ਸੰਗਰੂਰ/ਸੰਦੌੜ (ਬੇਦੀ/ਰਿਖੀ)-ਕਈ ਵਾਰ ਸਾਡੇ ਵੱਲੋਂ ਖਰਚਾ ਬਚਾਉਣ ਜਾਂ ਜਾਣਬੁੱਝ ਕੇ ਅਣਜਾਣ ਬਣਨ ਦੀ ਕੀਤੀ ਗਲਤੀ ਕਿਸੇ ਹੱਸਦੇ-ਵਸਦੇ ਘਰ ਦੇ ਚਿਰਾਗ ਨੂੰ ਬੁਝਾ ਸਕਦੀ ਹੈ। ਅਜਿਹੀ ਹੀ ਟ੍ਰੈਫਿਕ ਉਲੰਘਣਾ ਦਾ ਸਿਲਸਿਲਾ ਅੱਜ-ਕੱਲ ਆਮ ਹੁੰਦਾ ਜਾ ਰਿਹਾ ਹੈ। ਉਹ ਹੈ ਵਾਹਨਾਂ 'ਤੇ ਪਿੱਛੇ ਲੰਬੀ ਦੂਰੀ ਤੱਕ ਲੱਦਿਆ ਹੋਇਆ ਸਰੀਆ ਜੋ ਹਰ ਸਮੇਂ ਕਿਸੇ ਦੂਸਰੇ ਦੀ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ । ਜਦੋਂ ਕਿਸੇ ਵਾਹਨ ਦੇ ਪਿੱਛੇ ਦੂਰ ਤੱਕ ਇਹ ਸਰੀਆ ਲੱਦਿਆ ਹੁੰਦਾ ਹੈ ਤਾਂ ਉੁਹ ਪਿੱਛੇ ਆਉਂਦੇ ਕਿਸੇ ਵਾਹਨ ਖਾਸਕਰ ਦੋ-ਪਹੀਆ ਵਾਹਨ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਇਹ ਸਰੀਆ ਜ਼ਿਆਦਾ ਦੂਰ ਤੋਂ ਵਿਖਾਈ ਨਹੀਂ ਦਿੰਦਾ ਅਤੇ ਕੋਈ ਵੀ ਇਸ ਨਾਲ ਟਕਰਾ ਕੇ ਜਾਨ ਗਵਾ ਸਕਦਾ ਹੈ । ਹੁਣ ਜਦੋਂ ਸਰਦੀਆਂ 'ਚ ਧੁੰਦ ਪੈਣ ਵਾਲੀ ਹੈ ਤਾਂ ਇਹ ਹੋਰ ਵੀ ਖਤਰਨਾਕ ਸਿੱਧ ਹੋ ਸਕਦਾ ਹੈ । ਵਾਹਨ ਚਾਲਕਾਂ ਦੀ ਇਸ ਹਰਕਤ ਤੋਂ ਬਹੁਤ ਸਾਰੇ ਰਾਹਗੀਰ ਅਕਸਰ ਪ੍ਰੇਸ਼ਾਨ ਹੁੰਦੇ ਵੇਖੇ ਗਏ ਹਨ ਅਤੇ ਉਹ ਇਨ੍ਹਾਂ ਨੂੰ ਕੋਸਣ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ ਇਹ ਤਾਂ ਟ੍ਰੈਫਿਕ ਪੁਲਸ ਨੂੰ ਹੀ ਹੋਰ ਚੌਕਸੀ ਵਧਾਉਣੀ ਪਵੇਗੀ ।
ਵਾਹਨ ਤੋਂ ਬਾਹਰ ਸਰੀਆ ਕੱਢਣੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ
ਇਸ ਸਬੰਧੀ ਟ੍ਰੈਫਿਕ ਇੰਚਾਰਜ ਮਾਲੇਰਕੋਟਲਾ ਸ਼੍ਰੀ ਕਰਨਜੀਤ ਸਿੰਘ ਜੇਜੀ ਨੇ ਕਿਹਾ ਕਿ ਕਿਸੇ ਵਾਹਨ ਦੀ ਬਾਡੀ ਤੋਂ ਬਾਹਰ ਸਰੀਆ ਕੱਢਣਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਚਲਾਨ ਵੀ ਕੀਤੇ ਹਨ ਤੇ ਜੇਕਰ ਫਿਰ ਵੀ ਕੋਈ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੇਗਾ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕਿਉੁਂਕਿ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਤਾਂ ਜੋ ਸੜਕ 'ਤੇ ਚੱਲਣ ਵਾਲੇ ਹਰ ਨਾਗਰਿਕ ਦੀ ਸੁਰੱਖਿਆ ਹੋ ਸਕੇ ।
4 ਤੋਂ 5 ਹਜ਼ਾਰ ਤੱਕ ਹੋ ਸਕਦੈ ਜੁਰਮਾਨਾ
ਜੇਕਰ ਕੋਈ ਵਾਹਨ ਚਾਲਕ ਸੜਕ 'ਤੇ ਚੱਲਦੇ ਸਮੇਂ ਆਪਣੇ ਵਾਹਨ ਦੀ ਬਾਡੀ ਤੋਂ ਜ਼ਿਆਦਾ ਬਾਹਰ ਸਰੀਆ ਕੱਢ ਕੇ ਚੱਲਦਾ ਹੈ ਤਾਂ ਉਸ ਦਾ ਚਲਾਨ ਹੋ ਸਕਦਾ ਹੈ ਅਤੇ ਇਸ ਰੂਪ 'ਚ 4 ਤੋਂ 5 ਹਜ਼ਾਰ ਤੱਕ ਜੁਰਮਾਨਾ ਵੀ ਹੋ ਸਕਦਾ ਹੈ।
ਟਰਾਲੇ ਤੋਂ ਬਾਹਰ ਸਰੀਆ ਹੈ ਕਾਨੂੰਨੀ ਉਲੰਘਣਾ
ਜ਼ਿਲਾ ਟ੍ਰੈਫਿਕ ਮਾਰਸ਼ਲ ਤੇ ਉੱਘੇ ਸਮਾਜ ਸੇਵੀ ਡਾ. ਏ. ਐੱਸ. ਮਾਨ ਨੇ ਕਿਹਾ ਕਿ ਹੁਣ ਤਾਂ ਧੁੰਦ ਪੈਣ ਦਾ ਸਮਾਂ ਹੈ ਅਤੇ ਅਜਿਹੇ 'ਚ ਤਾਂ ਹਾਦਸੇ ਦਾ ਡਰ ਵੈਸੇ ਹੀ ਬਣਿਆ ਰਹਿੰਦਾ ਹੈ। ਅਜਿਹੇ 'ਚ ਜੇਕਰ ਕਿਸੇ ਵਾਹਨ ਦੇ ਬਾਹਰ ਕੋਈ ਵੀ ਚੀਜ਼ ਜ਼ਿਆਦਾ ਵਧਾਈ ਹੋਵੇ ਤਾਂ ਖਤਰਾ ਹੀ ਖਤਰਾ ਹੈ ਅਤੇ ਅਜਿਹੇ 'ਚ ਵਾਹਨ ਚਾਲਕਾਂ ਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ।
ਰਿਫਲੈਕਟਰ ਵੱਧ ਤੋਂ ਵੱਧ ਲਾਏ ਜਾਣ
ਸੁਖਦੀਪ ਸਿੰਘ ਜ਼ਿਲਾ ਟ੍ਰੈਫਿਕ ਇੰਚਾਰਜ ਸੰਗਰੂਰ ਨੇ ਕਿਹਾ ਕਿ ਟਰਾਲੇ ਤੋਂ ਬਾਹਰ ਸਰੀਆ ਅਲਾਊਡ ਨਹੀਂ ਹੈ ਇਸ ਲਈ ਜੇਕਰ ਕੋਈ ਕਾਨੂੰਨ ਤੋੜਦਾ ਹੈ ਤਾਂ ਉੇਸ ਦਾ ਚਲਾਨ ਹੋ ਸਕਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਰਿਫਲੈਕਟਰ ਟੇਪ ਲਾ ਰਹੇ ਹਾਂ, ਲਾਈਟਾਂ ਬੰਦ ਹੋਣ 'ਤੇ ਚੈਕਿੰਗ ਕਰ ਰਹੇ ਹਾਂ, ਓਵਰਲੋਡ ਵਾਹਨਾਂ ਦੀ ਚੈਕਿੰਗ ਚੱਲ ਰਹੀ ਹੈ ।
ਪਰਾਲੀ ਦੇ ਪ੍ਰਦੂਸ਼ਣ ਦਾ ਆਉਣ ਵਾਲੇ ਸੀਜ਼ਨ 'ਚ ਹੋਵੇਗਾ ਪੁਖਤਾ ਪ੍ਰਬੰਧ : ਕਾਹਨ ਸਿੰਘ ਪੰਨੂੰ
NEXT STORY