ਚੰਡੀਗੜ੍ਹ (ਬਿਊਰੋ) : ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖਾਨਗੀ ਤਕਸੀਮ ਕਰਨ ਦੀ ਪ੍ਰਕਿਰਿਆ ਨੂੰ ਅਸਰਦਾਰ ਅਤੇ ਪ੍ਰਭਾਵੀ ਬਣਾਉਣ ਲਈ ਇਕ ਵੈੱਬਸਾਈਟ ਸ਼ੁਰੂ ਕਰ ਦਿੱਤੀ ਹੈ, ਜਿਸ ਰਾਹੀਂ ਕੋਈ ਵੀ ਖੇਵਟਦਾਰ ਆਪਣੀ ਸਾਂਝੀ ਖੇਵਟ ਸਬੰਧੀ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਤਿਆਰ ਤਕਸੀਮ ਦਾ ਦਸਤਾਵੇਜ ਸ਼ਾਮਲ ਕਰਕੇ ਦਰਖਾਸਤ ਵੈੱਬਸਾਈਟ ’ਤੇ ਅੱਪਲੋਡ ਕਰ ਸਕਦਾ ਹੈ। ਇਸ ਵੈੱਬਸਾਈਟ ਦੀ ਸ਼ੁਰੂਆਤ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ। ਵੈੱਬਸਾਈਟ ਦੇ ਸ਼ੁਰੂ ਹੋਣ ਤੋਂ ਬਾਅਦ ਤਕਸੀਮ ਦੇ ਫਾਇਦਿਆਂ ਬਾਬਤ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਨਾਲ ਨਿਸ਼ਾਨਦੇਹੀ ਕਰਵਾਉਣੀ ਸੁਖਾਲੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਹਿਮਾਚਲ ਚੋਣਾਂ ਦਾ ਐਲਾਨ ਹੁੰਦਿਆਂ ਹੀ ‘ਆਪ’ ਨੇ ਮੰਤਰੀ ਹਰਜੋਤ ਬੈਂਸ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਜ਼ਮੀਨ ਦੀ ਖਰੀਦ-ਫਰੋਖਤ ’ਚ ਆਸਾਨੀ ਹੋਵੇਗੀ। ਵੱਖਰੇ ਖਾਤੇ ਹੋਣ ਨਾਲ ਆਪਸੀ ਝਗੜਿਆ ’ਚ ਕਮੀ ਆਵੇਗੀ। ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਲੈਣਾ ਆਸਾਨ ਹੋਵੇਗਾ। ਇਸ ਤੋਂ ਇਲਾਵਾ ਜਮ੍ਹਾਬੰਦੀ ਦੀ ਨਕਲ ਸਸਤੀ ਪ੍ਰਾਪਤ ਕੀਤੀ ਜਾ ਸਕੇਗੀ। ਹਿੱਸੇਦਾਰਾਂ ਦੇ ਨਾਂ ਦਰਜ ਰਹਿਣ ਨਾਲ ਅਦਾਲਤਾਂ ਦੇ ਹੁਕਮਾਂ ਤੋਂ ਨਿਜਾਤ ਮਿਲੇਗੀ। ਮਾਲ ਮੰਤਰੀ ਨੇ ਦੱਸਿਆ ਕਿ ਜ਼ਮੀਨ ਦਾ ਮਾਲਕ ਆਪਣੀ ਖਾਨਗੀ ਤਕਸੀਮ ਸਬੰਧੀ ਅਰਜ਼ੀ ਵੈੱਬਸਾਈਟ https://eservices.punjab.gov.in ਉਪਰ ਦਰਜ ਕਰ ਸਕਦਾ ਹੈ ਅਤੇ ਆਪਣੀ ਅਰਜ਼ੀ ਦੀ ਸਥਿਤੀ ਵੀ ਜਾਣ ਸਕਦਾ ਹੈ। ਦਰਖਾਸਤਕਰਤਾ ਇਸ ਵੈੱਬਸਾਈਟ ’ਤੇ ਆਪਣਾ ਨਾਂ, ਪਿਤਾ/ਪਤੀ ਦਾ ਨਾਂ, ਪਿੰਡ ਦਾ ਨਾਂ, ਸਬ-ਤਹਿਸੀਲ/ਤਹਿਸੀਲ, ਜ਼ਿਲ੍ਹਾ, ਖਾਤਾ ਅਤੇ ਖੇਵਟ ਨੰਬਰ ਦੇ ਵੇਰਵਿਆਂ ਸਮੇਤ ਅਰਜ਼ੀ ਦੇ ਕੇ ਅਪਲਾਈ ਕਰ ਸਕਦੇ ਹਨ। ਬਿਨੈਕਾਰ ਨੂੰ ਜ਼ਮੀਨ ਦੇ ਸਾਰੇ ਹਿੱਸੇਦਾਰਾਂ ਵੱਲੋਂ ਦਸਤਖਤ ਕੀਤਾ ਪ੍ਰਸਤਾਵਿਤ ਵੰਡ ਦਾ ਇਕ ਮੈਮੋਰੰਡਮ ਅਤੇ ਜ਼ਮੀਨ ਦੀ ਵੰਡ ਨੂੰ ਦਰਸਾਉਂਦਾ ਫੀਲਡ ਮੈਪ ਵੀ ਦੇਣਾ ਹੋਵੇਗਾ।
ਇਸ ਤੋਂ ਬਾਅਦ ਸਬੰਧਤ ਸਰਕਲ ਮਾਲ ਅਫ਼ਸਰ ਵੱਲੋਂ ਕਾਰਵਾਈ ਕਰਨ ਉਪਰੰਤ ਇਹ ਆਨਲਾਈਨ ਅਰਜ਼ੀਆਂ ਕਾਨੂੰਨਗੋ ਇੰਚਾਰਜ ਅਤੇ ਫਿਰ ਸਬੰਧਤ ਪਟਵਾਰੀ ਨੂੰ ਭੇਜੀਆਂ ਜਾਣਗੀਆਂ। ਮਾਲ ਰਿਕਾਰਡ ਨਾਲ ਮੈਮੋਰੰਡਮ ਦੇ ਸਾਰੇ ਤੱਥਾਂ ਦੀ ਤਸਦੀਕ ਕਰਨ ਤੋਂ ਬਾਅਦ ਪਟਵਾਰੀ ਸਬੰਧਿਤ ਧਿਰਾਂ ਨੂੰ ਕਾਰਵਾਈ ਲਈ ਨਿੱਜੀ ਤੌਰ ’ਤੇ ਹਾਜ਼ਰ ਹੋਣ ਅਤੇ ਇੰਤਕਾਲ ਦਰਜ ਕਰਨ ਲਈ ਬੁਲਾਵੇਗਾ। ਇੰਤਕਾਲ ਦਰਜ ਕਰਨ ਤੋਂ ਬਾਅਦ ਸਬੰਧਤ ਪਟਵਾਰੀ ਇਸ ਨੂੰ ਤਸਦੀਕ ਲਈ ਕਾਨੂੰਨਗੋ ਕੋਲ ਪੇਸ਼ ਕਰਨਗੇ ਅਤੇ ਫਿਰ ਅੰਤਿਮ ਹੁਕਮਾਂ ਲਈ ਸਬੰਧਤ ਸੀ.ਆਰ.ਓ. (ਸਹਾਇਕ ਕੁਲੈਕਟਰ ਗ੍ਰੇਡ-2) ਅੱਗੇ ਪੇਸ਼ ਕਰਨਗੇ । ਇੰਤਕਾਲ ਦੀ ਤਸਦੀਕ ਕਰਨ ਤੋਂ ਬਾਅਦ ਹਰੇਕ ਅਰਜ਼ੀ ਲਈ ਵੈੱਬਸਾਈਟ ’ਤੇ ਸੰਖੇਪ ਆਰਡਰ ਦਰਜ ਕੀਤਾ ਜਾਵੇਗਾ। ਵੈੱਬਸਾਈਟ ਦੀ ਵਰਤੋਂ ਕਰਨ ਸਬੰਧੀ ਸਾਰੀ ਪ੍ਰਕਿਰਿਆ ਵੈੱਬਸਾਈਟ ’ਤੇ ਵੀ ਅੱਪਲੋਡ ਕੀਤੀ ਗਈ ਹੈ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਇਸ ਸੇਵਾ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਗੁੰਝਲਦਾਰ ਹੋ ਚੁੱਕੇ ਮਾਲ ਰਿਕਾਰਡ ਨੂੰ ਵੀ ਸਰਲ ਕੀਤਾ ਜਾ ਸਕੇਗਾ।
'ਖੇਡਾਂ ਵਤਨ ਪੰਜਾਬ ਦੀਆਂ' ਦੇ ਸੂਬਾ ਪੱਧਰੀ ਮੁਕਾਬਲਿਆਂ ਦਾ ਮੀਤ ਹੇਅਰ ਵਲੋਂ ਬਰਨਾਲਾ 'ਚ ਆਗਾਜ਼
NEXT STORY