ਰਪ੍ਰੀਤ ਸਿੰਘ ਕਾਹਲੋਂ
ਮੈਸਾਚੁਸੇਟਸ ਦੇ ਬੋਸਟਨ ਤੋਂ 'ਸਾਡੀ ਲਾਈਫ' ਯੂ ਟਿਊਬ ਚੈਨਲ ਚਲਾਉਂਦੀਆਂ ਨਨਾਣ ਭਰਜਾਈ ਨੇ ਪੰਜਾਬੀ ਦੇ ਲਹਿਜ਼ਿਆਂ ਨੂੰ ਸਮਝਾਉਣ ਲਈ ਵੀਡੀਓ ਪੇਸ਼ ਕੀਤੀ ਹੈ। ਉਨ੍ਹਾਂ ਮੁਤਾਬਕ ਇਸ ਵੀਡੀਓ ਨੂੰ ਉਨ੍ਹਾਂ ਦੇ ਚੈਨਲ ਤੋਂ ਇਲਾਵਾ ਲਗਭਗ ਹੁਣ ਤੱਕ 60 ਤੋਂ ਵੱਧ ਸੋਸ਼ਲ ਸਫਿਆਂ ਨੇ ਆਪੋ ਆਪਣੇ ਮੰਚ 'ਤੇ ਸਾਂਝਾ ਕੀਤਾ ਹੈ। 'ਮਾਝਾ ਬਨਾਮ ਮਾਲਵਾ' ਨਾਮ ਦੀ ਇਸ ਵੀਡੀਓ ਨੂੰ ਹਰ ਪੇਜ ਤੇ ਲੱਖਾਂ ਵਿਚ ਦਰਸ਼ਕਾਂ ਨੇ ਵੇਖਿਆ ਹੈ।
ਰਾਜੀ ਕੌਰ ਦੱਸਦੇ ਹਨ ਕਿ ਉਦਾਹਰਨ ਵਜੋਂ ਪੰਜਾਬੀ ਤੜਕਾ ਸੋਸ਼ਲ ਪੇਜ 'ਤੇ ਇਸ ਵੀਡੀਓ ਦੇ 2 ਮਿਲੀਅਨ ਵਿਊਜ਼ ਹਨ। ਇੰਜ ਹੀ ਕਿਸੇ ਸਫ਼ੇ 'ਤੇ 3 ਮਿਲੀਅਨ, ਕਿਸੇ 'ਤੇ ਹਜ਼ਾਰ, ਕਿਸੇ 'ਤੇ ਲੱਖਾਂ ਵਿਚ ਵਿਊਜ਼ ਆਏ ਹਨ।
ਰਾਜੀ ਕੌਰ (35 ਸਾਲ ਉੱਮਰ ) 2005 ਵਿਚ ਪਟਿਆਲੇ ਤੋਂ ਅਮਰੀਕਾ ਆਪਣੇ ਪਰਿਵਾਰ ਨਾਲ ਆਈ। 15 ਸਾਲਾਂ ਤੋਂ ਅਮਰੀਕਾ ਰਹਿੰਦਿਆਂ ਰਾਜੀ ਕੌਰ ਆਪਣੀ ਗ੍ਰੈਜੂਏਟ ਦੀ ਪੜ੍ਹਾਈ ਦੇ ਨਾਲ ਬਿਊਟੀ ਅਤੇ ਫੈਸ਼ਨ ਇੰਡਸਟਰੀ ਵਿੱਚ ਕਾਰਜਸ਼ੀਲ ਹੈ।
ਵੀਨੂ ਗਿੱਲ (35 ਸਾਲ ਉੱਮਰ ) 1997 ਵਿਚ ਅੰਮ੍ਰਿਤਸਰ ਤੋਂ ਅਮਰੀਕਾ ਆਈ। 23 ਸਾਲਾਂ ਤੋਂ ਅਮਰੀਕਾ ਰਹਿੰਦਿਆਂ ਵੀਨੂ ਗਿੱਲ ਅੱਖਾਂ ਦੀ ਡਾਕਟਰ ਹੈ।
ਭੈਣਾਂ ਰਾਜੀ ਕੌਰ ਅਤੇ ਵੀਨੂ ਗਿੱਲ
