰਸ਼ਾਦ ਖ਼ਿਲਾਫ਼ ਵਿਜੀਲੈਂਸ ਬਿਊਰੋ ਪੁਲਸ ਸਟੇਸ਼ਨ ਮੋਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਕੱਲ ਸਬੰਧਤ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਮਨਦੀਪ ਸਿੰਘ ਖਾਲਸਾ ਦਾ ਪਹਿਲਾ ਬਿਆਨ
NEXT STORY