ਜਲੰਧਰ (ਪੁਨੀਤ) – ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦਾ ਮਿਜਾਜ਼ ਅਚਾਨਕ ਬਦਲ ਰਿਹਾ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ ਯੈਲੋ ਅਲਰਟ ਹੁਣ ਹੋਰ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਔਰੇਂਜ ਅਲਰਟ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 2 ਦਿਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਧੂੜ ਭਰੀ ਹਨ੍ਹੇਰੀ ਅਤੇ ਤੇਜ਼ ਹਵਾਵਾਂ ਚੱਲਣਗੀਆਂ।
ਮਾਹਿਰਾਂ ਅਨੁਸਾਰ ਇਹ ਪਰਿਵਰਤਨ ਹਰਿਆਣਾ-ਪੰਜਾਬ ਖੇਤਰ ਵਿਚ ਬਣੇ ਚੱਕਰਵਾਤੀ ਦਬਾਅ ਕਾਰਨ ਹੋ ਰਿਹਾ ਹੈ। ਲੁਧਿਆਣਾ, ਜਲੰਧਰ, ਪਟਿਆਲਾ, ਬਠਿੰਡਾ, ਫਿਰੋਜ਼ਪੁਰ ਸਮੇਤ ਕਈ ਜ਼ਿਲਿਆਂ ਵਿਚ ਇਸਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਤੇਜ਼ ਹਵਾਵਾਂ ਨਾਲ ਧੂੜ ਉੱਡਣ ਨਾਲ ਵਿਜ਼ੀਬਿਲਿਟੀ ਘੱਟ ਹੋ ਸਕਦੀ ਹੈ।
ਉਥੇ ਹੀ, ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 42.8 ਡਿਗਰੀ ਸੈਲਸੀਅਸ ਨਾਲ ਪੰਜਾਬ ਵਿਚ ਬਠਿੰਡਾ ਸਭ ਤੋਂ ਗਰਮ ਸ਼ਹਿਰ ਰਿਹਾ। ਅੱਜ ਸਵੇਰ ਤੋਂ ਸ਼ੁਰੂ ਹੋਈਆਂ ਹਵਾਵਾਂ ਦਾ ਸਿਲਸਿਲਾ ਦੇਰ ਰਾਤ ਤਕ ਜਾਰੀ ਰਿਹਾ, ਜਿਸ ਨਾਲ ਤਾਪਮਾਨ ਵਿਚ ਹਲਕੀ ਗਿਰਾਵਟ ਦਰਜ ਹੋਈ ਪਰ ਗਰਮੀ ਦਾ ਪ੍ਰਭਾਵ ਜਾਰੀ ਹੈ। ਅੰਮ੍ਰਿਤਸਰ, ਪਠਾਨਕੋਟ ਅਤੇ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਵੱਖ-ਵੱਖ ਜ਼ਿਲਿਆਂ ਵਿਚ ਤੇਜ਼ ਹਵਾਵਾਂ ਕਾਰਨ ਤਾਪਮਾਨ ਵਿਚ 2-3 ਡਿਗਰੀ ਤਕ ਦੀ ਗਿਰਾਵਟ ਦੇਖਣ ਨੂੰ ਮਿਲੀ।
ਬੱਦਲਾਂ ਕਾਰਨ ਤਿੱਖੀ ਧੁੱਪ ਤੋਂ ਰਿਹਾ ਬਚਾਅ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਅੱਜ ਹਲਕੇ ਬੱਦਲ ਛਾਏ ਰਹੇ, ਜਿਸ ਕਾਰਨ ਤਿੱਖੀ ਧੁੱਪ ਤੋਂ ਬਚਾਅ ਰਿਹਾ। ਦੁਪਹਿਰ ਸਮੇਂ ਵਿਚ-ਵਿਚ ਬੱਦਲ ਹਟਣ ਤੋਂ ਬਾਅਦ ਧੁੱਪ ਵਿਚ ਖੜ੍ਹਨਾ ਵੀ ਮੁਸ਼ਕਲ ਹੋ ਰਿਹਾ ਸੀ ਪਰ ਸੂਰਜ ਦੇ ਬੱਦਲਾਂ ਪਿੱਛੇ ਜਾਣ ਨਾਲ ਰਾਹਤ ਮਿਲ ਰਹੀ ਸੀ। ਅਗਲੇ 1-2 ਦਿਨ ਵੀ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 68 ਵਾਹਨਾਂ ਦੇ ਕੱਟੇ ਈ-ਚਲਾਨ
NEXT STORY