ਨਨਾਣ ਭਰਜਾਈ ਦੱਸਦੀਆਂ ਹਨ ਕਿ ਉਹ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਬਾਰੇ ਰਚਨਾਤਮਕ ਵੀਡੀਓ ਬਣਾਕੇ ਡਾਇਸਪੋਰਾ ਵਿਚ ਪੰਜਾਬੀ ਪਛਾਣ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੀਆਂ ਸਨ। ਵੀਨੂ ਖੁਸ਼ੀ ਨਾਲ ਚਹਿਕਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਨ੍ਹਾਂ ਦੀ ਵੀਡੀਓ ਇਕ ਦੋ ਦਿਨਾਂ ਵਿਚ ਹੀ ਇੰਨੀ ਵਾਇਰਲ ਹੋ ਜਾਵੇਗੀ।
'ਸਾਡੀ ਲਾਈਫ' ਯੂਟਿਊਬ ਚੈਨਲ ਨੂੰ ਉਨ੍ਹਾਂ ਨੇ 2018 ਵਿਚ ਸ਼ੁਰੂ ਕੀਤਾ ਸੀ ਪਰ ਇਸ ਦੀਆਂ ਸਰਗਰਮੀਆਂ ਇਸੇ ਸਾਲ ਤੋਂ ਸ਼ੁਰੂ ਕੀਤੀਆਂ ਹਨ। ਇਸ ਚੈਨਲ ਨੂੰ ਸ਼ੁਰੂ ਕਰਨ ਵਿੱਚ ਦੋਵਾਂ ਭੈਣਾਂ ਦੇ ਭਰਾ ਕੁਲਵਿੰਦਰ ਸਿੰਘ,ਅਮਰਪ੍ਰੀਤ ਸਿੰਘ, ਨਵਜੀਤ ਸਿੰਘ ਅਤੇ ਵੀਨੂ ਗਿੱਲ ਦੇ ਪਤੀ ਸਰਬਜੀਤ ਸਿੰਘ ਨੇ ਮਦਦ ਕੀਤੀ ਹੈ।
ਵੀਨੂ ਗਿੱਲ (ਮਾਝਾ)
ਰਾਜੀ ਕੌਰ ਦੱਸਦੇ ਹਨ ਕਿ ਕਿਸੇ ਵੀ ਜ਼ੁਬਾਨ ਦਾ ਲਹਿਜ਼ਾ ਉਸ ਬੋਲੀ ਨੂੰ ਵੰਨ ਸੁਵੰਨਤਾ ਬਖਸ਼ਦਾ ਹੈ। ਇਲਾਕੇ ਦੇ ਹਿਸਾਬ ਨਾਲ ਇਕ ਹੀ ਜ਼ੁਬਾਨ ਦੇ ਕਈ ਕਈ ਲਹਿਜ਼ੇ ਹੁੰਦੇ ਹਨ। ਉਨ੍ਹਾਂ ਨੂੰ ਇਹ ਵਿਚਾਰ ਅੰਗਰੇਜ਼ੀ ਦੇ ਉਚਾਰਨ ਨੂੰ ਲੈਕੇ ਬਣੀ ਅਮਰੀਕਨ ਬਨਾਮ ਇੰਡੀਅਨ ਵੀਡੀਓ ਤੋਂ ਆਇਆ।
