ਲੁਧਿਆਣਾ(ਰਾਜਨ)-ਨਰ ਸੇਵਾ ਨਾਰਾਇਣ ਸੇਵਾ ਦੇ ਮਕਸਦ ਲਾਲ ਮਨੁੱਖੀ ਕਲਿਆਣ ਹਿੱਤ ਕੰਮ ਕਰ ਰਹੀ ਸੰਸਥਾ ਸਵਾਮੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਮਾਡਲ ਟਾਊਨ ਐਕਸਟੈਨਸ਼ਨ ਵਲੋਂ ਸੇਵਾ ਦੇ ਕਈ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜੰਮੂ-ਕਸ਼ਮੀਰ 'ਚ ਰਹਿ ਰਹੇ ਸ਼ਰਨਾਰਥੀਆਂ ਅਤੇ ਸਰਹੱਦ 'ਤੇ ਸ਼ਹੀਦ ਹੋਏ ਸੁਰੱਖਿਆ ਮੁਲਾਜ਼ਮਾਂ ਅਤੇ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੀ ਮਦਦ ਹਿੱਤ 'ਜਗ ਬਾਣੀ ਪੱਤਰ ਸਮੂਹ' ਵਲੋਂ ਚਲਾਈ ਗਈ ਰਾਹਤ ਸਮੱਗਰੀ ਪਹੁੰਚਾਏ ਜਾਣ ਦੀ ਮੁਹਿੰਮ 'ਚ ਸਹਿਯੋਗ ਦੇਣ ਹਿੱਤ ਰਾਹਤ ਸਮੱਗਰੀ ਦਾ ਕੈਂਟਰ ਰਵਾਨਾ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ 'ਜਗ ਬਾਣੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਦੱਸਿਆ ਕਿ ਜਗ ਬਾਣੀ ਸਮੂਹ ਵਲੋਂ ਜੰਮੂ-ਕਸ਼ਮੀਰ 'ਚ ਰਹਿ ਰਹੇ ਸ਼ਰਨਾਰਥੀਆਂ ਲਈ 450 ਤੋਂ ਉੱਪਰ ਰਾਹਤ ਸਮੱਗਰੀ ਦੇ ਟਰੱਕ ਭੇਜੇ ਜਾ ਚੁੱਕੇ ਹਨ, ਜਿਸ ਦਾ ਸਾਰਾ ਸਿਹਰਾ ਉਨ੍ਹਾਂ ਨੇ ਦਾਨੀ ਸੱਜਣਾਂ, ਖਾਸ ਕਰਕੇ ਪੰਜਾਬੀਆਂ ਨੂੰ ਦਿੱਤਾ। ਉਨ੍ਹਾਂ ਸਵਾਮੀ ਵਿਵੇਕਾਨੰਦ ਟਰੱਸਟ ਦੇ ਸੰਸਥਾਪਕ ਪ੍ਰਧਾਨ ਸਵ. ਰਾਮ ਪ੍ਰਕਾਸ਼ ਭਾਰਤੀ ਵਲੋਂ ਕੀਤੇ ਗਏ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਦੋਵੇਂ ਭਰਾਵਾਂ ਅਨਿਲ ਭਾਰਤੀ ਤੇ ਸੰਜੀਵ ਭਾਰਤੀ ਨੇ ਆਪਣੇ ਪਿਤਾ ਦੇ ਦਿਖਾਏ ਮਾਰਗ 'ਤੇ ਚਲਦੇ ਹੋਏ ਸਾਰੇ ਟਰੱਸਟੀਆਂ ਦੇ ਨਾਲ ਮਿਲ ਕੇ ਟਰੱਸਟ ਦੇ ਸੇਵਾ ਕਾਰਜਾਂ ਨੂੰ ਬਹੁਤ ਵਧਾਇਆ ਹੈ। ਸ਼੍ਰੀ ਚੋਪੜਾ ਨੇ ਸਰਹੱਦ 'ਤੇ ਗੋਲੀਬਾਰੀ 'ਚ ਨਿਰਦੋਸ਼ ਲੋਕਾਂ ਦੇ ਮਾਰੇ ਜਾਣ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੋਲੀਬਾਰੀ ਵਿਚ ਉਥੇ ਰਹਿ ਰਹੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਦੇ ਨਾਲ ਕਮਾਈ ਕਰਨ ਵਾਲੇ ਜਾਨਵਰ ਵੀ ਮਾਰੇ ਗਏ। ਉਨ੍ਹਾਂ ਨੇ ਸਰਹੱਦ ਦੇ ਹਾਲਾਤ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਗੋਲੀਬਾਰੀ ਝੱਲ ਰਹੇ ਉਥੋਂ ਦੇ ਲੋਕ ਬਿਨਾਂ ਹਥਿਆਰਾਂ ਦੇ ਦੇਸ਼ ਦੀ ਸੇਵਾ 'ਚ ਲੱਗੇ ਹੋਏ ਹਨ ਅਤੇ ਜੋ ਸਰਹੱਦ ਤੋਂ ਹੋ ਰਹੀਆਂ ਦੇਸ਼ਧ੍ਰੋਹੀ ਗਤੀਵਿਧੀਆਂ ਦੀ ਜਾਣਕਾਰੀ ਦੇਸ਼ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਦਿੰਦੇ ਹਨ, ਜਿਨ੍ਹਾਂ ਦੀਆਂ ਚੌਕੀਆਂ ਉਨ੍ਹਾਂ ਲੋਕਾਂ ਦੇ ਘਰਾਂ ਤੋਂ 2-2 ਕਿਲੋਮੀਟਰ ਦੂਰ ਹਨ। ਉਨ੍ਹਾਂ ਕਿਹਾ ਕਿ ਬਿਨਾਂ ਪੈਸੇ ਦੇ ਤੰਗੀ ਵਿਚ ਰਹਿ ਰਹੇ ਗੋਲੀਆਂ ਖਾ ਕੇ ਸਰਹੱਦ 'ਤੇ ਦੇਸ਼ ਦੀ ਸੇਵਾ ਕਰ ਰਹੇ ਅਜਿਹੇ ਨਿਰਦੋਸ਼ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਵਾ ਕਰਨਾ ਸਾਡਾ ਧਰਮ ਬਣਦਾ ਹੈ। ਇਸ ਮੌਕੇ ਸ਼੍ਰੀ ਚੋਪੜਾ ਨੇ 4 ਫਰਵਰੀ ਨੂੰ ਹੋਣ ਵਾਲੇ 114ਵੇਂ ਸ਼ਹੀਦ ਪਰਿਵਾਰ ਫੰਡ ਸਮਾਗਮ ਲਈ ਹਾਜ਼ਰ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਸ ਸਮਾਗਮ 'ਚ ਅੱਤਵਾਦ ਤੋਂ ਪੀੜਤ ਪਰਿਵਾਰਾਂ ਦੇ ਨਾਲ-ਨਾਲ ਸੀ. ਆਰ. ਪੀ. ਐੱਫ., ਬੀ. ਐੱਸ. ਐੱਫ. ਤੇ ਸਿਪਾਹੀਆਂ ਦੇ ਪਰਿਵਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਸਾਡੀ ਰੱਖਿਆ ਹਿੱਤ ਆਪਣੀਆਂ ਜਾਨਾਂ ਗਵਾਉਂਦੇ ਹਨ। ਇਸ ਮੌਕੇ ਟਰੱਸਟ ਦੇ ਪ੍ਰਧਾਨ ਅਨਿਲ ਭਾਰਤੀ ਨੇ ਕਿਹਾ ਕਿ 'ਜਗ ਬਾਣੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਤੇ ਚੋਪੜਾ ਪਰਿਵਾਰ ਦੇਸ਼ 'ਚ ਆਈਆਂ ਤ੍ਰਾਸਦੀਆਂ ਤੇ ਬਿਪਤਾਵਾਂ ਤੋਂ ਪੀੜਤ ਲੋਕਾਂ ਦੀ ਮਦਦ ਹਿੱਤ ਵੱਖ-ਵੱਖ ਫੰਡ ਸਕੀਮਾਂ ਚਲਾ ਕੇ ਮਦਦ ਤਾਂ ਕਰ ਹੀ ਰਿਹਾ ਹੈ, ਸਗੋਂ ਸਾਡੇ ਸਮਾਜ ਨੂੰ ਇਨ੍ਹਾਂ ਸੇਵਾ ਕਾਰਜਾਂ ਲਈ ਸਦਾ ਪ੍ਰੇਰਿਤ ਵੀ ਕੀਤਾ ਹੈ। ਭਾਰਤੀ ਨੇ ਕਿਹਾ ਕਿ ਟਰੱਸਟ ਵਲੋਂ ਮਨੁੱਖੀ ਸੇਵਾ ਦੇ ਕਾਰਜਾਂ ਨੂੰ ਹੋਰ ਵਧਾਇਆ ਤੇ ਤੇਜ਼ ਕੀਤਾ ਜਾਵੇਗਾ।ਇਸ ਦੌਰਾਨ ਟਰੱਸਟ ਦੇ ਸੀਨੀਅਰ ਉਪ ਪ੍ਰਧਾਨ ਤਰਸੇਮ ਗੁਪਤਾ ਤੇ ਉਪ ਪ੍ਰਧਾਨ ਸੰਜੀਵ ਭਾਰਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਦਾ ਅਗਲਾ ਕੈਂਟਰ ਵੀ ਜਲਦ ਭੇਜਿਆ ਜਾਵੇਗਾ। ਇਸ ਮੌਕੇ ਵੇਦ ਪ੍ਰਕਾਸ਼ ਗੁਪਤਾ, ਟੋਲੀ ਮਹਾਜਨ, ਤਰੁਣ ਚੰਦੋਕ, ਭੁਪਿੰਦਰ ਸਿੰਘ ਅਰੋੜਾ, ਨਰੇਸ਼ ਭਾਟੀਆ, ਮੱਖਣ ਸਿੰਘ ਖੁਰਾਣਾ, ਪ੍ਰੀਤ ਦੇਵ ਸ਼ਰਮਾ, ਟੀ. ਪੀ. ਸਿੰਘ, ਬੀ. ਆਰ. ਗੁਪਤਾ, ਚਰਨਜੀਤ ਸਿੰਘ ਛਾਬੜਾ, ਆਦਰਸ਼ ਬੌਬੀ, ਗੁਰਦੀਪ ਸਿੰਘ, ਰਮੇਸ਼ ਸਾਹਨੀ ਅਤੇ ਹੋਰ ਹਾਜ਼ਰ ਸਨ।
ਸਿੱਖਿਆ ਮੰਤਰੀ ਵੱਲੋਂ ਪੰਜਾਬ ਦੀਆਂ ਪ੍ਰਾਪਤੀਆਂ ਦਾ ਖਾਕਾ ਉਸਾਰੂ ਢੰਗ ਨਾਲ ਪੇਸ਼
NEXT STORY