ਜਲੰਧਰ/ ਨਵਾਂਸ਼ਹਿਰ/ਰਾਹੋਂ (ਧਵਨ, ਕਮਲੇਸ਼, ਤ੍ਰਿਪਾਠੀ, ਮਨੋਰੰਜਨ, ਪ੍ਰਭਾਕਰ) — ਪੰਜਾਬ ਦੇ ਪੁਲਸ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ 'ਚ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਹੋਈ ਹੱਤਿਆ ਪਿੱਛੇ ਅੱਤਵਾਦੀਆਂ ਦਾ ਹੱਥ ਨਹੀਂ ਹੈ। ਸ਼ਨੀਵਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਸ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਤਲਕਾਂਡ ਨਾਲ ਅੱਤਵਾਦੀਆਂ ਦਾ ਕੁੱਝ ਵੀ ਲੈਣਾ-ਦੇਣਾ ਨਹੀਂ ਹੈ। ਇਹ ਕਤਲਕਾਂਡ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੈ। ਟਾਰਗੈੱਟ ਕਿਲਿੰਗ ਬਾਰੇ ਉਨ੍ਹਾਂ ਕਿਹਾ ਕਿ ਪੁਲਸ ਇਸ ਸਬੰਧੀ ਸਖਤੀ ਨਾਲ ਪੇਸ਼ ਆ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਗੂ ਕਰਵਾਏ ਜਾ ਰਹੇ ਨਵੇਂ 'ਪਕੋਕਾ' ਕਾਨੂੰਨ ਨਾਲ ਗੈਂਗਸਟਰਾਂ ਦੇ ਹੌਸਲੇ ਡਿੱਗਣਗੇ। ਗੈਂਗਸਟਰਾਂ ਨੂੰ ਇਕ ਵਾਰ ਜੇਲ ਭੇਜ ਦੇਣ ਪਿੱਛੋਂ ਉਹ ਮੁੜ ਜ਼ਮਾਨਤ 'ਤੇ ਰਿਹਾਅ ਹੋ ਕੇ ਬਾਹਰ ਨਹੀਂ ਆ ਸਕਣਗੇ। ਗੈਂਗਸਟਰਾਂ ਅੰਦਰ ਡਰ ਦੀ ਭਾਵਨਾ ਵਧੇਗੀ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹੁਣ ਤਕ ਗੈਂਗਸਟਰ ਫੜੇ ਜਾਣ ਪਿੱਛੋਂ ਆਪਣੀਆਂ ਜ਼ਮਾਨਤਾਂ ਕਰਵਾ ਲੈਂਦੇ ਸਨ ਅਤੇ ਦੁਬਾਰਾ ਅਪਰਾਧਿਕ ਵਾਰਦਾਤਾਂ 'ਚ ਸ਼ਾਮਲ ਹੋ ਜਾਂਦੇ ਸਨ।
ਸੁਰੇਸ਼ ਅਰੋੜਾ ਨੇ ਕਿਹਾ ਕਿ ਪਕੋਕਾ ਕਾਨੂੰਨ ਦੀ ਦੁਰਵਰਤੋਂ ਨਹੀਂ ਹੋਵੇਗੀ ਕਿਉਂਕਿ ਇਹ ਇਕ ਜੁਡੀਸ਼ੀਅਲ ਪ੍ਰਕਿਰਿਆ ਦਾ ਹਿੱਸਾ ਹੋਵੇਗੀ। ਡੀ. ਆਈ. ਜੀ. ਰੈਂਕ ਦਾ ਅਧਿਕਾਰੀ ਅਜਿਹੇ ਮਾਮਲਿਆਂ ਦੀ ਜਾਂਚ ਕਰੇਗਾ। ਅਧਿਕਾਰੀ ਇਹ ਦੇਖੇਗਾ ਕਿ ਕਿਸ ਗੈਂਗਸਟਰ ਵਿਰੁੱਧ ਪਕੋਕਾ ਲਾਇਆ ਜਾ ਸਕੇਗਾ ਅਤੇ ਕਿਸ ਵਿਰੁੱਧ ਨਹੀਂ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ 