ਲੁਧਿਆਣਾ (ਹਿਤੇਸ਼) : ਨਵਜੋਤ ਸਿੱਧੂ ਤੋਂ ਲੋਕਲ ਬਾਡੀਜ਼ ਵਿਭਾਗ ਵਾਪਸ ਲੈਣ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿਚ ਸ਼ੁਰੂ ਹੋਈ ਵਿਜੀਲੈਂਸ ਜਾਂਚ ਲੁਧਿਆਣਾ ਵੀ ਪੁੱਜ ਗਈ ਹੈ, ਜਿਸ ਦੇ ਤਹਿਤ ਵਿਜੀਲੈਂਸ ਟੀਮ ਨੇ ਨਗਰ ਨਿਗਮ ਦੇ ਜ਼ੋਨ ਡੀ ਦਫਤਰ ਵਿਚ ਛਾਪਾ ਮਾਰਿਆ ਅਤੇ ਦਿਨ ਭਰ ਮੌਜੂਦ ਰਹਿ ਕੇ ਰਿਕਾਰਡ ਦੀ ਚੈਕਿੰਗ ਕੀਤੀ। ਧਿਆਨਦੇਣਯੋਗ ਹੈ ਕਿ ਲੋਕਲ ਬਾਡੀਜ਼ ਵਿਭਾਗ ਬਦਲਣ ਸਬੰਧੀ ਕੈਪਟਨ ਦੇ ਨਾਲ ਕਾਫੀ ਝਗੜਾ ਹੋਣ ਤੋਂ ਬਾਅਦ ਸਿੱਧੂ ਦੇ ਕਰੀਬੀ ਵਿਜੀਲੈਂਸ ਦੀ ਰਾਡਾਰ 'ਤੇ ਆ ਗਏ, ਜਿਸ ਦੇ ਤਹਿਤ ਵਿਜੀਲੈਂਸ ਵਲੋਂ ਹੁਣ ਤੱਕ ਜ਼ੀਰਕਪੁਰ ਮਿਊਂਸੀਪਲ ਕਮੇਟੀ ਅਤੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਿਚ ਚੈਕਿੰਗ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦੇ ਮੋਬਾਇਲ ਦੇ ਮੈਸੇਜ ਤੱਕ ਚੈੱਕ ਕੀਤੇ ਗਏ ਹਨ।
ਇਸੇ ਦੌਰਾਨ ਸ਼ੁੱਕਰਵਾਰ ਨੂੰ ਵਿਜੀਲੈਂਸ ਦੀ ਟੀਮ ਨੇ ਲੁਧਿਆਣਾ ਨਗਰ ਨਿਗਮ ਦਾ ਰੁਖ ਕੀਤਾ, ਜਿਸ ਦੇ ਤਹਿਤ ਇਕ ਦਰਜਨ ਤੋਂ ਜ਼ਿਆਦਾ ਮੁਲਾਜ਼ਮਾਂ ਨੇ ਜ਼ੋਨ ਡੀ ਵਿਚ ਸਥਿਤ ਇਮਾਰਤੀ ਸ਼ਾਖਾ ਦੇ ਹੈੱਡਕੁਆਰਟਰ ਵਿਚ ਡੇਰਾ ਜਮਾ ਲਿਆ। ਹਾਲਾਂਕਿ ਵਿਜੀਲੈਂਸ ਦੇ ਅਫਸਰ ਇਸ ਸਬੰਧੀ ਕੋਈ ਜਾਣਕਾਰੀ ਦੇਣ ਲਈ ਤਿਆਰ ਨਹੀਂ ਸਨ ਪਰ ਦੇਰ ਰਾਤ ਤੱਕ ਰਿਕਾਰਡ ਦੀ ਚੈਕਿੰਗ ਜਾਰੀ ਹੋਣ ਦੀ ਸੂਚਨਾ ਹੈ।
ਨਾਜਾਇਜ਼ ਕਾਲੋਨੀਆਂ ਨਾਲ ਜੁੜਿਆ ਰਿਕਾਰਡ ਕਬਜ਼ੇ ਵਿਚ ਲੈਣ ਦੀ ਹੈ ਚਰਚਾ
ਸੂਤਰਾਂ ਮੁਤਾਬਕ ਵਿਜੀਲੈਂਸ ਨੇ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਆਈਆਂ ਅਰਜ਼ੀਆਂ ਅਤੇ ਉਨ੍ਹਾਂ ਨੂੰ ਮਨਜ਼ੂਰੀ ਦੇਣ ਨਾਲ ਜੁੜਿਆ ਰਿਕਾਰਡ ਮੰਗਿਆ ਹੈ, ਜਿਸ ਦੇ ਲਈ 2013 ਤੋਂ ਬਾਅਦ ਦੀ ਡੈੱਡਲਾਈਨ ਰੱਖੀ ਗਈ ਹੈ, ਜਿਸ ਸਮੇਂ ਪਹਿਲੀ ਵਾਰ ਨਾਜਾਇਜ਼ ਕਾਲੋਨੀਆਂ ਰੈਗੂਲਰ ਕਰਨ ਲਈ ਪਾਲਿਸੀ ਜਾਰੀ ਕੀਤੀ ਗਈ ਸੀ।
ਫਰਜ਼ੀਵਾੜੇ ਕਾਰਣ ਹੋ ਸਕਦੀ ਹੈ ਕਾਰਵਾਈ
ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਦੇ ਕੋਲ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਦੀ ਆੜ ਵਿਚ ਜੰਮ ਕੇ ਫਰਜ਼ੀਵਾੜਾ ਹੋਣ ਦੀ ਸ਼ਿਕਾਇਤ ਪੁੱਜੀ ਹੈ, ਜਿਸ ਵਿਚ ਦਸਤਾਵੇਜ਼ ਅਤੇ ਸ਼ਰਤਾਂ ਪੂਰੀਆਂ ਨਾ ਹੋਣ ਦੇ ਬਾਵਜੂਦ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਦਾ ਪਹਿਲੂ ਸ਼ਾਮਲ ਹੈ, ਜਿਸ ਦੇ ਲਈ ਜ਼ਿੰਮੇਵਾਰ ਇਮਾਰਤੀ ਸ਼ਾਖਾ ਦੇ ਅਫਸਰਾਂ 'ਤੇ ਕਾਰਵਾਈ ਹੋ ਸਕਦੀ ਹੈ।
ਹਸਪਤਾਲ ਦੇ 'ਸਤਾਏ ਅਣਪਛਾਤੇ' ਨੇ ਰਿਕਾਰਡ ਰੂਮ 'ਚ ਲਿਆਂਦਾ ਭੂਚਾਲ (ਵੀਡੀਓ)
NEXT STORY