ਮਲੋਟ (ਜੱਜ) - ਬੀਤੇ ਦਿਨੀਂ ਟਾਟਾ ਨਗਰ ਝਾਰਖੰਡ 'ਚ ਕੌਮੀ ਪੱਧਰ 'ਤੇ ਹੋਈ ਫਸਟ ਈਸਟ ਏ. ਆਈ. ਕੈਂਪ ਕਰਾਟੇ ਚੈਂਪੀਅਨਸ਼ਿਪ 'ਚ ਪੰਜਾਬ ਵੱਲੋਂ ਭਾਗ ਲੈਣ ਪਹੁੰਚੇ ਮਲੋਟ ਦੇ ਪੰਜ ਖਿਡਾਰੀਆਂ ਨੇ ਦੋ ਸੋਨੇ, ਦੋ ਸਿਲਵਰ ਅਤੇ 1 ਤਾਂਬੇ ਦਾ ਮੈਡਲ ਜਿੱਤ ਕੇ ਮਲੋਟ ਸ਼ਹਿਰ ਅਤੇ ਮਾਪਿਆਂ ਦਾ ਨਾਂ ਵੱਡੇ ਪੱਧਰ 'ਤੇ ਰੌਸ਼ਨ ਕੀਤਾ ਹੈ। ਗੋਜੋਰਿਊ ਕਰਾਟੇ ਫ਼ੈੱਡਰੇਸ਼ਨ ਪੰਜਾਬ ਦੇ ਚੀਫ਼ ਇੰਸਟਰਕਟਰ ਅਤੇ ਕੋਚ ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ ਵੱਡੀ ਪ੍ਰਾਪਤੀ ਹਾਸਿਲ ਕਰਨ ਉਪਰੰਤ ਮਲੋਟ ਪਹੁੰਚਣ 'ਤੇ ਇਨ੍ਹਾਂ ਖਿਡਾਰੀਆਂ ਦਾ ਵੱਖ-ਵੱਖ ਆਗੂਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਕੋਚ ਗੁਰਮੀਤ ਸਿੰਘ ਨੇ ਦੱਸਿਆ ਕਿ ਝਾਰਖੰਡ 'ਚ ਹੋਈ ਉਕਤ ਚੈਂਪੀਅਨਸ਼ਿਪ 'ਚ ਵੱਖ-ਵੱਖ 9 ਸੂਬਿਆਂ ਦੇ 550 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਪੰਜਾਬ ਦੀ ਟੀਮ ਵੱਲੋਂ ਭਾਗ ਲੈਣ ਵਾਲੇ ਮਲੋਟ ਦੇ ਪੰਜ ਖਿਡਾਰੀਆਂ ਚੋਂ ਅਮਰਜੀਤ ਸਿੰਘ ਨੇ ਸੋਨ ਮੈਡਲ, ਲਖਵੀਰ ਕੌਰ ਨੇ ਸੋਨ ਮੈਡਲ, ਕਰਨਦੀਪ ਸਿੰਘ ਨੇ ਸਿਲਵਰ ਮੈਡਲ, ਨੈਨਸੀ ਨੇ ਸਿਲਵਰ ਮੈਡਲ ਅਤੇ ਜਸਵਿੰਦਰ ਸਿੰਘ ਨੇ ਤਾਂਬੇ ਦਾ ਮੈਡਲ ਜਿੱਤ ਕੇ ਮਲੋਟ ਸ਼ਹਿਰ ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ।
ਇਨ੍ਹਾਂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਪਹੁੰਚੇ ਕੈਂਟਰ ਯੂਨੀਅਨ ਦੇ ਪ੍ਰਧਾਨ ਬਲੌਰ ਸਿੰਘ ਜੰਗੀਰਾਣਾ ਨੇ ਕਿਹਾ ਕਿ ਖਾਸ ਕਰ ਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕਰਾਟੇ ਇਕ ਬਹੁਤ ਹੀ ਵਧੀਆ ਖੇਡ ਹੈ ਅਤੇ ਮਲੋਟ ਦੇ ਇਨ੍ਹਾਂ ਖਿਡਾਰੀਆਂ ਨੇ ਕੌਮੀ ਪੱਧਰ 'ਤੇ ਸ਼ਹਿਰ ਦਾ ਨਾਂ ਰੌਸ਼ਨ ਕਰ ਕੇ ਇਹ ਸਾਬਿਤ ਕਰ ਦਿੱਤਾ ਕਿ ਮਲੋਟ ਦੇ ਖਿਡਾਰੀ ਕਿਸੇ ਨਾਲੋਂ ਘੱਟ ਨਹੀਂ ਹਨ। ਖੁਸ਼ੀ ਪ੍ਰਗਟ ਕਰਦਿਆਂ ਉਕਤ ਖਿਡਾਰੀਆਂ ਨੇ ਕਿਹਾ ਕਿ ਮਾਪਿਆਂ ਵੱਲੋਂ ਮਿਲੀ ਹੱਲਾ ਸ਼ੇਰੀ ਅਤੇ ਕੋਚ ਗੁਰਮੀਤ ਸਿੰਘ ਦੀ ਮਿਹਨਤ ਸਦਕਾ ਹੀ ਉਨ੍ਹਾਂ ਇਹ ਸ਼ਾਨਦਾਰ ਪ੍ਰਾਪਤੀ ਹਾਸਿਲ ਕੀਤੀ ਹੈ। ਇਨ੍ਹਾਂ ਖਿਡਾਰੀਆਂ ਦਾ ਸਵਾਗਤ ਕਰਨ ਲਈ ਕਾਂਗਰਸੀ ਆਗੂ ਸ਼ਿਵ ਕੁਮਾਰ ਸ਼ਿਵਾ, ਡਾ. ਪੀ. ਐੱਸ. ਬਾਠ, ਪਵਨ ਕੁਮਾਰ, ਮਨਪ੍ਰੀਤ ਪਾਲ ਸਿੰਘ, ਚੇਤਨ ਭੂਰਾ, ਰਾਜੇਸ਼ ਧਵਨ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਔਰਤ ਖਿਲਾਫ ਮਾਮਲਾ ਦਰਜ
NEXT STORY