ਚੰਡੀਗੜ੍ਹ (ਗੰਭੀਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 15,000 ਟਰਾਮਾਡੋਲ ਗੋਲੀਆਂ ਦੀ ਬਰਾਮਦਗੀ ਨਾਲ ਸਬੰਧਿਤ ਇੱਕ ਮਾਮਲੇ 'ਚ ਗ੍ਰਿਫ਼ਤਾਰ ਕੈਬ ਡਰਾਈਵਰ ਰਾਮ ਕੁਮਾਰ ਪਾਂਡੇ ਨੂੰ ਜ਼ਮਾਨਤ ਦੇ ਦਿੱਤੀ ਹੈ। ਪਾਂਡੇ ਉਸ ਕੈਬ ਦਾ ਡਰਾਈਵਰ ਸੀ, ਜਿਸ ’ਚ ਗੈਰ-ਕਾਨੂੰਨੀ ਬਰਾਮਦਗੀ ਦੇ ਨਾਲ ਤਸਕਰੀ ਦੇ ਇਲਜ਼ਾਮ ’ਚ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਦੇ ਨਾਲ ਟਿੱਪਣੀ ਕੀਤੀ ਕਿ ਦੰਡਾਤਮਕ ਨਜ਼ਰੀਆ ਅਪਣਾਉਂਦੇ ਹੋਏ ਕਿਸੇ ਮੁਲਜ਼ਮ ਨੂੰ ਜ਼ਮਾਨਤ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਜਸਟਿਸ ਸੁਭਾਸ਼ ਮੇਹਲਾ ਨੇ ਆਪਣੇ ਹੁਕਮ ਵਿਚ ਕਿਹਾ ਕਿ ਹਰਿਆਣਾ ਰਾਜ ਦੇ ਜਵਾਬ ਮੁਤਾਬਕ ਪਟੀਸ਼ਨਰ ਡਰਾਈਵਰ ਦਾ ਹੋਰਨਾ ਮੁਲਜ਼ਮਾਂ ਨਾਲ ਕੈਬ ਬੁਕਿੰਗ ਤੋਂ ਪਹਿਲਾਂ ਕੋਈ ਸੰਪਰਕ ਨਹੀਂ ਪਾਇਆ ਗਿਆ। ਇਸ ਲਈ ਫਿਲਹਾਲ ਪਹਿਲੀ ਨਜ਼ਰੇ ਇਹ ਮੰਨਿਆ ਜਾ ਸਕਦਾ ਹੈ ਕਿ ਬਰਾਮਦ ਕਥਿਤ ਪਾਬੰਦੀਸ਼ੁਦਾ ਸਮੱਗਰੀ ਕੈਬ 'ਚ ਸਵਾਰ ਗਾਹਕਾਂ ਦੀ ਸੀ, ਜਿਨ੍ਹਾਂ ਨੇ ਐਪ ਰਾਹੀਂ ਯਾਤਰਾ ਲਈ ਵਾਹਨ ਬੁੱਕ ਕੀਤਾ ਸੀ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਸਲ ਜ਼ਿੰਮੇਵਾਰੀ ਦਾ ਅੰਤਿਮ ਨਿਰਧਾਰਣ ਟ੍ਰਾਇਲ ਦੌਰਾਨ ਸਬੂਤਾਂ ਦੇ ਆਧਾਰ ’ਤੇ ਹੋਵੇਗਾ।
ਮਾਮਲੇ ਮੁਤਾਬਕ ਮੇਵਾਤ ’ਚ 19 ਨਵੰਬਰ, 2025 ਨੂੰ ਵਾਹਨ ਦੀ ਪਿਛਲੀ ਸੀਟ ’ਤੇ ਰੱਖੇ ਦੋ ਬੈਗਾਂ ਵਿਚੋਂ 800 ਅਤੇ 700 ਸਟ੍ਰਿਪਸ ਵਿਚ ਕੁੱਲ 15,000 ਟਰਾਮਾਡੋਲ ਗੋਲੀਆਂ ਬਰਾਮਦ ਹੋਈਆਂ ਸੀ। ਉਸ ਸਮੇਂ ਡਰਾਈਵਰ ਰਾਮ ਕੁਮਾਰ ਪਾਂਡੇ ਦੇ ਨਾਲ ਹੋਰ ਮੁਲਜ਼ਮ ਅਮਨ ਅਤੇ ਮੁਹੰਮਦ ਅਰਸ਼ਦ ਵਾਹਨ ਵਿਚ ਮੌਜੂਦ ਸਨ। ਰਾਜ ਨੇ ਇਸ ਨੂੰ ਵਪਾਰਕ ਮਾਤਰਾ ਦੱਸਦਿਆਂ ਜ਼ਮਾਨਤ ਦਾ ਵਿਰੋਧ ਕੀਤਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਇੰਨੀ ਵੱਡੀ ਬਰਾਮਦਗੀ ਗੰਭੀਰ ਅਪਰਾਧ ਦੀ ਸ਼੍ਰੇਣੀ ’ਚ ਆਉਂਦੀ ਹੈ। ਪਟੀਸ਼ਨਕਰਤਾ ਵੱਲੋਂ ਦਲੀਲ ਦਿੱਤੀ ਕਿ ਡਰਾਈਵਰ ਨੂੰ ਝੂਠਾ ਫਸਾਇਆ ਗਿਆ, ਕਿਉਂਕਿ ਨਾ ਤਾਂ ਉਸਦੇ ਕਬਜ਼ੇ ਵਿਚੋਂ ਕੋਈ ਬਰਾਮਦਗੀ ਹੋਈ ਅਤੇ ਨਾ ਹੀ ਯਾਤਰੀਆਂ ਨਾਲ ਪਹਿਲਾਂ ਸੰਪਰਕ ਦਾ ਕੋਈ ਸਬੂਤ ਮਿਲਿਆ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਡਰਾਈਵਰ ਪਿਛਲੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਹੈ, ਉਸਦਾ ਅਪਰਾਧਿਕ ਰਿਕਾਰਡ ਸਾਫ਼ ਹੈ ਅਤੇ ਮੁਕੱਦਮਾ ਜਲਦੀ ਖ਼ਤਮ ਹੋਣ ਦੀ ਸੰਭਾਵਨਾ ਨਹੀਂ। ਹਾਈਕੋਰਟ ਨੇ ਮੰਨਿਆ ਕਿ ਉਪਲੱਬਧ ਤੱਥਾਂ ਦੇ ਆਧਾਰ ’ਤੇ ਪਟੀਸ਼ਨ ਵਿਚ ਜ਼ਮਾਨਤ ਦੇਣ ਲਈ ਉਚਿਤ ਤੱਥ ਹਨ।
ਬੈਂਕ ਖ਼ਾਤਾਧਾਰਕਾਂ ਲਈ ਰਾਹਤ ਭਰੀ ਖ਼ਬਰ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
NEXT STORY