ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਵਲੋਂ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਸੰਮਨ ਕੀਤੇ ਜਾਣ 'ਤੇ 'ਆਪ' ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਵਲੋਂ ਖਹਿਰਾ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਖਹਿਰਾ ਨੂੰ ਸੱਤਾ ਧਿਰ ਵਲੋਂ ਰਾਜਨੀਤਕ ਰੰਜਿਸ਼ ਕਾਰਨ ਇਸ ਮਾਮਲੇ ਵਿਚ ਉਲਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਕਿਉਂਕਿ ਖਹਿਰਾ ਲਗਾਤਾਰ ਉਨ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰ ਰਹੇ ਹਨ। ਹਾਲਾਂਕਿ ਖਹਿਰਾ ਦਾ ਸਮਰਥਨ ਕਰਨ ਵਾਲੇ ਵਿਧਾਇਕਾਂ ਦੀ ਪਾਰਟੀ ਵਲੋਂ ਭੇਜੀ ਗਈ ਸੂਚੀ ਵਿਚ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਤੇ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਨਾਮ ਸ਼ਾਮਲ ਨਹੀਂ ਹਨ।
ਪਾਰਟੀ ਦੇ ਅੰਦਰ ਹੀ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਦੂਸਰੀ ਧਿਰ ਵੀ ਆਵਾਜ਼ ਬੁਲੰਦ ਕਰਨ ਲੱਗੀ ਹੈ। ਪਾਰਟੀ ਦੇ ਸਾਬਕਾ ਐਕਸ ਸਰਵਿਸਮੈਨ ਵਿੰਗ ਦੇ ਕਨਵੀਨਰ ਕੈਪਟਨ ਬਿਕਰਮਜੀਤ ਸਿੰਘ ਪਹੁਵਿੰਡੀਆ ਤੇ ਪਾਰਟੀ ਦੇ ਜਨਰਲ ਸੈਕਟਰੀ ਭੁਪਿੰਦਰ ਸਿੰਘ ਗੋਰਾ ਨੇ ਕਿਹਾ ਹੈ ਕਿ ਖਹਿਰਾ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਮੁਤਾਬਿਕ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪਹੁਵਿੰਡੀਆ ਨੇ ਕਿਹਾ ਕਿ ਜਦ ਸੁੱਚਾ ਸਿੰਘ ਲੰਗਾਹ ਨੂੰ ਇਕ ਮਾਮੂਲੀ ਜਿਹੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਹਟਾਇਆ ਜਾ ਸਕਦਾ ਹੈ ਤਾਂ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਲੱਗਿਆ ਦੋਸ਼ ਤਾਂ ਬਹੁਤ ਗੰਭੀਰ ਹੈ ਤੇ ਅਦਾਲਤ ਵਲੋਂ ਸੰਮਨ ਵੀ ਜਾਰੀ ਕੀਤਾ ਗਿਆ ਹੈ। ਪਹੁਵਿੰਡੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਚੋਣਾਂ ਵਿਚ ਸਭ ਤੋਂ ਵੱਡਾ ਮੁੱਦਾ ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਸੀ ਤੇ ਉਸੇ ਵਰਗੇ ਮਾਮਲੇ ਵਿਚ ਖਹਿਰਾ ਨੂੰ ਸੰਮਨ ਹੋਇਆ ਹੈ, ਜੋ ਗੰਭੀਰ ਹੈ। ਉਥੇ ਹੀ ਭੁਪਿੰਦਰ ਸਿੰਘ ਗੋਰਾ ਨੇ ਕਿਹਾ ਕਿ ਇਹ ਨੈਤਿਕਤਾ ਦਾ ਮਾਮਲਾ ਹੈ।
ਦੂਜੇ ਪਾਸੇ ਇਕ ਸੰਯੁਕਤ ਬਿਆਨ ਵਿਚ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਨੂੰ ਉਨ੍ਹਾਂ ਵਲੋਂ ਪਿਛਲੇ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬ ਵਿਚ ਭ੍ਰਿਸ਼ਟਾਚਾਰ, ਬੇਇਨਸਾਫ਼ੀ ਤੇ ਅਲੱਗ-ਅਲੱਗ ਤਰ੍ਹਾਂ ਦੇ ਮਾਫੀਆ ਨਾਲ ਲੜਾਈ ਦਾ ਕਾਰਨ ਦੱਸਿਆ ਹੈ। ਵਿਧਾਇਕਾਂ ਨੇ ਕਿਹਾ ਕਿ ਅਜਿਹੀ ਹੀ ਰਾਜਨੀਤਕ ਰੰਜਿਸ਼ ਕਾਰਨ ਖਹਿਰਾ ਦੇ ਖਿਲਾਫ਼ ਦਰਜ ਹੋਈਆਂ 6 ਐੱਫ. ਆਈ. ਆਰ. ਝੂਠੀਆਂ ਸਾਬਿਤ ਹੋ ਚੁੱਕੀਆਂ ਹਨ ਤੇ ਇਸੇ ਮਾਮਲੇ ਦਾ ਵੀ ਇਹੀ ਹਾਲ ਹੋਵੇਗਾ।
'ਆਪ' ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਦੇ ਤੌਰ 'ਤੇ ਖਹਿਰਾ ਦੇ ਅਸਤੀਫ਼ੇ ਦੀ ਮੰਗ ਕਰਨ ਵਾਲੇ ਸੁਖਬੀਰ ਬਾਦਲ ਤੇ ਦੂਸਰੇ ਕਾਂਗਰਸੀ ਨੇਤਾਵਾਂ ਦੀ ਨਿੰਦਾ ਕੀਤੀ। ਉਨ੍ਹਾਂ ਹੈਰਾਨੀ ਜਤਾਈ ਕਿ ਇਹ ਨੇਤਾ ਖਹਿਰਾ ਦੇ ਅਸਤੀਫ਼ੇ ਦੀ ਕਿਹੜੇ ਮੂੰਹ ਨਾਲ ਮੰਗ ਕਰ ਰਹੇ ਹਨ, ਜਦਕਿ ਸੁਖਬੀਰ ਬਾਦਲ ਕੋਟਕਪੂਰਾ ਦੇ ਇਕ ਫੋਟੋਗ੍ਰਾਫ਼ਰ ਨੂੰ ਕੁੱਟਣ ਦੇ ਮਾਮਲੇ ਵਿਚ ਧਾਰਾ 307 ਦੇ ਅਧੀਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ 2 ਗੰਭੀਰ ਮਾਮਲੇ ਚੱਲ ਰਹੇ ਹਨ।
ਕਰਜ਼ੇ ਕਾਰਨ ਪ੍ਰੇਸ਼ਾਨ ਕਿਸਾਨ ਦੀ ਫਿਰਨੀ ਤੋਂ ਮਿਲੀ ਲਾਸ਼
NEXT STORY