ਜਲੰਧਰ (ਪੁਨੀਤ)– ਪਹਾੜਾਂ ਵਿਚ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ’ਤੇ ਵੀ ਪੈਣ ਲੱਗਾ ਹੈ, ਜਿਸ ਨਾਲ ਮੌਸਮ ਕਰਵਟ ਬਦਲਣ ਲੱਗਾ ਹੈ। ਇਸੇ ਸਿਲਸਿਲੇ ਵਿਚ ਮਹਾਨਗਰ ਜਲੰਧਰ ਵਿਚ ਬੀਤੇ ਦਿਨ ਮੀਂਹ ਦੇ ਨਾਲ ਗੜੇ ਪੈਣ ਕਰ ਕੇ ਤਾਪਮਾਨ ਵਿਚ ਅਚਾਨਕ 6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਹਵਾਵਾਂ ਵਿਚ ਠੰਢਕ ਪਰਤ ਆਈ ਹੈ।
ਮੌਸਮ ਬੁੱਧਵਾਰ ਰਾਤ ਨੂੰ ਹੀ ਬਦਲਣ ਲੱਗਾ ਸੀ ਅਤੇ ਮੀਂਹ ਨੇ ਦਸਤਕ ਦੇ ਦਿੱਤੀ ਸੀ ਪਰ ਸਵੇਰੇ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਰੁਕ-ਰੁਕ ਕੇ ਮੀਂਹ ਪੈਣ ਦਾ ਸਿਲਸਿਲਾ ਦੇਰ ਰਾਤ ਤਕ ਜਾਰੀ ਰਿਹਾ। ਦੁਪਹਿਰ 3 ਵਜੇ ਤਕ ਸੂਰਜ ਦੀ ਲੁਕਣਮੀਟੀ ਦੇਖਣ ਨੂੰ ਮਿਲ ਰਹੀ ਸੀ, ਜਿਸ ਤੋਂ ਅਜਿਹਾ ਜਾਪ ਰਿਹਾ ਸੀ ਕਿ ਧੁੱਪ ਨਿਕਲਣ ਦੇ ਆਸਾਰ ਹਨ ਪਰ ਬਾਅਦ ਦੁਪਹਿਰ 3 ਵਜੇ ਤੇਜ਼ ਮੀਂਹ ਨੇ ਦਸਤਕ ਦੇ ਦਿੱਤੀ।

ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲਿਆਂ ਵਿਚ ਯੈਲੋ ਅਲਰਟ ਦੱਸਿਆ ਗਿਆ ਹੈ। ਮਹਾਨਗਰ ਜਲੰਧਰ ਵੀ ਯੈਲੋ ਅਲਰਟ ਜ਼ੋਨ ਵਿਚ ਆ ਰਿਹਾ ਹੈ। ਤਾਪਮਾਨ ਮੁਤਾਬਕ ਅੱਜ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਦੇ ਲੱਗਭਗ ਰਿਕਾਰਡ ਹੋਇਆ, ਜੋ ਕਿ 6 ਡਿਗਰੀ ਦੀ ਗਿਰਾਵਟ ਦੱਸ ਰਿਹਾ ਹੈ। ਪੰਜਾਬ ਵਿਚ ਸਭ ਤੋਂ ਵੱਧ ਤਾਪਮਾਨ 25.1 ਡਿਗਰੀ ਬਠਿੰਡਾ 'ਚ ਰਿਕਾਰਡ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ ਵਿਚ ਵੀ ਬਠਿੰਡਾ ਹੀ ਰਿਹਾ, ਜੋ ਕਿ 10.2 ਡਿਗਰੀ ਸੈਲਸੀਅਸ ਰਿਕਾਰਡ ਹੋਇਆ।
ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮ ਬਣ ਬੰਦਾ ਕਰ ਗਿਆ ਵੱਡਾ ਕਾਂਡ, ਸੁਣ ਤੁਹਾਨੂੰ ਵੀ ਨਹੀਂ ਹੋਣਾ ਯਕੀਨ
ਮੀਂਹ ਅਤੇ ਠੰਢ ਵਧਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਹੋਈਆਂ। ਸਵੇਰ ਤੋਂ ਹੀ ਤੇਜ਼ ਠੰਢੀਆਂ ਹਵਾਵਾਂ ਅਤੇ ਮੀਂਹ ਕਾਰਨ ਵਿਦਿਆਰਥੀ ਰੇਨਕੋਟ ਪਹਿਨੀ ਨਜ਼ਰ ਆਏ ਅਤੇ ਕਈਆਂ ਨੇ ਅੱਜ ਸਕੂਲ ਤੋਂ ਛੁੱਟੀ ਲੈ ਲਈ।
ਠੰਢ ਕਾਰਨ ਕੱਢਣੇ ਪਏ ਗਰਮ ਕੱਪੜੇ
ਪਿਛਲੇ ਕੁਝ ਦਿਨਾਂ ਤੋਂ ਗਰਮੀ ਲਗਾਤਾਰ ਵਧ ਰਹੀ ਸੀ, ਜਿਸ ਕਾਰਨ ਲੋਕਾਂ ਨੇ ਗਰਮ ਕੱਪੜੇ ਸੰਭਾਲਣੇ ਵੀ ਸ਼ੁਰੂ ਕਰ ਦਿੱਤੇ ਸਨ ਪਰ ਗੜੇ ਪੈਣ ਤੋਂ ਬਾਅਦ ਠੰਢ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਗਰਮ ਕੱਪੜੇ ਕੱਢਣੇ ਸ਼ੁਰੂ ਕਰ ਦਿੱਤੇ। ਸ਼ਾਮ ਤੋਂ ਬਾਅਦ ਲੋਕਾਂ ਨੂੰ ਜੈਕਟ ਆਦਿ ਪਹਿਨੀ ਦੇਖਿਆ ਗਿਆ। ਅਗਲੇ ਕੁਝ ਦਿਨ ਵੀ ਠੰਢਕ ਜਾਰੀ ਰਹਿਣ ਦੇ ਆਸਾਰ ਹਨ। ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਸਰਦੀ ਇਕ ਵਾਰ ਫਿਰ ਮੁੜ ਆਉਂਦੀ ਹੈ ਅਤੇ ਲੋਕਾਂ ਨੂੰ ਸੰਭਾਲੇ ਗਏ ਗਰਮ ਕੱਪੜੇ ਕੱਢਣੇ ਪੈਂਦੇ ਹਨ।

ਅਗਲੇ 48 ਘੰਟਿਆਂ ’ਚ ਮੌਸਮ ਦਾ ਅਨੁਮਾਨ
ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟਿਆਂ ਵਿਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਹਨ। ਕੁਝ ਇਲਾਕਿਆਂ ਵਿਚ ਤੇਜ਼ ਹਵਾਵਾਂ ਨਾਲ ਗੜੇ ਵੀ ਪੈ ਸਕਦੇ ਹਨ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫਸਲ ਨੂੰ ਮੀਂਹ ਅਤੇ ਗੜਿਆਂ ਤੋਂ ਬਚਾਉਣ ਲਈ ਸੁਰੱਖਿਆ ਉਪਾਅ ਅਪਣਾਓ।
ਇਹ ਵੀ ਪੜ੍ਹੋ- 'ਮੀਂਹ' ਦੇ ਪਾਣੀ ਨੇ ਖਾ ਲਿਆ ਮਾਪਿਆਂ ਦਾ ਪੁੱਤ, ਤੁਰੇ ਜਾਂਦੇ ਨੂੰ ਆ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰੀ ਸਕੂਲ ’ਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ
NEXT STORY