ਜਲੰਧਰ (ਖੁਰਾਣਾ)–ਪਿਛਲੇ ਲਗਭਗ 2-3 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਨਾਲ ਸਬੰਧਤ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਵਿਚ ਜਿਹੜੇ ਘਪਲੇ ਹੋਏ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦੀ ਜਾਂਚ ਵਿਜੀਲੈਂਸ ਬਿਊਰੋ ਦੇ ਹਵਾਲੇ ਕੀਤੀ ਹੋਈ ਹੈ। ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਜਲੰਧਰ ਸਮਾਰਟ ਸਿਟੀ ਤਹਿਤ ਕਰਵਾਏ ਗਏ ਸਾਰੇ 64 ਪ੍ਰਾਜੈਕਟਾਂ ਦੀ ਜਾਂਚ ਕੀਤੀ ਜਾਵੇਗੀ ਪਰ ਪਹਿਲੇ ਪੜਾਅ ਵਿਚ ਐੱਲ. ਈ. ਡੀ. ਸਟਰੀਟ ਲਾਈਟ ਸਕੈਂਡਲ ਦੀ ਜਾਂਚ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਵਿਜੀਲੈਂਸ ਦੇ ਅਧਿਕਾਰੀਆਂ ਨੇ ਨਗਰ ਨਿਗਮ ਦੇ ਐੱਸ. ਡੀ. ਓ. ਅਤੇ ਜੇ. ਈ. ਨੂੰ ਬਿਆਨ ਦੇਣ ਲਈ ਬੁਲਾਇਆ।
ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ ਲਗਭਗ 50 ਕਰੋੜ ਰੁਪਏ ਦਾ ਬਣਾਇਆ ਗਿਆ ਸੀ ਪਰ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਨੇ ਇਸ ਵਿਚ ਕਈ ਫੇਰਬਦਲ ਕਰ ਦਿੱਤੇ ਅਤੇ ਇਸ ਨੂੰ ਹੋਰ ਮਹਿੰਗਾ ਕਰ ਦਿੱਤਾ। ਪੰਜਾਬ ਸਰਕਾਰ ਵੱਲੋਂ ਨਿਯੁਕਤ ਥਰਡ ਪਾਰਟੀ ਏਜੰਸੀ ਨੇ ਇਸ ਪ੍ਰਾਜੈਕਟ ਵਿਚ ਕਈ ਗੜਬੜੀਆਂ ਨੂੰ ਫੜਿਆ ਪਰ ਉਸਦੇ ਬਾਵਜੂਦ ਸਮਾਰਟ ਸਿਟੀ ਜਾਂ ਨਿਗਮ ਦੇ ਅਧਿਕਾਰੀਆਂ ਨੇ ਉਨ੍ਹਾਂ ਕਮੀਆਂ ਨੂੰ ਦਰੁੱਸਤ ਨਹੀਂ ਕੀਤਾ। ਇਹ ਪ੍ਰਾਜੈਕਟ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਘਿਰਿਆ ਚਲਿਆ ਆ ਰਿਹਾ ਹੈ ਅਤੇ ਟੈਂਡਰ ਲੈਣ ਵਾਲੀ ਕੰਪਨੀ ਨੇ ਬਹੁਤ ਲਾਪ੍ਰਵਾਹੀਪੂਰਨ ਢੰਗ ਨਾਲ ਕੰਮ ਕੀਤਾ। ਇਸ ਪ੍ਰਾਜੈਕਟ ਨੂੰ ਲੈ ਕੇ ਜਲੰਧਰ ਨਿਗਮ ਦੇ ਸਾਰੇ ਕੌਂਸਲਰਾਂ ਨੇ ਹਾਊਸ ਵਿਚ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ ਅਤੇ ਸੀ. ਬੀ. ਆਈ. ਤੱਕ ਤੋਂ ਇਸ ਦੀ ਜਾਂਚ ਦੀ ਮੰਗ ਰੱਖੀ। ਮੇਅਰ ਜਗਦੀਸ਼ ਰਾਜਾ ਨੇ ਵੀ ਇਸ ਪ੍ਰਾਜੈਕਟ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਮੌਜੂਦਾ ਕਮਿਸ਼ਨਰ ਦਵਿੰਦਰ ਸਿੰਘ ਦੇ ਅਸਹਿਯੋਗਾਤਮਕ ਰਵੱਈਏ ਦੀ ਸ਼ਿਕਾਇਤ ਚੰਡੀਗੜ੍ਹ ਤੱਕ ਕੀਤੀ ਹੈ।
ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ
ਸਮਾਰਟ ਸਿਟੀ ਛੱਡ ਕੇ ਜਾ ਚੁੱਕੇ ਅਧਿਕਾਰੀਆਂ ਨੂੰ ਵੀ ਤਲਬ ਕਰਨ ਦੀ ਤਿਆਰੀ
