ਮੋਗਾ (ਆਜ਼ਾਦ) - ਡੇਰਾ ਪ੍ਰੇਮੀਆਂ ਵੱਲੋਂ ਵਟਸਐਪ ਅਤੇ ਵੱਖ-ਵੱਖ ਸੋਸ਼ਲ ਸਾਈਟਾਂ 'ਤੇ ਆਪਣੇ ਪਿਛਲੇ ਸੰਘਰਸ਼ਾਂ ਦੀ ਵੀਡੀਓ ਪਾਉਣ ਉਪਰੰਤ ਮੋਗਾ ਪੁਲਸ ਨੇ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ ਅਤੇ ਮੋਗਾ 'ਚ ਵੱਡੀ ਗਿਣਤੀ 'ਚ ਨੀਮ ਸੁਰੱਖਿਆ ਬਲ ਤੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੋਗਾ ਦੇ ਐੱਸ. ਪੀ. ਆਈ. ਵਜ਼ੀਰ ਸਿੰਘ ਨੇ ਦੱਸਿਆ ਕਿ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ 'ਚ ਚੱਲ ਰਹੇ ਮਾਮਲੇ ਦੀ ਸੁਣਵਾਈ 25 ਅਗਸਤ ਨੂੰ ਹੋਣ ਕਾਰਨ ਪੁਲਸ ਵੱਲੋਂ ਜਗ੍ਹਾ-ਜਗ੍ਹਾ 'ਤੇ ਨਾਕੇਬੰਦੀ ਕਰਨ ਤੋਂ ਇਲਾਵਾ ਜ਼ਿਲੇ 'ਚ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਗਾ ਪੁਲਸ ਜਿੱਥੇ ਡੇਰਾ ਪ੍ਰੇਮੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਹੈ, ਉੱਥੇ ਹੀ ਸ਼ੱਕੀ ਵਿਅਕਤੀਆਂ 'ਤੇ ਵੀ ਤਿੱਖੀ ਨਜ਼ਰ ਰੱਖ ਰਹੀ ਹੈ ਤਾਂ ਕਿ ਕੋਈ ਸ਼ਰਾਰਤੀ ਅਨਸਰ ਸ਼ਹਿਰ 'ਚ ਅਮਨ-ਸ਼ਾਂਤੀ ਨੂੰ ਭੰਗ ਨਾ ਕਰ ਸਕੇ। ਸਾਰੇ ਥਾਣਾ ਮੁਖੀਆਂ ਨੂੰ ਜ਼ਿਲਾ ਪੁਲਸ ਮੁਖੀ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਥਾਣਾ ਇਲਾਕਿਆਂ 'ਚ ਅਮਨ-ਕਾਨੂੰਨ ਨੂੰ ਬਿਲਕੁਲ ਕਿਸੇ ਵੀ ਕੀਮਤ 'ਤੇ ਭੰਗ ਨਾ ਹੋਣ ਦੇਣ, ਜੇਕਰ ਕੋਈ ਸ਼ਰਾਰਤੀ ਅਨਸਰ ਕਿਸੇ ਨੂੰ ਭੜਕਾਉਂਦਾ ਹੈ ਜਾਂ ਕਿਸੇ ਸਰਕਾਰੀ ਪ੍ਰਾਪਰਟੀ ਜਾਂ ਆਮ ਆਦਮੀ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ 'ਚ ਰੱਖਦਿਆਂ 7 ਕੰਪਨੀਆਂ, ਜਿਨ੍ਹਾਂ 'ਚ ਆਈ. ਆਰ. ਬੀ. ਅਤੇ ਨੀਮ ਸੁਰੱਖਿਆ ਫੋਰਸਾਂ ਤੋਂ ਇਲਾਵਾ ਪੰਜਾਬ ਪੁਲਸ ਦੇ 300 ਨਵੇਂ ਰੰਗਰੂਟਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਮੋਗਾ ਜ਼ਿਲੇ 'ਚ ਦਿਨ-ਰਾਤ ਪੁਲਸ ਗਸ਼ਤ ਵਧਾਈ ਗਈ ਅਤੇ ਜ਼ਿਲਾ ਪੁਲਸ ਮੁਖੀ ਖੁਦ ਨਾਕਿਆਂ ਦੀ ਚੈਕਿੰਗ ਕਰ ਰਹੇ ਹਨ ਤਾਂ ਕਿ ਕੋਈ ਵੀ ਅਧਿਕਾਰੀ ਅਣਗਹਿਲੀ ਨਾ ਕਰੇ। ਉਹ ਖੁਦ ਵੀ ਜ਼ਿਲੇ ਦੇ ਸਾਰੇ ਥਾਣਾ ਇਲਾਕਿਆਂ ਦੀ ਚੈਕਿੰਗ ਕਰ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
'ਜ਼ਹਿਰੀਲੇ ਜਾਨਵਰ ਦੇ ਡੰਗਣ 'ਤੇ ਮਿਲਦੈ 3 ਲੱਖ ਰੁਪਏ ਦਾ ਮੁਆਵਜ਼ਾ'
NEXT STORY