ਵੀਨੂ ਗਿੱਲ ਮੁਤਾਬਕ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਦੇ ਹੀ ਪੂਰੀ ਦੁਨੀਆਂ ਵਿਚ ਕਿੰਨੇ ਹੀ ਲਹਿਜ਼ੇ ਹਨ। ਮੀਨੂੰ ਮੁਤਾਬਕ ਮਾਝੇ ਵਿਚ 'ਸ਼ੜਕ-ਅਗਾੜੀ-ਹਾਡਾ' ਮਾਲਵੇ ਵਿੱਚ 'ਸੜਕ-ਅੱਗੇ-ਸਾਡਾ' ਉਚਾਰਿਆ ਜਾਂਦਾ ਹੈ। ਇੰਝ ਦੇ ਅਣਗਿਣਤ ਸ਼ਬਦ ਹਨ, ਜੋ ਇੱਕੋ ਮਾਂ ਬੋਲੀ ਪੰਜਾਬੀ ਦੇ ਮਾਝਾ ਮਾਲਵਾ ਦੁਆਬਾ ਪੁਆਧ ਮੁਲਤਾਨੀ ਪੋਠੋਹਾਰੀ ਡੋਗਰੀ ਦੇ ਹਿਸਾਬ ਨਾਲ ਵੱਖੋ-ਵੱਖਰੇ ਢੰਗ ਨਾਲ ਬੋਲੇ ਜਾਂਦੇ ਹਨ।
ਰਾਜੀ ਕੌਰ (ਮਾਲਵਾ)
ਰਾਜੀ ਕੌਰ ਕਹਿੰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਉਹ ਵੱਖ-ਵੱਖ ਲਹਿਜ਼ਿਆਂ ’ਤੇ ਇੰਝ ਹੀ ਵੀਡੀਓ ਬਣਾਉਣਗੇ। ਇਸ ਤੋਂ ਇਲਾਵਾ ਨਨਾਣ ਭਰਜਾਈ ਦਾ ਵਿਚਾਰ ਹੈ ਕਿ ਉਹ ਮਾਝਾ ਮਾਲਵਾ ਦੁਆਬਾ ਪੁਆਧ ਦੇ ਖਾਣ ਪਾਣ ਨਾਲ ਸਬੰਧਤ ਵੀਡੀਓ ਵੀ ਕਰਨਗੇ। ਵੀਨੂ ਵੀਹ ਨੂੰ ਦੱਸਦੇ ਹਨ ਕਿ ਇਹ ਬਹੁਤ ਦਿਲਚਸਪ ਹੋਵੇਗਾ ਕਿਉਂਕਿ ਜਿਹੜੇ ਪਕਵਾਨ ਮਾਝੇ ਵਿੱਚ ਬਣਦੇ ਹਨ ਉਨ੍ਹਾਂ ਵਿੱਚੋਂ ਕਈ ਪਕਵਾਨ ਮਾਲਵੇ ਜਾਂ ਪੁਆਧ ਵਿੱਚ ਨਹੀਂ ਬਣਦੇ ਅਤੇ ਇੰਝ ਹੀ ਪੁਆਧ ਦੇ ਕਈ ਪਕਵਾਨ ਦੂਜੇ ਖੇਤਰਾਂ ਵਿਚ ਨਹੀਂ ਬਣਦੇ ਹੋਣਗੇ।
ਰਾਜੀ ਵੀਨੂ ਦੀ ਇਹ ਕੋਸ਼ਿਸ਼ ਬਹੁਤ ਦਿਲਚਸਪ ਅਤੇ ਮਹੱਤਵਪੂਰਨ ਹੈ। ਅਜਿਹੀ ਸਿੱਖਣ ਸਿਖਾਉਣ ਦੀ ਪੇਸ਼ਕਾਰੀ ਕਿਸੇ ਵੀ ਤੈਅਸ਼ੁਦਾ ਅਦਾਰੇ ਦੀ ਸਿੱਖਿਆ ਪ੍ਰਣਾਲੀ ਦਾ ਹਿੱਸਾ ਨਹੀਂ ਹੈ। ਇਸ ਤਰ੍ਹਾਂ ਦੇ ਰਚਨਾਤਮਕ ਵਿਸ਼ੇ ਆਮ ਲੋਕਾਂ ਵੱਲੋਂ ਹੀ ਪੇਸ਼ ਕੀਤੇ ਗਏ ਹਨ।