'ਚ ਚੈੱਕ ਐਂਡ ਬੈਲੇਂਸ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਪਿਛਲੇ ਸਮੇਂ ਤੋਂ ਚਲੇ ਆ ਰਹੇ ਗੈਂਗਸਟਰਾਂ ਦੀਆਂ ਸਰਗਰਮੀਆਂ 'ਤੇ ਪਕੋਕਾ ਦਾ ਸ਼ਿਕੰਜਾ ਲਾਉਣ 'ਚ ਸਫਲਤਾ ਮਿਲੇਗੀ। ਹੁਣ ਤਕ ਗੈਂਗਸਟਰਾਂ ਨੂੰ ਸਿਰਫ ਦੋ ਤੋਂ ਚਾਰ ਫੀਸਦੀ ਕੇਸਾਂ 'ਚ ਹੀ ਸਜ਼ਾ ਹੁੰਦੀ ਹੈ। ਬਾਕੀ ਸਭ ਜ਼ਮਾਨਤ 'ਤੇ ਬਾਹਰ ਆ ਜਾਂਦੇ ਹਨ। ਜੇਲ 'ਚ ਬੈਠੇ ਗੈਂਗਸਟਰਾਂ ਦੀ ਉਨ੍ਹਾਂ ਦੇ ਸਾਥੀ ਮਦਦ ਕਰਦੇ ਹਨ ਅਤੇ ਉਨ੍ਹਾਂ ਦੇ ਸਾਥੀ ਹੀ ਗਵਾਹਾਂ ਨੂੰ ਧਮਕਾਉਂਦੇ ਹਨ ਜਿਸ ਕਾਰਨ ਅਦਾਲਤੀ ਪ੍ਰਕਿਰਿਆ ਦੌਰਾਨ ਗਵਾਹ ਮੁੱਕਰ ਜਾਂਦੇ ਹਨ। ਇਸ ਕਾਰਨ ਗੈਂਗਸਟਰਾਂ ਨੂੰ ਸਜ਼ਾ ਨਹੀਂ ਹੁੰਦੀ ਸੀ। ਹੁਣ ਪਕੋਕਾ ਲੱਗਣ ਨਾਲ ਇਕ ਤਾਂ ਗੈਂਗਸਟਰਾਂ ਨੂੰ ਸਜ਼ਾ ਦਿਵਾਉਣ 'ਚ ਪੁਲਸ ਸਫਲ ਹੋਵੇਗੀ, ਨਾਲ ਹੀ ਪੁਲਸ ਨੂੰ ਵਧੇਰੇ ਸ਼ਕਤੀਆਂ ਵੀ ਮਿਲ ਜਾਣਗੀਆਂ।
ਉਨ੍ਹਾਂ ਕਿਹਾ ਕਿ ਸੂਬੇ 'ਚ ਅਮਨ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਕਿਸੇ ਨੂੰ ਵੀ ਅਮਨ ਕਾਨੂੰਨ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪੁਲਸ ਸੂਬੇ ' ਚ ਅੱਤਵਾਦ ਨੂੰ ਕਿਸੇ ਕੀਮਤ 'ਤੇ ਵੀ ਸਿਰ ਨਹੀਂ ਚੁੱਕਣ ਦੇਵੇਗੀ। ਅੱਤਵਾਦੀ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਆਰ. ਐੱਸ. ਐੱਸ. ਨੇਤਾ ਸਵ. ਜਗਦੀਸ਼ ਗਗਨੇਜਾ ਦੇ ਕਤਲ 'ਤੇ ਡੀ. ਜੀ. ਪੀ. ਨੇ ਕਿਹਾ ਕਿ ਅਜੇ ਜਾਂਚ ਦਾ ਕੰਮ ਚਲ ਰਿਹਾ ਹੈ। ਫਿਲਹਾਲ ਕੋਈ ਸੁਰਾਗ ਨਹੀਂ ਮਿਲਿਆ। ਪੰਜਾਬ ਪੁਲਸ ਵਲੋਂ ਸੀ. ਬੀ. ਆਈ. ਨੂੰ ਜਾਂਚ 'ਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਲੁਧਿਆਣਾ ਕਤਲਕਾਂਡ 'ਚ ਸੂਬਾ ਪੁਲਸ ਐੱਨ. ਆਈ. ਏ. ਨੂੰ ਪੂਰਾ ਸਹਿਯੋਗ ਦੇਵੇਗੀ।
ਬੀ. ਐੱਸ. ਐੱਫ. ਨੇ ਫੜੀ 10 ਕਰੋੜ ਦੀ ਹੈਰੋਇਨ
NEXT STORY