ਨਿਹਾਲ ਸਿੰਘ ਵਾਲਾ (ਬਾਵਾ) : ਲੋਕ ਘੋਲਾਂ ਵਜੋਂ ਜਾਣੇ ਜਾਂਦੇ ਮਾਲਵੇ ਦੇ ਪ੍ਰਸਿੱਧ ਪਿੰਡ ਕੁੱਸਾ ਜੋ ਏਕਤਾ ਅਤੇ ਭਾਈਚਾਰੇ ਦੀ ਹਮੇਸ਼ਾ ਵੱਡੀ ਮਿਸਾਲ ਕਾਇਮ ਕਰਦਾ ਰਿਹਾ ਹੈ। ਪਿੰਡ ਕੁੱਸਾ ਵਿਚ ਲਗਾਤਾਰ ਪਿਛਲੇ ਕਰੀਬ 21 ਸਾਲ ਤੋਂ ਬਜ਼ੁਰਗਾਂ ਦੀ ਮੌਤ ਹੋ ਜਾਣ ਤੋਂ ਬਾਅਦ ਕੀਤੇ ਜਾਣ ਵਾਲੇ ਫਜ਼ੂਲ ਖਰਚੇ ਜਲੇਬੀਆਂ, ਪਕਾਉਣੀਆਂ ਜਾਂ ਹੋਰ ਮਹਿੰਗੇ ਲੈਣ ਦੇਣ ਕਰਨੇ ਬੰਦ ਹਨ ਕਿਉਂਕਿ ਪਿੰਡ ਦੇ ਲੋਕ ਇਹ ਗੱਲ ਮਹਿਸੂਸ ਕਰਦੇ ਸਨ ਕਿ ਬਜ਼ੁਰਗਾਂ ਦਾ ਪਰਿਵਾਰ ਵਿਚੋਂ ਚਲੇ ਜਾਣਾ ਖੁਸ਼ੀ ਦੀ ਗੱਲ ਨਹੀਂ ਹੁੰਦੀ ਬਲਕੇ ਪਰਿਵਾਰ ਨੂੰ ਵੱਡਾ ਘਾਟਾ ਹੁੰਦਾ ਹੈ। ਇਸ ਗੱਲ ’ਤੇ ਅੱਜ ਤੋਂ ਕਰੀਬ 21 ਸਾਲ ਪਹਿਲਾਂ ਪਿੰਡ ਦੇ ਲੋਕਾਂ ਨੇ ਵੱਡਾ ਇਕੱਠ ਕਰਕੇ ਇਤਿਹਾਸਿਕ ਫੈਸਲੇ ਰਾਹੀ ਪਿੰਡ ਕੁੱਸਾ ਦੇ ਨੌਜਵਾਨਾਂ ਨੇ ਨਗਰ ਸੁਧਾਰ ਕਮੇਟੀ ਦਾ ਗਠਨ ਕਰਕੇ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਪਿੰਡ ਵਿਚ ਇਕ ਰੂਲ ਬਣਾਇਆ ਕਿ ਬਜ਼ੁਰਗਾਂ ਦੀ ਮੌਤ ਸਮੇਂ ਕੋਈ ਵੀ ਮਿੱਠਾ ਪਕਵਾਨ ਜਿਵੇਂ ਜਲੇਬੀਆਂ ਤੇ ਮਠਿਆਈਆਂ ਨਹੀਂ ਬਣਾਈਆਂ ਜਾਣਗੀਆਂ ਅਤੇ ਹਰੇਕ ਮੌਤ ਦਾ ਭੋਗ ਵੀ ਗੁਰਦੁਆਰਾ ਸਾਹਿਬ ਦੇ ਵਿਚ ਪਾਇਆ ਜਾਵੇਗਾ। ਇਸ ਤੋਂ ਇਲਾਵਾ ਪਿੰਡ ਵਿਚੋਂ ਮੌਤ ਤੋਂ ਬਾਅਦ ਜਾਣ ਵਾਲੀਆਂ ਮਕਾਣਾਂ ਹਗਾਮੇ ਅਤੇ ਹੋਰ ਸੋਨੇ ਲੀੜੇ ਲੱਤੇ ਦੀ ਫਜ਼ੂਲ ਖਰਚੀ ਨੂੰ ਵੀ ਪਿੰਡ ਦੇ ਲੋਕਾਂ ਨੇ ਕੰਟਰੋਲ ਕਰ ਕੇ ਇਤਿਹਾਸਿਕ ਕੰਮ ਕੀਤਾ ਸੀ, ਜਿਸ ਦੀ ਪੂਰੇ ਪੰਜਾਬ ਵਿਚ ਚਰਚਾ ਹੋਈ ਸੀ, ਪਿੰਡ ਗੁੱਸਾ ਦੇ ਲੋਕਾਂ ਦੇ ਇਸ ਕਦਮ ਦੀ ਬਹੁਤ ਪ੍ਰਸ਼ੰਸਾ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ
ਹੁਣ ਪਰ ਪਿੰਡ ਕੁੱਸਾ ਦੇ ਲੋਕਾਂ ਨੇ ਬੀਤੇ ਦਿਨੀ ਪਿੰਡ ਵਿਚ ਹੋਈ ਭਾਰੀ ਗੜੇਮਾਰੀ ਦੀ ਤਬਾਹੀ ਨਾਲ ਹੋਏ ਫਸਲਾਂ ਦੇ ਨੁਕਸਾਨ ਤੋਂ ਬਾਅਦ ਇਕ ਹੋਰ ਨਵਾਂ ਵੱਡਾ ਫੈਸਲਾ ਕੀਤਾ ਹੈ ਕਿ ਪਿੰਡ ਵਿਚ ਜੋ ਜ਼ਮੀਨਾਂ ਠੇਕੇ ’ਤੇ ਕਿਸਾਨਾਂ ਵੱਲੋਂ ਲਈਆਂ ਜਾਂਦੀਆਂ ਹਨ, ਉਨ੍ਹਾਂ ਦਾ ਰੇਟ ਦੋ ਸਾਲ ਲਈ 65 ਹਜ਼ਾਰ ਰੁਪਏ ਪਰ ਏਕੜ (ਮੋਟਰ ਵਾਲੀ) ਤੇ ਪਾਣੀ ਤੋਂ ਬਿਨਾਂ ਮਾਰੂ ਜ਼ਮੀਨਾਂ ਦਾ ਠੇਕਾ ਮਾਮਲਾ 50 ਹਜ਼ਾਰ ਰੁਪਏ ਪ੍ਰਤੀ ਏਕੜ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਈ ਭਾਰੀ ਗੜੇਮਾਰੀ ਨਾਲ ਪਿੰਡ ਕੁੱਸਾ ਵਿਚ ਵੀ ਵੱਡੀ ਪੱਧਰ 'ਤੇ ਮੂੰਗੀ, ਸਬਜ਼ੀਆਂ ਤੇ ਮੱਕੀ ਦੀ ਫਸਲ ਦਾ ਨੁਕਸਾਨ ਹੋਇਆ ਹੈ, ਇਸ ਨੁਕਸਾਨ ਦੇ ਚਲਦੇ ਹੋਏ ਸਮੂਹ ਗ੍ਰਾਮ ਪੰਚਾਇਤ ਪਿੰਡ ਕੁੱਸਾ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਸੱਥ ਵਿਚ ਵੱਡਾ ਇਕੱਠ ਕਰ ਕੇ ਆਰਥਿਕ ਮੰਦਹਾਲੀ ਵਿਚੋਂ ਲੰਘ ਰਹੇ ਕਿਸਾਨਾਂ ਦੇ ਹੱਕ ਵਿਚ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰੀ ਜੇਲ੍ਹ ਪਟਿਆਲਾ 'ਚੋਂ ਤਿੰਨ ਖ਼ਤਰਨਾਕ ਕੈਦੀ ਫਰਾਰ
ਪਿੰਡ ਦੇ ਲੋਕਾਂ ਸਮੇਤ ਐੱਨ. ਆਰ. ਆਈ. ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਸੀਬਤ ਸਮੇਂ ਕਿਸਾਨਾਂ ਦੀ ਬਾਂਹ ਫੜਨ ’ਤੇ ਉਨ੍ਹਾਂ ਦੀ ਮਦਦ ਲਈ ਇਸ ਫੈਸਲੇ ’ਤੇ ਫੁੱਲ ਚੜਾਏ ਜਾਣ। ਇਸ ਫੈਸਲੇ ਵਿਚ ਪਿੰਡ ਦੀ ਵਾਹੀ ਯੋਗ ਜ਼ਮੀਨ ਪਿੰਡ ਦੇ ਹੀ ਵਿਅਕਤੀਆਂ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ। ਪਿੰਡ ਤੋਂ ਬਾਹਰੀ ਲੋਕਾਂ ਨੂੰ ਪਿੰਡ ਦੀ ਵਾਹੀਯੋਗ ਜ਼ਮੀਨ ਨਾ ਦੇਣ ਲਈ ਵੀ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ। ਇਸ ਸਮੇਂ ਸਰਪੰਚ ਜਗਦੇਵ ਸਿੰਘ ਧਾਲੀਵਾਲ ਕੁੱਸਾ ਗ੍ਰਾਮ ਪੰਚਾਇਤ, ਪੰਚ ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਨਿਰਮਲ ਸਿੰਘ, ਲਖਵੀਰ ਸਿੰਘ, ਗੁਰਜੀਤ ਸਿੰਘ, ਸੰਮਤੀ ਮੈਂਬਰ ਹਰਭਜਨ ਸਿੰਘ, ਮੰਦਰ ਮਾਤਾ ਸਤੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ, ਖਜ਼ਾਨਚੀ ਪ੍ਰੇਮ ਸਿੰਘ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪ੍ਰਧਾਨ ਦਲਜੀਤ ਸਿੰਘ ਤੇ ਗੁਰਮੀਤ ਸਿੰਘ ਵੱਡੀ ਗਿਣਤੀ ਵਿਚ ਪਿੰਡ ਦੇ ਨੌਜਵਾਨ ਤੇ ਕਲੱਬਾਂ ਦੇ ਆਗੂ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਰੱਗ ਤਸਕਰੀ ਦੇ ਮੁਲਜ਼ਮਾਂ ਨਾਲ ਫਸੇ ਕੈਬ ਡਰਾਈਵਰ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ
NEXT STORY