ਮੋਗਾ (ਗੋਪੀ ਰਾਊਕੇ) - ਇਕ ਪਾਸੇ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਜ਼ਮੀਨੀ ਹਕੀਕਤ ਨੇ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਾਣਕਾਰੀ ’ਚ ਪਤਾ ਲੱਗਾ ਹੈ ਕਿ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਸ਼ਹਿਰ ਦੇ ਮੁੱਖ ਟਿਊਬਵੈੱਲਾਂ ਤੋਂ ਸਪਲਾਈ ਹੁੰਦੇ ਪਾਣੀ ’ਚ ਕਲੋਰੀਨ ਪਾਉਣ ਲਈ ਸਮੁੱਚੇ ਸ਼ਹਿਰ ਦੀਆਂ 37 ਥਾਵਾਂ ’ਤੇ ਡੋਜ਼ਰ ਲਾਏ ਗਏ ਹਨ, ਜਿਨ੍ਹਾਂ ’ਚੋਂ 11 ਡੋਜ਼ਰ ਪਿਛਲੇ ਕਈ ਦਿਨਾਂ ਤੋਂ ਬੰਦ ਪਏ ਹਨ, ਜਿਸ ਕਰ ਕੇ ਸ਼ਹਿਰ ਵਾਸੀਆਂ ਨੂੰ ਸਹੀ ਪਾਣੀ ਨਹੀਂ ਮਿਲ ਰਿਹਾ ਹੈ। ਖਰਾਬ ਪਏ ਡੋਜ਼ਰਾਂ ਸਬੰਧੀ ਨਿਗਮ ਅਧਿਕਾਰੀਆਂ ਨੂੰ ਸਭ ਪਤਾ ਹੋਣ ਦੇ ਬਾਵਜੂੁਦ ਇਨ੍ਹਾਂ ਨੂੰ ਠੀਕ ਕਰਵਾਉਣ ਵੱਲ ਹਾਲੇ ਤੱਕ ਧਿਆਨ ਨਹੀਂ ਦਿੱਤਾ, ਜਿਸ ਕਰ ਕੇ ਸ਼ਹਿਰ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ।
‘ਜਗ ਬਾਣੀ’ ਵੱਲੋਂ ਇਸ ਸਬੰਧੀ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ ਵਿਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਨਿਗਮ ਵੱਲੋਂ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਟੈਂਕੀਆਂ ਤੋਂ ਪਾਣੀ ਦੀ ਸਪਲਾਈ ਬੰਦ ਕਰ ਕੇ ਸਿੱਧੀ ਸਪਲਾਈ ਹੀ ਘਰਾਂ ਤੱਕ ਪੁੱਜਦੀ ਕਰਨੀ ਸ਼ੁਰੂੁ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਇਮਾਰਤਾਂ ਤਾਂ ਖੰਡਰ ਬਣ ਹੀ ਰਹੀਆਂ ਹਨ ਸਗੋਂ ਇਨ੍ਹਾਂ ਜਲਘਰਾਂ ’ਚ ਲੱਗਾ ਆਧੁਨਿਕ ਸਾਮਾਨ ਵੀ ਖਰਾਬ ਹੋ ਰਿਹਾ ਹੈ। ਸ਼ਹਿਰ ’ਚ ਸਿਰਫ ਬੇਅੰਤ ਨਗਰ ਅਤੇ ਟਾਊਨ ਹਾਲ ਕਲੱਬ ਵਿਖੇ ਬਣੀ ਟੈਂਕੀ ਤੋਂ ਹੀ ਪਾਣੀ ਦੀ ਸਪਲਾਈ ਹੁੰਦੀ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਨਿਗਮ ਵੱਲੋਂ ਤਾਂ ਭਾਵੇਂ ਟਿਉੂਬਵੈੱਲਾਂ ਤੋਂ ਜਿਹਡ਼ਾ ਪਾਣੀ ਸਪਲਾਈ ਕੀਤਾ ਜਾਂਦਾ ਹੈ, ਉਹ ਪੂਰੀ ਤਰ੍ਹਾਂ ਕਲੋਰੀਨ ਯੁਕਤ ਹੁੰਦਾ ਹੈ ਪਰ ਕੁੱਝ ਕੁ ਇਲਾਕੇ ਅਜਿਹੇ ਹਨ, ਜਿਨ੍ਹਾਂ ’ਚੋਂ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਹੀ ਨਵੇਂ ਕੁਨੈਕਸ਼ਨ ਜੋਡ਼ ਲਏ ਜਾਂਦੇ ਹਨ ਅਤੇ ਕਈ ਵਾਰ ਜਦੋਂ ਇਹ ਜੋਡ਼ ਸਹੀ ਤਰੀਕੇ ਨਾਲ ਨਹੀਂ ਲੱਗਦਾ ਤਾਂ ਪਾਣੀ ਦੀ ਲੀਕੇਜ ਦੂਸ਼ਿਤ ਪਾਣੀ ਦਾ ਸਬੱਬ ਬਣਦੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਭਲਕੇ ਡੀ. ਸੀ. ਦਫਤਰਾਂ ਮੂਹਰੇ ਧਰਨੇ ਦੇਣ ਦਾ ਐਲਾਨ
NEXT STORY