ਬਰਨਾਲਾ (ਵਿਵੇਕ ਸਿੰਧਵਾਨੀ): ਪੀ.ਆਰ.ਟੀ.ਸੀ. ਤੋਂ ਬਰਖਾਸਤ ਕੰਡਕਟਰ ਕੁਲਦੀਪ ਸਿੰਘ ਅੱਜ ਪੀ. ਆਰ. ਟੀ. ਸੀ. ਦੇ ਦਫਤਰ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ ਅਤੇ ਇਨਸਾਫ ਨਾ ਮਿਲਣ ’ਤੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਫੋਰਸ ਵੀ ਮੌਕੇ ’ਤੇ ਪੁੱਜ ਗਈ ਅਤੇ ਕੰਡਕਟਰ ਕੁਲਦੀਪ ਸਿੰਘ ਨੂੰ ਟੈਂਕੀ ਤੋਂ ਉਤਾਰਨ ਦਾ ਯਤਨ ਕਰਨ ਲੱਗੀ।
2 ਸਾਲ ਹੋ ਗਏ ਧੱਕੇ ਖਾਂਦੇ ਨੂੰ
ਗੱਲਬਾਤ ਕਰਦੇ ਕੰਡਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਮੈਨੂੰ ਦੋ ਸਾਲ ਪਹਿਲਾਂ ਟਿਕਟ ਕੱਟਣ ਵਾਲੀਆਂ ਮਸ਼ੀਨਾਂ ਚੋਰੀ ਹੋਣ ਦੇ ਦੋਸ਼ ’ਚ ਬਰਖ਼ਾਸਤ ਕੀਤਾ ਗਿਆ ਸੀ ਪਰ ਜਾਂਚ ’ਚ ਮੈਂ ਇਸ ਮਾਮਲੇ ’ਚ ਬੇਗੁਨਾਹ ਸਾਬਿਤ ਹੋਇਆ ਸੀ। ਇਸ ਮਾਮਲੇ ’ਚ ਦੋ ਕਰਮਚਾਰੀ ਦੋਸ਼ੀ ਪਾਏ ਗਏ ਸਨ ਪਰ ਸਾਰੀ ਗਾਜ ਮੇਰੇ ਉਪਰ ਡੇਗ ਦਿੱਤੀ ਗਈ । ਜਾਂਚ ’ਚੋਂ ਦੋਸ਼ ਸਾਬਿਤ ਨਾ ਹੋਣ ਦੇ ਬਾਵਜੂਦ ਵੀ ਮੈਨੂੰ ਨੌਕਰੀ ’ਤੇ ਨਹੀਂ ਰੱਖਿਆ ਗਿਆ। ਮਹਿੰਗਾਈ ਦੇ ਯੁੱਗ ’ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ ਮੈਂ ਨੌਕਰੀ ਦੌਰਾਨ ਹੈਂਡੀਕੈਪਟ ਵੀ ਹੋ ਗਿਆ ਸੀ। ਹਾਦਸੇ ’ਚ ਮੇਰੀ ਲੱਤ ਕੱਟੀ ਗਈ ਸੀ।
ਪ੍ਰਸ਼ਾਸਨ ਨੂੰ ਮੰਤਰੀ ਦੇ ਹੁਕਮਾਂ ਦੀ ਵੀ ਨਹੀਂ ਹੈ ਪ੍ਰਵਾਹ
ਕੁਲਦੀਪ ਸਿੰਘ ਨੇ ਕਿਹਾ ਕਿ ਮੈਂ ਇਹ ਮਾਮਲਾ ਕੈਬਨਿਟ ਮੰਤਰੀ ਵੀ ਉਠਾਇਆ ਸੀ। ਬਰਨਾਲਾ ਦੌਰੇ ਦੌਰਾਨ ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਇਸ ਮਾਮਲੇ ਦੀ ਜਾਂਚ ’ਚ 15 ਦਿਨਾਂ ਦੇ ਵਿਚ-ਵਿਚ ਕਰ ਕੇ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਨੇ ਐੱਸ.ਐੱਸ.ਪੀ. ਬਰਨਾਲਾ ਨੂੰ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ । 15 ਦਿਨ ਬੀਤਣ ਦੇ ਬਾਵਜੂਦ ਵੀ ਇਨਸਾਫ ਨਹੀਂ ਮਿਲਿਆ। ਜਿਸ ਤੋਂ ਦੁਖੀ ਹੋ ਕੇ ਅੱਜ ਮੈਂ ਪਾਣੀ ਦੀ ਟੈਂਕੀ ’ਤੇ ਚੜ੍ਹਿਆ ਹਾਂ। ਹੁਣ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਮੈਂ ਪਾਣੀ ਦੀ ਟੈਂਕੀ ’ਤੇ ਚੜ੍ਹਿਆ ਰਹਾਂਗਾ ਅਤੇ ਹੱਥੀਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂਗਾ।
ਜਨਰਲ ਮੈਨੇਜਰ ਅਨੁਸਾਰ ਜਾਂਚ ਪਹਿਲਾਂ ਹੀ ਪਟਿਆਲਾ ਵਿਖੇ ਚੱਲ ਰਹੀ ਸੀ : ਐੱਸ.ਐੱਸ.ਪੀ.
ਐੱਸ. ਐੱਸ. ਪੀ. ਅਲਕਾ ਮੀਨਾ ਨੇ ਕਿਹਾ ਕਿ ਮੈਂ ਇਸ ਸਬੰਧ ’ਚ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਨੂੰ ਬੁਲਾਇਆ ਸੀ ਅਤੇ ਉਨ੍ਹਾਂ ਦੱਸਿਆ ਸੀ ਕਿ ਇਸ ਸਬੰਧੀ ਜਾਂਚ ਪਹਿਲਾਂ ਹੀ ਉਨ੍ਹਾਂ ਦੇ ਹੈੱਡ ਆਫਿਸ ਪਟਿਆਲਾ ਵਿਖੇ ਚੱਲ ਰਹੀ ਹੈ, ਉਥੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਪੁਲਸ ਨੂੰ ਦੱਸ ਦਿੱਤਾ ਜਾਵੇਗਾ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕਰਵਾ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਮੇਰੇ ਵੱਲੋਂ ਕੈਬਨਿਟ ਮੰਤਰੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ।
ਪੰਜਾਬ ਵਿਧਾਨ ਸਭਾ ਤੋਂ ਲਾਈਵ ਹੋਏ CM ਚੰਨੀ, BSF ਮੁੱਦੇ 'ਤੇ ਕਹੀ ਵੱਡੀ ਗੱਲ
NEXT STORY