ਚੰਡੀਗੜ੍ਹ/ਜਲੰਧਰ/ਮੱਲਾਂਪੁਰ (ਅੰਕੁਰ, ਧਵਨ, ਕਾਲੀਆ)- ਪੰਜਾਬ ਵਿਜੀਲੈਂਸ ਬਿਊਰੋ ਨੇ ਜਗਤ ਰਾਮ, ਵਾਸੀ ਮੁੱਲਾਂਪੁਰ ਦਾਖਾ, ਜ਼ਿਲ੍ਹਾ ਲੁਧਿਆਣਾ ਨੂੰ ਸਰਕਾਰੀ ਅਧਿਕਾਰੀ ਬਣ ਕੇ 42.60 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਵੀਰਵਾਰ ਨੂੰ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਕੇਸ ਸ਼ਿਕਾਇਤਕਰਤਾ ਰਾਕੇਸ਼ ਸਚਦੇਵਾ, ਵਾਸੀ ਐੱਸ.ਬੀ.ਐੱਸ. ਨਗਰ, ਪੱਖੋਵਾਲ ਰੋਡ, ਲੁਧਿਆਣਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਭੇਜੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਜਗਤ ਰਾਮ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐੱਲ.ਆਈ.ਟੀ.) ਕੋਲ ਉਸ ਦੇ ਲੰਬਿਤ ਪਏ ਇਤਰਾਜ਼ਹੀਣਤਾ ਸਰਟੀਫਿਕੇਟ (ਐੱਨ.ਓ.ਸੀ.) ਦਿਵਾਉਣ ਲਈ ਉਸ ਕੋਲੋਂ 42.60 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਸ਼ਿਕਾਇਤ ਅਨੁਸਾਰ ਰਾਕੇਸ਼ ਸਚਦੇਵਾ ਲੁਧਿਆਣਾ ਦੀ ਏ.ਸੀ. ਮਾਰਕੀਟ ’ਚ ਕੱਪੜੇ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਸਾਲ 2017, 2019 ਤੇ 2022 ’ਚ ਐੱਲ.ਆਈ.ਟੀ. ਦੀ ਐੱਲ.ਡੀ.ਪੀ. ਸਕੀਮ ਤਹਿਤ 3 ਜਾਇਦਾਦਾਂ ਖਰੀਦੀਆਂ ਸਨ। ਉਸ ਨੇ ਜਾਇਦਾਦਾਂ ਨੂੰ ਆਪਣੇ ਨਾਂ ’ਤੇ ਤਬਦੀਲ ਕਰਨ ਲਈ ਐੱਨ.ਓ.ਸੀ. ਪ੍ਰਾਪਤ ਕਰਨ ਵਾਸਤੇ ਐੱਲ.ਆਈ.ਟੀ. ਨੂੰ ਸਾਰੇ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਸਨ ਪਰ ਉਸ ਦੇ ਬਾਵਜੂਦ ਵੀ ਉਸ ਨੂੰ ਕੋਈ ਸਰਟੀਫੀਕੇਟ ਨਹੀਂ ਮਿਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਘਟਨਾ ; ਭਾਰੀ ਬਾਰਿਸ਼ ਮਗਰੋਂ ਡਿੱਗ ਗਈ ਅਸਮਾਨੀ ਬਿਜਲੀ
ਇਸੇ ਦੌਰਾਨ ਉਹ ਜਗਤ ਰਾਮ ਨੂੰ ਮਿਲਿਆ ਜਿਸ ਨੇ ਖੁਦ ਨੂੰ ਐੱਲ.ਆਈ.ਟੀ. ਦੇ ਇਕ ਕਰਮਚਾਰੀ ਵਜੋਂ ਪੇਸ਼ ਕੀਤਾ ਤੇ ਚੰਡੀਗੜ੍ਹ ’ਚ ਇਕ ਸੀਨੀਅਰ ਅਧਿਕਾਰੀ ਦਾ ਨਿੱਜੀ ਸਕੱਤਰ ਹੋਣ ਦਾ ਦਾਅਵਾ ਕੀਤਾ। ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਕਿ ਉਹ ਐੱਨ.ਓ.ਸੀ. ਦਾ ਪ੍ਰਬੰਧ ਕਰ ਸਕਦਾ ਹੈ ਪਰ ਬਦਲੇ ’ਚ ਉਸ ਨੇ ਰਿਸ਼ਵਤ ਦੀ ਮੰਗ ਕੀਤੀ।
ਸਚਦੇਵਾ ਨੇ ਅੱਗੇ ਦੱਸਿਆ ਕਿ ਜਗਤ ਰਾਮ ਨੇ ਉਸ ਤੋਂ ਦੋ ਸਾਲਾਂ ਦੌਰਾਨ ਕਿਸ਼ਤਾਂ ’ਚ ਕੁੱਲ 42.60 ਲੱਖ ਰੁਪਏ ਰਿਸ਼ਵਤ ਲਈ ਪਰ ਕੀਤੇ ਵਾਅਦੇ ਅਨੁਸਾਰ ਕੋਈ ਵੀ ਐੱਨ.ਓ.ਸੀ. ਉਪਲੱਬਧ ਨਹੀਂ ਕਰਵਾਇਆ। ਅੰਤ ’ਚ ਉਸ ਨੂੰ ਪਤਾ ਲੱਗਾ ਕਿ ਜਗਤ ਰਾਮ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਦਾ ਕਰਮਚਾਰੀ ਨਹੀਂ ਸਗੋਂ ਇਕ ਆਮ ਵਿਅਕਤੀ ਹੈ, ਜੋ ਚੰਡੀਗੜ੍ਹ ’ਚ ਤਾਇਨਾਤ ਸੀਨੀਅਰ ਅਧਿਕਾਰੀ ਤੇ ਐੱਲ.ਆਈ.ਟੀ. ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਂ ’ਤੇ ਰਿਸ਼ਵਤ ਲੈ ਰਿਹਾ ਹੈ। ਇਕ ਦੋਸਤ ਦੀ ਮਦਦ ਨਾਲ ਸ਼ਿਕਾਇਤਕਰਤਾ ਨੇ ਜਗਤ ਰਾਮ ਨਾਲ ਕੀਤੀ ਗੱਲਬਾਤ ਰਿਕਾਰਡ ਕਰ ਲਈ ਜਿਸ ’ਚ ਉਸ ਨੇ 37 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਧੀ ਰਾਤੀਂ ਪੰਜਾਬ 'ਚ ਲਾਈਸੈਂਸੀ ਰਿਵਾਲਵਰ ਨਾਲ ਚੱਲ ਗਈ ਗੋਲ਼ੀ
NEXT STORY