ਰਾਜੀ ਕੌਰ ਅਤੇ ਵੀਨੂੰ ਗਿੱਲ ਆਪਣੇ ਪਰਿਵਾਰ ਨਾਲ
ਪੇਸ਼ੇ ਵਜੋਂ ਅਧਿਆਪਕ ਜਸਦੀਪ ਸਿੰਘ ਇਸ ਨੂੰ ਸੋਹਣਾ ਉਪਰਾਲਾ ਮੰਨਦੇ ਹਨ।ਉਨ੍ਹਾਂ ਮੁਤਾਬਕ ਕਿਸੇ ਵੀ ਬੱਚੇ ਦੇ ਵਿਕਾਸ ਵਿੱਚ ਉਹਦੀ ਮਾਂ ਬੋਲੀ ਅਤੇ ਉਹਦੇ ਆਪਣੇ ਖੇਤਰ ਦੀ ਸਮਾਜਿਕ ਭੂਗੋਲਿਕ ਜਾਣਕਾਰੀ ਜ਼ਰੂਰੀ ਹੁੰਦੀ ਹੈ। ਅਜਿਹੀਆਂ ਰਚਨਾਤਮਕ ਵੀਡੀਓ ਵੇਖਣ ਵਾਲੇ ਨੂੰ ਪੰਜਾਬ ਅਤੇ ਪੰਜਾਬੀ ਜੀਵਨ ਜਾਂਚ ਦੀ ਵੰਨ ਸੁਵੰਨਤਾ ਸਹਿਜੇ ਹੀ ਸਮਝਾ ਜਾਣਗੀਆਂ।
ਰਾਜੀ ਕੌਰ ਅਤੇ ਵੀਨੂ ਗਿੱਲ ਦੀ ਇਸ ਪੇਸ਼ਕਾਰੀ ਨੂੰ ਸੋਸ਼ਲ ਸਾਈਟਾਂ ਤੇ ਭਰਵਾਂ ਹੁੰਗਾਰਾ ਮਿਲਿਆ ਹੈ। ਰਾਜੀ ਵੀਨੂ ਕਹਿੰਦੀਆਂ ਹਨ ਕਿ ਕਰੋਨਾ ਸੰਕਟ ਦੇ ਇਸ ਦੌਰ ਵਿੱਚ ਜਿੱਥੇ ਡਰ ਅਤੇ ਚਿੰਤਾ ਦਾ ਮਾਹੌਲ ਹੈ। ਉੱਥੇ ਅਸੀਂ ਇਸ ਵਿਹਲੇ ਸਮੇਂ ਵਿਚ ਬਹੁਤ ਕੁਝ ਅਜਿਹਾ ਰਚਨਾਤਮਕ ਕਰ ਸਕਦੇ ਹਾਂ ਅਤੇ ਸਿੱਖ ਸਕਦੇ ਹਾਂ।
" ਅਸੀਂ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਬਾਰੇ ਰਚਨਾਤਮਕ ਵੀਡੀਓ ਬਣਾਕੇ ਡਾਇਸਪੋਰਾ ਵਿਚ ਪੰਜਾਬੀ ਪਛਾਣ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੀਆਂ ਹਾਂ।"- ਰਾਜੀ ਕੌਰ ਅਤੇ ਵੀਨੂ ਗਿੱਲ
ਸ੍ਰੀ ਮੁਕਤਸਰ ਸਾਹਿਬ 'ਚ 1 ਹੋਰ ਕੋਰੋਨਾ ਪਾਜ਼ੇਟਿਵ ਕੇਸ ਆਇਆ ਸਾਹਮਣੇ, ਕੁੱਲ ਗਿਣਤੀ ਹੋਈ 66
NEXT STORY