ਵਿਜੀਲੈਂਸ ਬਿਊਰੋ ਨਾਲ ਜੁੜੇ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਮਾਰਟ ਸਿਟੀ ਦੇ ਵਧੇਰੇ ਅਧਿਕਾਰੀ ਜਾਂ ਤਾਂ ਨੌਕਰੀ ਛੱਡ ਕੇ ਜਾ ਚੁੱਕੇ ਹਨ ਜਾਂ ਹੋਰ ਅਹੁਦਿਆਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਵਿਚ ਹੋਏ ਪ੍ਰਾਜੈਕਟਾਂ ਵਿਚ ਕਮੀਆਂ ਰਹੀਆਂ, ਉਨ੍ਹਾਂ ਦੇ ਸਬੰਧ ਵਿਚ ਸਾਰੇ ਸਾਬਕਾ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਜਲੰਧਰ ਸਮਾਰਟ ਸਿਟੀ ਟੀਮ ਲੀਡਰ ਦੇ ਤੌਰ ’ਤੇ ਕੁਲਵਿੰਦਰ ਸਿੰਘ ਅਤੇ ਸਬਜੈਕਟ ਸਪੈਸ਼ਲਿਸਟ ਦੇ ਤੌਰ ’ਤੇ ਲਖਵਿੰਦਰ ਸਿੰਘ ਕੰਮ ਕਰਦੇ ਰਹੇ, ਜਿਹੜੇ ਦੋਵੇਂ ਜਲੰਧਰ ਨਿਗਮ ਦੇ ਐੱਸ. ਈ. ਰਹਿ ਚੁੱਕੇ ਹਨ। ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਸਮਾਰਟ ਸਿਟੀ ਵਿਚ ਤਾਇਨਾਤੀ ਨੂੰ ਲੈ ਕੇ ਵੀ ਕਈ ਸਵਾਲ ਉੱਠੇ ਸਨ ਪਰ ਕਾਂਗਰਸੀ ਆਗੂਆਂ ਨੇ ਇਸ ਸਬੰਧ ਵਿਚ ਕੁਝ ਨਹੀਂ ਕੀਤਾ। ਨਿਗਮ ਵਿਚ ਰਹਿੰਦੇ ਹੋਏ ਦੋਵਾਂ ਅਧਿਕਾਰੀਆਂ ’ਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਅਤੇ ਸਮਾਰਟ ਸਿਟੀ ਨਾਲ ਸਬੰਧਤ ਕੰਮਾਂ ਵਿਚ ਵੀ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ, ਜਿਸ ਕਾਰਨ ਸਰਕਾਰ ਨੂੰ ਇਹ ਜਾਂਚ ਵਿਜੀਲੈਂਸ ਤੱਕ ਨੂੰ ਸੌਂਪਣੀ ਪਈ।
ਸਮਾਰਟ ਸਿਟੀ ਨੂੰ ਲੈ ਕੇ ਚੰਡੀਗੜ੍ਹ ਵਿਚ ਹੋਈ ਰੀਵਿਊ ਮੀਟਿੰਗ
ਕੇਂਦਰ ਸਰਕਾਰ ਨੇ ਸਮਾਰਟ ਸਿਟੀ ਨਾਲ ਸਬੰਧਤ ਬਕਾਇਆ ਕੰਮਾਂ ਨੂੰ ਜਲਦ ਪੂਰਾ ਕਰਨ ਦੇ ਜਿਹੜੇ ਨਿਰਦੇਸ਼ ਦਿੱਤੇ ਹਨ, ਉਸਦੇ ਮੱਦੇਨਜ਼ਰ ਲੋਕਲ ਬਾਡੀਜ਼ ਦੇ ਪ੍ਰਿੰਸੀਪਲ ਸੈਕਟਰੀ ਨੇ ਅੱਜ ਚੰਡੀਗੜ੍ਹ ਵਿਚ ਇਕ ਹੰਗਾਮੀ ਮੀਟਿੰਗ ਸੱਦੀ, ਜਿਸ ਦੌਰਾਨ ਜਲੰਧਰ ਸਮਾਰਟ ਸਿਟੀ ਦੇ ਸੀ. ਈ. ਓ. ਦਵਿੰਦਰ ਸਿੰਘ ਅਤੇ ਹੋਰ ਸ਼ਹਿਰਾਂ ਤੋਂ ਅਧਿਕਾਰੀ ਪਹੁੰਚੇ। ਇਸ ਮੀਟਿੰਗ ਦੌਰਾਨ ਕੇਂਦਰ ਸਰਕਾਰ ਅਤੇ ਹੋਰ ਸਬੰਧਤ ਪ੍ਰਤੀਨਿਧੀ ਵੀ ਆਨਲਾਈਨ ਢੰਗ ਨਾਲ ਸ਼ਾਮਲ ਹੋਏ। ਸੀ. ਈ. ਓ. ਨੂੰ ਦੁਬਾਰਾ ਡੈੱਡਲਾਈਨ ਬਾਰੇ ਦੱਸਿਆ ਗਿਆ ਅਤੇ ਸਾਰੇ ਪ੍ਰਾਜੈਕਟਾਂ ਨੂੰ ਰੀਵਿਊ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਲਦ ਚਾਲੂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ।
ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਯੂਨੀਵਰਸਿਟੀ MMS ਮਾਮਲਾ ਪੁੱਜਾ ਹਾਈਕੋਰਟ, ਪਟੀਸ਼ਨ 'ਚ ਕਹੀ ਗਈ ਵੱਡੀ ਗੱਲ
NEXT STORY