ਜਲੰਧਰ (ਚੋਪੜਾ)– ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ 10 ਜੁਲਾਈ ਨੂੰ ਹੋਈ ਪੋਲਿੰਗ ਤੋਂ ਬਾਅਦ ਈ.ਵੀ.ਐੱਮਜ਼ ’ਚ ਬੰਦ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹ ਜਾਵੇਗਾ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਦਾ ਐਲਾਨ ਕੀਤਾ ਜਾਵੇਗਾ। ਕੋਈ ਇਕ ਖੁਸ਼ਕਿਸਮਤ ਜੇਤੂ ਉਮੀਦਵਾਰ ਹੀ ਇਸ ਹਲਕੇ ਤੋਂ ਵਿਧਾਇਕ ਬਣੇਗਾ।
ਸਥਾਨਕ ਡਿਫੈਂਸ ਕਾਲੋਨੀ ਵਿਚ ਸਥਿਤ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ, ਜਿਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਸਭ ਕੁਝ ਸਹੀ ਰਿਹਾ ਤਾਂ ਚੋਣ ਨਤੀਜੇ ਦਾ ਪਹਿਲਾ ਰੁਝਾਨ 9 ਵਜੇ ਤਕ ਆ ਜਾਵੇਗਾ ਅਤੇ ਦੁਪਹਿਰ 1 ਵੱਜਣ ਤਕ ਨਤੀਜਾ ਕਾਫੀ ਹੱਦ ਤਕ ਸਾਫ਼ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਵੈਸਟ ਹਲਕੇ ਦੇ ਵਿਧਾਇਕ ਅਤੇ ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਸ਼ੀਤਲ ਅੰਗੁਰਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਸੀ। ਹਾਲਾਂਕਿ ਲੋਕ ਸਭਾ ਦੀ ਚੋਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਵਾਪਸ ਲੈਣ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਵੀ ਲਿਖੀ ਪਰ ਉਸ ਤੋਂ ਪਹਿਲਾਂ ਹੀ ਸਪੀਕਰ ਨੇ ਅਸਤੀਫੇ ਨੂੰ ਸਵੀਕਾਰ ਕਰ ਲਿਆ, ਜਿਸ ਉਪਰੰਤ ਚੋਣ ਕਮਿਸ਼ਨ ਨੇ ਦੇਸ਼ ਦੇ ਕਈ ਹੋਰ ਸੂਬਿਆਂ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੇ ਨਾਲ ਹੀ ਵੈਸਟ ਹਲਕੇ ਦੀ ਜ਼ਿਮਨੀ ਚੋਣ ਸਬੰਧੀ 10 ਜੁਲਾਈ ਨੂੰ ਪੋਲਿੰਗ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਰਾਧਿਕਾ-ਅਨੰਤ ਦੇ ਵਿਆਹ 'ਚੋਂ ਝਲਕਦੀ ਹੈ ਅੰਬਾਨੀਆਂ ਦੀ 'ਰਈਸੀ', ਖ਼ਰਚਾ ਐਨਾ ਕਿ ਤੁਹਾਡੇ ਵੀ ਉੱਡ ਜਾਣਗੇ ਹੋਸ਼
ਜ਼ਿਮਨੀ ਚੋਣ ਵਿਚ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਨਗਰ ਨਿਗਮ ਦੀ ਸਾਬਕਾ ਮੇਅਰ ਸੁਰਿੰਦਰ ਕੌਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅਤੇ ਭਾਜਪਾ ਦੇ ਸ਼ੀਤਲ ਅੰਗੁਰਾਲ ਵਿਚਕਾਰ ਦੇਖਣ ਨੂੰ ਮਿਲੇਗਾ। ਇਸ ਤਿਕੋਣੀ ਮੁਕਾਬਲੇ ਵਿਚ ਬਾਜ਼ੀ ਕੌਣ ਮਾਰਦਾ ਹੈ, ਇਸ ਦਾ ਪਤਾ ਭਲਕੇ ਲੱਗੇਗਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਊਂਟਿੰਗ ਟੀਮਾਂ ਬਣਾ ਕੇ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਕਿ ਨਿਰਵਿਘਨ ਵੋਟਾਂ ਦੀ ਗਿਣਤੀ ਨੂੰ ਮੁਕੰਮਲ ਕਰਵਾਇਆ ਜਾ ਸਕੇ। ਕਾਊਂਟਿੰਗ ਸੈਂਟਰ ਦੀ ਸੁਰੱਖਿਆ ਦਾ ਸਾਰਾ ਜ਼ਿੰਮਾ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰ, ਕੇਂਦਰੀ ਸੁਰੱਖਿਆ ਫੋਰਸ ਅਤੇ ਪੰਜਾਬ ਪੁਲਸ ਦੇ ਜਵਾਨਾਂ ਦੇ ਹੱਥਾਂ ਵਿਚ ਹੈ, ਜਿਹੜੇ ਕਿ ਪੋਲਿੰਗ ਉਪਰੰਤ ਖਾਲਸਾ ਕਾਲਜ ਵਿਚ ਹੀ ਬਣਾਏ ਸਟ੍ਰਾਂਗ ਰੂਮ ਵਿਚ ਈ.ਵੀ. ਐੱਮਜ਼ ਦੀ ਸੁਰੱਖਿਆ ਵਿਚ ਦਿਨ-ਰਾਤ ਜੁਟੇ ਹੋਏ ਹਨ। ਭਲਕੇ ਜਨਤਾ ਦੇ ਫੈਸਲੇ ਅਤੇ ਦਿਲਚਸਪ ਰਹਿਣ ਵਾਲੇ ਚੋਣ ਨਤੀਜੇ ਵਿਚ ਸਿਆਸੀ ਪਾਰਟੀਆਂ ਦੇ ਆਗੂਆਂ, ਉਮੀਦਵਾਰਾਂ ਅਤੇ ਸਮਰਥਕਾਂ ਲਈ ਕਿਤੇ ਖੁਸ਼ੀ ਕਿਤੇ ਗਮ ਦੀ ਸਥਿਤੀ ਦੇਖਣ ਨੂੰ ਮਿਲੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੀਟਰ ਰੀਡਰਾਂ ਪਾਸੋਂ ਰਿਸ਼ਵਤ ਲੈਣ ਵਾਲੇ ਨਿੱਜੀ ਕੰਪਨੀ ਦੇ ਸੁਪਰਵਾਈਜ਼ਰ ਖ਼ਿਲਾਫ਼ ਵਿਭਾਗ ਦੀ ਸਖ਼ਤ ਕਾਰਵਾਈ
NEXT STORY