ਜਲੰਧਰ (ਧਵਨ)-ਪੰਜਾਬ ’ਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਜੀਲੈਂਸ ਬਿਊਰੋ ਕੋਲ ਵਧਣ ਤੋਂ ਬਾਅਦ ਹੁਣ ਬਿਊਰੋ ਨੂੰ ਕਰਮਚਾਰੀਆਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਅਤੇ ਏ. ਡੀ. ਜੀ. ਪੀ. ਵਰਿੰਦਰ ਕੁਮਾਰ ਨੇ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੇ ਸਾਹਮਣੇ ਉਠਾਇਆ ਹੈ। ਵਿਜੀਲੈਂਸ ਬਿਊਰੋ ਦੇ ਏ. ਡੀ. ਜੀ. ਪੀ. ਵਰਿੰਦਰ ਕੁਮਾਰ ਅਨੁਸਾਰ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਨੂੰ ਸਿਰੇ ਤੱਕ ਪਹੁੰਚਾਉਣ ਲਈ ਇਸ ਵੇਲੇ ਪੰਜਾਬ ਪੁਲਸ ਤੋਂ 600 ਮੁਲਾਜ਼ਮ ਮੰਗੇ ਗਏ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਡੀ. ਜੀ. ਪੀ. ਗੌਰਵ ਯਾਦਵ ਦੋਵਾਂ ਨੇ ਇਸ ਮਾਮਲੇ ’ਚ ਸਹਿਯੋਗ ਦਾ ਭਰੋਸਾ ਦਿੱਤਾ ਹੈ। ਵਰਿੰਦਰ ਕੁਮਾਰ ਅਨੁਸਾਰ ਇਸ ਸਮੇਂ ਸਭ ਤੋਂ ਵੱਡੀ ਮੁਸ਼ਕਲ ਸਟਾਫ਼ ਦੀ ਘਾਟ ਹੈ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਈ ਮਾਮਲੇ ਵਿਜੀਲੈਂਸ ਬਿਊਰੋ ਕੋਲ ਜਾਂਚ ਲਈ ਆ ਚੁੱਕੇ ਹਨ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਜੱਦੀ ਪਿੰਡ ਪਹੁੰਚੀ ਸੇਵਕ ਸਿੰਘ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
ਉਨ੍ਹਾਂ ਕਿਹਾ ਕਿ ਕਾਂਸਟੇਬਲ, ਏ. ਐੱਸ. ਆਈ., ਇੰਸਪੈਕਟਰ, ਡੀ. ਐੱਸ. ਪੀ. ਅਤੇ ਐੱਸ. ਪੀ. ਰੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੰਗ ਪੰਜਾਬ ਪੁਲਸ ਤੋਂ ਕੀਤੀ ਗਈ ਹੈ। ਜਿੱਥੇ ਇਕ ਪਾਸੇ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰਨੀ ਹੁੰਦੀ ਹੈ, ਉਥੇ ਦੂਜੇ ਪਾਸੇ ਸਮੇਂ ਸਿਰ ਅਦਾਲਤ ’ਚ ਚਲਾਨ ਪੇਸ਼ ਕਰਨਾ ਹੁੰਦਾ ਹੈ। ਉਸ ਤੋਂ ਬਾਅਦ ਸਮੇਂ-ਸਮੇਂ ’ਤੇ ਅਦਾਲਤੀ ਕਾਰਵਾਈ ’ਚ ਹਿੱਸਾ ਲੈਣਾ ਪੈਂਦਾ ਹੈ। ਵਿਜੀਲੈਂਸ ਬਿਊਰੋ ਦੇ ਕੁਝ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ’ਚ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਦਾ ਹੜ੍ਹ ਆ ਗਿਆ ਹੈ। ਲੋਕਾਂ ’ਚ ਜਾਗਰੂਕਤਾ ਪਰਤ ਆਈ ਹੈ ਅਤੇ ਉਹ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਵਿਜੀਲੈਂਸ ਨੂੰ ਵੀ ਭੇਜ ਰਹੇ ਹਨ। ਮੁੱਖ ਮੰਤਰੀ ਵੱਲੋਂ ਬਣਾਏ ਗਏ ਹੈਲਪ ਲਾਈਨ ’ਤੇ ਸ਼ਿਕਾਇਤਾਂ ਤੇਜ਼ੀ ਨਾਲ ਆ ਰਹੀਆਂ ਹਨ।
ਇਹ ਵੀ ਪੜ੍ਹੋ : ਕਪੂਰਥਲਾ ਦੀ ਹਰਕਮਲ ਕੌਰ ਨੇ ਇੰਗਲੈਂਡ 'ਚ ਗੱਡੇ ਸਫ਼ਲਤਾ ਦੇ ਝੰਡੇ, ਰੌਸ਼ਨ ਕੀਤਾ ਪੰਜਾਬ ਦਾ ਨਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਮਿਤ ਸ਼ਾਹ ਨੇ ਕੀਤੀ ਮਾਨ ਸਰਕਾਰ ਦੀ ਤਾਰੀਫ਼, ਕਿਹਾ- ਪੰਜਾਬ ’ਚ ਕੋਈ ਖਾਲਿਸਤਾਨੀ ਲਹਿਰ ਨਹੀਂ
NEXT STORY