ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਕੋਲ ਰੰਜਿਸ਼ ਦੇ ਚੱਲਦਿਆਂ ਹਥਿਆਰਾਂ ਨਾਲ ਲੈਸ ਦੋ ਧਿਰਾਂ ਵੱਲੋਂ ਆਪਸ ਵਿਚ ਭਿੜਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੇ ਇਕ ਦੂਜੇ ’ਤੇ ਮੋਟਰਸਾਈਕਲਾਂ ਅਤੇ ਸਕੂਟਰੀਆਂ ਦੀ ਭੰਨਤੋੜ ਕੀਤੀ। ਇਸ ਲੜਾਈ ਝਗੜੇ ਵਿਚ ਦੋ ਧਿਰਾਂ ਦੇ ਤਿੰਨ ਜ਼ਖਮੀ ਹੋ ਗਏ। ਪੁਲਸ ਨੇ ਦੋਹਾਂ ਧਿਰਾਂ ਦੇ ਕਥਿਤ ਦੋਸ਼ੀਆਂ ਬਲਕਾਰ ਸਿੰਘ ਉਰਫ ਬਲਕਾਰਾ, ਹਰਮਨਜੋਤ ਸਿੰਘ ਉਰਫ ਲੱਕੀ, ਸੰਜੀਵ ਕੁਮਾਰ, ਗੱਜਾ ਸਿੰਘ, ਸਰਬਜੀਤ ਸਿੰਘ ਉਰਫ ਸੱਭਾ, ਸਵਰਨਾ ਸਿੰਘ ਸਾਰੇ ਨਿਵਾਸੀ ਪਿੰਡ ਢੁੱਡੀਕੇ ਅਤੇ 10-12 ਹਥਿਆਰਬੰਦ ਵਿਅਕਤੀਆਂ ਖ਼ਿਲਾਫ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਦੂਜੀ ਧਿਰ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ, ਲਵਪ੍ਰੀਤ ਸਿੰਘ ਲਵਲੀ, ਅਮਰਜੀਤ ਸਿੰਘ ਗੋਗੀ ਸਾਰੇ ਨਿਵਾਸੀ ਪਿੰਡ ਤਖਾਣਵੱਧ, ਲਵਪ੍ਰੀਤ ਸਿੰਘ ਉਰਫ ਲੱਭਾ ਨਿਵਾਸੀ ਪਿੰਡ ਚੂਹੜਚੱਕ, ਜਸਵੀਰ ਸਿੰਘ ਉਰਫ ਗੱਲਾ ਨਿਵਾਸੀ ਪਿੰਡ ਤਖਾਣਵੱਧ, ਬਾਲਾ, ਸੁਖਚੈਨ ਸਿੰਘ ਨਿਵਾਸੀ ਪਿੰਡ ਡਾਲਾ, ਟਾਟਾ ਨਿਵਾਸੀ ਪਿੰਡ ਮੱਦੋਕੇ, ਬੋਬੀ ਉਰਫ ਸੁਖਚੈਨ ਸਿੰਘ ਨਿਵਾਸੀ ਪਿੰਡ ਢੁੱਡੀਕੇ ਅਤੇ 10-12 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖਿਲਾਫ਼ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਵਿਚਕਾਰ ਰੰਜਿਸ਼ ਚੱਲਦੀ ਆ ਰਹੀ ਹੈ, ਜਿਸ ਕਾਰਨ ਦੋਹਾਂ ਧਿਰਾਂ ਨੇ ਤਖਾਣਵੱਧ ਸੂਏ ’ਤੇ ਇਕ ਦੂਜੇ ਨੂੰ ਵੇਖਣ ਲਈ ਕਿਹਾ ਅਤੇ ਦੋਵੇਂ ਧਿਰਾਂ ਹਥਿਆਰਾਂ ਨਾਲ ਲੈਸ ਹੋ ਕੇ ਉਥੇ ਪੁੱਜੀਆਂ, ਜਿਸ ’ਤੇ ਲੋਕਾਂ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਹਥਿਆਰਬੰਦ ਵਿਅਕਤੀ ਇਕ-ਦੂਜੇ ਨਾਲ ਲੜਾਈ ਝਗੜਾ ਕਰ ਰਹੇ ਹਨ, ਜਿਸ ਨਾਲ ਆਮ ਲੋਕਾਂ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਰਸਤਾ ਰੋਕਿਆ ਹੋਇਆ ਹੈ।
ਇਕ ਦੂਜੇ ਦੇ ਵਾਹਨਾਂ ਦੀ ਵੀ ਭੰਨ-ਤੋੜ ਕਰ ਰਹੇ ਹਨ। ਇਸ ਤਰ੍ਹਾਂ ਉਹ ਮਾਣਯੋਗ ਡਿਪਟੀ ਕਮਿਸ਼ਨਰ ਮੋਗਾ ਦੇ ਆਦੇਸ਼ਾਂ ਦੀ ਉਲੰਘਣਾ ਵੀ ਕਰ ਰਹੇ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਲੜਾਈ ਝਗੜੇ ਵਿਚ ਹਰਮਨਜੋਤ ਲੱਕੀ, ਸਵਰਨਾ ਅਤੇ ਜਸਵੀਰ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਪੁਲਸ ਨੇ ਦੋ ਸਕੂਟਰੀਆਂ ਅਤੇ ਮੋਟਰਸਾਈਕਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ 'ਚ ਅਕਾਲੀ ਆਗੂ ਹੈਰੋਇਨ ਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ
NEXT STORY